ਲੰਡਨ – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਮੀਰ ਫਲਸਫਾ ਦੁਨੀਆ ਦੀ ਅਗਵਾਈ ਕਰਨ ਦੇ ਸਮਰਥ ਹੈ। ਉਨਾਂ ਨੌਜਵਾਨ ਪੀੜੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਣ ਤੋਂ ਇਲਾਵਾ ਆਪਣੇ ਸ਼ਾਨਾਮਤੇ ਇਤਿਹਾਸ ਨੂੰ ਗੈਰ ਸਿਖਾਂ ਵਿਚ ਵੀ ਉਜਾਗਰ ਕਰਨ ਦੀ ਅਪੀਲ ਕੀਤੀ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਥੇ ਇੰਗਲੈਡ ਦੇ ੫ ਰੋਜਾ ਦੌਰੇ ਦੌਰਾਨ ਅਜ ਆਖਰੀ ਦਿਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਦੀ ਸੰਗਤਾਂ ਮੌਜੂਦਗੀ ਵਿਚ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਜਾਣਕਾਰੀ ‘ਚ ਇਸ ਮੌਕੇ ਗੁਰਮਤਿ ਵਿਚਾਰਾਂ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਥ ‘ਚ ਦੁਬਿਧਾ ਪਾਉਣ ਵਾਲਿਆਂ ਦੋਖੀਆਂ ਅਤੇ ਪੰਥ ਵਿਰੋਧੀ ਤਾਕਤਾਂ ਨੂੰ ਮਾਤ ਦੇਣ ਲਈ ਸੰਗਤ ਨੂੰ ਗੁਰੂ ਨੂੰ ਸਮਰਪਿਤ ਹੋਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਇਕਤਰ ਹੋਣ ਦੀ ਅਪੀਲ ਕੀਤੀ। ਉਨਾਂ ਗੁਰਮਤਿ ਵਿਚਾਰਧਾਰਾ ਨੂੰ ਵਿਸ਼ਵ ਪਧਰ ‘ਤੇ ਫੈਲਾਉਣ ਦੀ ਲੋੜ ‘ਤੇ ਜੋਰ ਦਿੰਦਿਆਂ ਕਿਹਾ ਕਿ ਗੁਰਮਤਿ ਕਿਸੇ ਨਾਲ ਨਫਰਤ ਦੀ ਥਾਂ ਲੁੱਟ ਦੇ ਖਿਲਾਫ ਹੈ, ਪੂੰਜੀਪਤੀਆਂ ਦਾ ਜਿਥੇ ਸਤਿਕਾਰ ਹੈ ਉਥੇ ਗਰੀਬ ਦੀ ਮਦਦ ਦਾ ਫਸਲਫਾ ਪੇਸ਼ ਕਰਦਾ ਹੈ। ਉਨਾਂ ਗੈਰ ਸਿਖਾਂ ‘ਚ ਗੁਰਮਤਿ ਗਿਆਨ ਵੰਡਣ ਲਈ ਗੁਰਦੁਆਰਾ ਕਮੇਟੀਆਂ, ਸਿਖ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਅਗੇ ਆਉਣ ਦਾ ਸੱਦਾ ਦਿਤਾ। ਗਿਆਨੀ ਹਰਪ੍ਰੀਤ ਸਿੰਘ ਉਹ ਪਹਿਲੇ ਜਥੇਦਾਰ ਹਨ ਜਿਨਾਂ ਦੀ ਸ਼ਖਸੀਅਤ ਅਤੇ ਬੇਬਾਕ ਬੋਲਾਂ ਨੇ ਇੰਗਲੈਡ ਦੀਆਂ ਸੰਗਤਾਂ ਨੂੰ ਇਕ ਦਮਦਾਰ ਅਤੇ ਸੂਝਵਾਨ ਜਥੇਦਾਰ ਵਜੋਂ ਬਹੁਤ ਪ੍ਰਭਾਵਿਤ ਕੀਤਾ। ਜਿਸ ਕਾਰਨ ਉਨਾਂ ਨੂੰ ਸਮੂਹ ਸੰਗਤ ਵਲੋਂ ਅਥਾਹ ਪਿਆਰ ਤੇ ਸਤਿਕਾਰ ਦਿਤਾ ਗਿਆ। ਉਹ ਵਖ ਵਖ ਗੁਰਦੁਆਰਿਆਂ ‘ਚ ਜਾ ਕੇ ਸੰਗਤ ਨਾਲ ਗੁਰਮਤਿ ਅਤੇ ਇਤਿਹਾਸ ਦੀ ਸਾਂਝ ਪਾਉਦੇ ਰਹੇ ਅਤੇ ਸੰਗਤ ‘ਚ ਖੜੀ ਕੀਤੀ ਗਈ ਦੁਬਿਧਾ ਤੇ ਕਈ ਪ੍ਰਕਾਰ ਦੇ ਸ਼ੰਕੇ ਦੂਰ ਕਰਦੇ ਰਹੇ। ਉਨਾਂ ਸਾਰੀ ਕੌਮ ਨੂੰ ਮਰਯਾਦਾ ‘ਤੇ ਪਹਿਰਾ ਦੇਣ ਅਤੇ ਸਿਖੀ ਪਰੰਪਰਾਵਾਂ ਨੂੰ ਮਜਬੂਤੀ ਪ੍ਰਦਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗੁਰਦੁਆਰਾ ਸਾਊਥ ਹਾਲ ਦੇ ਪ੍ਰਧਾਨ ਗੁਰਮੇਲ ਸਿੰਘ ਮਲੀ, ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਪ੍ਰਮਜੀਤ ਸਿੰਘ ਢਾਡੀ, ਰਣਧੀਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਰੰਧਾਵਾ, ਹਰਜੀਤ ਸਿੰਘ ਵਡਫੋਰਡ, ਕੁਲਵੰਤ ਸਿੰਘ ਭਿੰਡਰ ਨੇ ਸਮੂਹ ਗੁਰਦੁਆਰਾ ਕਮੇਟੀਆਂ ਅਤੇਸਿਖ ਜਥੇਬੰਦੀਆਂ ਵਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਨਮਾਨਿਤ ਕੀਤਾ
ਗੁਰਮਤਿ ਫਲਸਫਾ ਦੁਨੀਆ ਦੀ ਅਗਵਾਈ ਕਰਨ ਦੇ ਸਮਰਥ: ਜਥੇਦਾਰ ਹਰਪ੍ਰੀਤ ਸਿੰਘ
This entry was posted in ਅੰਤਰਰਾਸ਼ਟਰੀ.