ਇਸਲਾਮਾਬਾਦ – ਲਾਹੌਰ ਹਾਈਕੋਰਟ ਨੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੂੰ ਬਹੁਤ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਖਾਰਿਜ਼ ਕਰ ਦਿੱਤਾ ਹੈ।ਉਚ ਅਦਾਲਤ ਨੇ ਜਨਰਲ ਮੁਸ਼ਰੱਫ਼ ਤੇ ਕੀਤੇ ਗਏ ਦੇਸ਼ਧਰੋਹ ਦੇ ਕੇਸ ਦੀ ਸੁਣਵਾਈ ਦੇ ਲਈ ਗਠਿਤ ਸਪੈਸ਼ਲ ਕੋਰਟ ਨੂੰ ਵੀ ਗੈਰਕਾਨੂੰਨੀ ਕਰਾਰ ਦੇ ਦਿੱਤਾ ਹੈ। ਉਹ ਮਾਰਚ 2016 ਵਿੱਚ ਪਾਕਿਸਤਾਨ ਛੱਡ ਕੇ ਵਿਦੇਸ਼ ਚਲੇ ਗਏ ਸਨ। ਇਸ ਸਮੇਂ ਉਹ ਇੱਕ ਗੰਭੀਰ ਬਿਮਾਰੀ ਨਾਲ ਪੀੜਤ ਹਨ ਅਤੇ ਦੁਬੱਈ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ।
ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਬੀਤੇ 17 ਦਸੰਬਰ ਨੂੰ ਸਾਬਕਾ ਰਾਸ਼ਟਰਪਤੀ ਮੁਸ਼ਰੱਫ਼ ਦੇ ਖਿਲਾਫ਼ ਚਲ ਰਹੇ ਦੇਸ਼ਧਰੋਹ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਉਪਰ ਇਹ ਕੇਸ ਨਵਾਜ਼ ਸ਼ਰੀਫ਼ ਦੀ ਸਰਕਾਰ ਨੇ 2013 ਵਿੱਚ ਦਰਜ਼ ਕਰਵਾਇਆ ਸੀ। ਲਾਹੌਰ ਹਾਈਕੋਰਟ ਦੇ ਜਸਟਿਸ ਸਈਅਦ ਮਜ਼ਹਰ ਅਲੀ ਅਕਬਰ ਨਕਵੀ, ਜਸਟਿਸ ਚੌਧਰੀ ਮਸੂਦ ਜਹਾਂਗੀ ਅਤੇ ਜਸਟਿਸ ਮੁਹੰਮਦ ਅਮੀਰ ਭੱਟੀ ਦੇ ਬੈਂਚ ਨੇ ਆਪਸੀ ਸਹਿਮੱਤੀ ਨਾਲ ਜਨਰਲ ਮੁਸ਼ਰੱਫ਼ ਦੇ ਖਿਲਾਫ਼ ਇਸ ਕੇਸ ਦੀ ਸੁਣਵਾਈ ਦੇ ਲਈ ਗਠਿਤ ਸਪੈਸ਼ਲ ਕੋਰਟ ਨੂੰ ਇਲਲੀਗਲ ਕਰਾਰ ਦਿੱਤਾ ਹੈ। ਹਾਈ ਕੋਰਟ ਦੇ ਇਸ ਫੈਂਸਲੇ ਨਾਲ ਸਪੈਸ਼ਲ ਕੋਰਟ ਦਾ ਨਿਰਣਾ ਬੇਅਸਰ ਹੋ ਗਿਆ ਹੈ।