ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੁੱਝ ਫ਼ਿਰਕਾਪ੍ਰਸਤ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ, ਬੇਬੇ ਨਾਨਕੀ ਜੀ, ਭਾਈ ਮਰਦਾਨਾ ਜੀ ਪ੍ਰਤੀ ਭੱਦੀ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਧਰਮ ਪਤਨੀ ਪ੍ਰਤੀ ਵਰਤੀ ਗਈ ਅਸ਼ਲੀਲ ਤੇ ਨਾ ਕਾਬਲੇ ਬਰਦਾਸ਼ਤ ਸ਼ਬਦਾਵਲੀ ਪ੍ਰਤੀ ਸਖ਼ਤ ਨੋਟਿਸ ਲੈਂਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਕਾਰਵਾਈ ਕਰਨ ਲਈ ਪੁਲੀਸ ਪ੍ਰਸ਼ਾਸਨ ਨੂੰ ਕਿਹਾ ਹੈ।
ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਪ੍ਰੋ: ਸਰਚਾਂਦ ਸਿੰਘ ਦੇ ਆਧਾਰਤ ਇਕ ਵਫ਼ਦ ਵੱਲੋਂ ਸ਼ਹਿਰ ਦੇ ਡੀ ਸੀ ਪੀ ਸ: ਜਗਮੋਹਨ ਸਿੰਘ ਨਾਲ ਮੁਲਾਕਾਤ ਕਰਦਿਆਂ ਮਨਮੋਹਨ ਸਿੰਘ ਬੰਟੀ ਅਤੇ ਅੰਮ੍ਰਿਤਪਾਲ ਸਿੰਘ ਕਲੇਰ ਵੱਲੋਂ ਦੋ ਮਹੀਨੇ ਪਹਿਲਾਂ ਇਕ ਫ਼ਿਰਕਾਪ੍ਰਸਤ ਤੇ ਵਿਵਾਦਿਤ ਅਖੌਤੀ ਲੀਡਰ ਤੇ ਸਾਥੀਆਂ ਦੇ ਖ਼ਿਲਾਫ਼ ਦਿਤੀ ਗਈ ਦਰਖਾਸਤ ‘ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਵਫ਼ਦ ਨੇ ਕਿਹਾ ਕਿ ਗੁਰੂ ਸਾਹਿਬਾਨ ਅਤੇ ਸਤਿਕਾਰਯੋਗ ਸਿੱਖ ਸ਼ਖ਼ਸੀਅਤਾਂ ਪ੍ਰਤੀ ਦੋਸ਼ੀਆਂ ਵੱਲੋਂ ਵਰਤੀ ਗਈ ਮੰਦੀ ਸ਼ਬਦਾਵਲੀ ਨੇ ਸਿਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਨਾਮਨਿਹਾਦ ਸ਼ਿਵਸੈਨਾ ਰਾਸ਼ਟਰੀ ਦੇ ਕਾਰਕੁਨਾਂ ਵੱਲੋਂ ਫ਼ਿਰਕੂ ਨਫ਼ਰਤ ਫੈਲਾਉਣ ਲਈ ਕੀਤੀਆਂ ਜਾ ਰਹੀਆਂ ਸਮਾਜ ਵਿਰੋਧੀ ਹਰਕਤਾਂ ਨਾਲ ਪੰਜਾਬ ਦੀ ਭਾਈਚਾਰਕ ਸਾਂਝ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਅਨਸਰਾਂ ਨੂੰ ਨੱਥ ਨਾ ਪਾਈ ਗਈ ਤਾਂ ਸਮਾਜ ‘ਚ ਅਰਾਜਕਤਾ ਫੈਲਣ ਦਾ ਡਰ ਹੈ। ਜੋ ਕਿ ਰਾਜ ਦੇ ਹਿਤ ਵਿਚ ਨਹੀਂ ਹੋਵੇਗਾ। ਉਨ੍ਹਾਂ ਸਨਮਾਨਯੋਗ ਸਿਖ ਹਸਤੀਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਤੋਂ ਇਲਾਵਾ ਹਿੰਦੂ ਅਤੇ ਸਿਖਾਂ ਵਿਚ ਨਫ਼ਰਤ ਪੈਂਦਾ ਕਰਨ ਦੀ ਸਾਜ਼ਿਸ਼ ‘ਚ ਲਗੇ ਅਨਸਰਾਂ ਨੂੰ ਮਹੱਤਤਾ ਦੇਣ ਅਤੇ ਕੈਬਨਿਟ ਮੰਤਰੀਆਂ ਜਿਨੀ ਸੁਰੱਖਿਆ ਮੁਹੱਈਆ ਕਰਨ ਲਈ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੁੱਝ ਅਹਿਮ ਸ਼ਖ਼ਸੀਅਤਾਂ ਦੇ ਸ੍ਰੀ ਅੰਮ੍ਰਿਤਸਰ ਫੇਰੀ ‘ਤੇ ਆਉਣ ਸਮੇਂ ਸਿਖਾਂ ਪ੍ਰਤੀ ਨਫ਼ਰਤ ਫੈਲਾਉਣ ਵਾਲੇ ਫ਼ਿਰਕੂ ਅਨਸਰਾਂ ਨੂੰ ਪ੍ਰੋਟੋਕਾਲ ਲਈ ਬੁਲਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਖ਼ਾਸ ਅਹਿਮੀਅਤ ਦੇਣੀ ਪਤਾ ਨਹੀਂ ਕਿਸ ਗਲ ਦਾ ਪ੍ਰਤੀਕ ਹੈ ? ਇਹ ਹਰ ਸਿਖ ਹਿਰਦਿਆਂ ‘ਚ ਉੱਠ ਰਿਹਾ ਸਵਾਲ ਹੈ। ਜਿਸ ਪ੍ਰਤੀ ਸਰਕਾਰ ਨੂੰ ਜਵਾਬ ਦੇਹ ਹੋਣਾ ਚਾਹੀਦਾ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਮਾਮਲੇ ‘ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਸਿਖ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।