ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਨਵੀਂ ਨੁਹਾਰ ਦੇਣ ਸਮੇਂ ਇਸ ਦੇ ਪ੍ਰਵੇਸ਼ ਸਥਾਨ ’ਚੋਂ ਸਿੱਖ ਵਿਰਾਸਤ ਨੂੰ ਮਨਫ਼ੀ ਨਾ ਕਰੇ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦੇ ਇਤਿਹਾਸਕ ਮਹੱਤਵ ਅਨੁਸਾਰ ਹੀ ਇਹ ਕਾਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਦੀ ਵਿਰਾਸਤ ਦਾ ਪੂਰੇ ਵਿਸ਼ਵ ਵਿਚ ਆਪਣਾ ਵਿਲੱਖਣ ਸਥਾਨ ਹੈ ਅਤੇ ਸ੍ਰੀ ਅੰਮ੍ਰਿਤਸਰ ਨਗਰੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਰੋਸਾਈ ਹੋਣ ਕਾਰਨ ਇਸ ਦੇ ਜਨਤਕ ਥਾਵਾਂ ਨੂੰ ਸਿੱਖ ਵਿਰਾਸਤ ਅਨੁਸਾਰ ਹੀ ਬਣਾਇਆ ਜਾਵੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੇ ਸ਼ਰਧਾਲੂਆਂ ਦੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਆਵਾਜਾਈ ਬਣੀ ਰਹਿੰਦੀ ਹੈ, ਇਸ ਲਈ ਇਸ ਦੀ ਨੁਹਾਰ ਗੁਰੂ ਨਗਰੀ ਦੀ ਵਿਰਾਸਤ ਅਨੁਸਾਰ ਬਣਾਉਣੀ ਜ਼ਰੂਰੀ ਹੈ। ਜਦੋਂ ਵੀ ਕੋਈ ਸ਼ਰਧਾਲੂ ਜਾਂ ਯਾਤਰੀ ਇਥੇ ਪਹੁੰਚੇ ਤਾਂ ਉਸ ਨੂੰ ਪਹਿਲੀ ਝਲਕ ਸ਼ਹਿਰ ਦੇ ਮਹੱਤਵ ਨੂੰ ਦਰਸਾਉਣ ਵਾਲੀ ਮਿਲੇ। ਹਵਾਈ ਅੱਡਾ, ਰੇਲਵੇ ਸਟੇਸ਼ਨ ਅਤੇ ਬੱਸ ਅੱਡਾ ਸਭ ਤੋਂ ਵੱਧ ਆਵਾਜਾਈ ਵਾਲੇ ਸਥਾਨ ਹੋਣ ਕਰਕੇ ਇਥੇ ਸਥਾਪਤ ਕੀਤੇ ਗਏ ਚਿੰਨ੍ਹ ਸ਼ਹਿਰ ਦੇ ਧਾਰਮਿਕ ਤੇ ਇਤਿਹਾਸਕ ਮਹੱਤਵ ਵਾਲੇ ਹੋਣੇ ਚਾਹੀਦੇ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਸਿੱਖ ਭਵਨ ਨਿਰਮਾਣ ਕਲਾ ਵਿਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ, ਕਿਉਂਕਿ ਇਥੇ ਪੂਰੇ ਵਿਸ਼ਵ ਦੇ ਲੋਕਾਂ ਲਈ ਅਧਿਆਤਮਿਕ ਅਗਵਾਈ ਦੇਣ ਵਾਲੇ ਮਹਾਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਹਨ। ਇਸ ਤੋਂ ਇਲਾਵਾ ਕਈ ਸਿੱਖ ਵਿਰਾਸਤ ਨਾਲ ਸਬੰਧਤ ਹੋਰ ਨਿਸ਼ਾਨੀਆਂ ਵੀ ਅੰਮ੍ਰਿਤਸਰ ਦੀ ਸਿੱਖ ਭਵਨ ਨਿਰਮਾਣ ਕਲਾ ਨੂੰ ਪ੍ਰਗਟ ਕਰਦੀਆਂ ਹਨ। ਇਸ ਲਈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਕੋਈ ਅਜਿਹਾ ਚਿੰਨ੍ਹ ਹੀ ਲਗਾਇਆ ਜਾਵੇ, ਜੋ ਇਥੋਂ ਦੇ ਇਤਿਹਾਸ, ਰਵਾਇਤਾਂ ਤੇ ਪ੍ਰੰਪਰਾਵਾਂ ਅਨੁਕੂਲ ਹੋਵੇ। ਭਾਈ ਲੌਂਗੋਵਾਲ ਨੇ ਆਖਿਆ ਕਿ ਇਸ ਸਬੰਧ ਵਿਚ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਨਾਲ ਰਾਬਤਾ ਵੀ ਕੀਤਾ ਜਾਵੇਗਾ।
ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਨਵੀਂ ਨੁਹਾਰ ਦੇਣ ਸਮੇਂ ਸਿੱਖ ਵਿਰਾਸਤ ਨੂੰ ਮਨਫ਼ੀ ਨਾ ਕੀਤਾ ਜਾਵੇ
This entry was posted in ਪੰਜਾਬ.