ਫ਼ਤਹਿਗੜ੍ਹ ਸਾਹਿਬ – “ਹਿੰਦੂਤਵ ਹੁਕਮਰਾਨ ਬੀਜੇਪੀ-ਆਰ.ਐਸ.ਐਸ. ਤੇ ਹਿੰਦੂ ਸੰਗਠਨ ਇਸ ਤਾਕ ਵਿਚ ਰਹਿੰਦੇ ਹਨ ਜਦੋਂ ਵੀ ਪੰਜਾਬ, ਜੰਮੂ-ਕਸ਼ਮੀਰ ਜਾਂ ਹੋਰ ਸਰਹੱਦੀ ਅਤੇ ਹੋਰ ਸੂਬਿਆਂ ਵਿਚ ਗੈਰ-ਇਨਸਾਨੀ ਜਾਂ ਗੈਰ-ਕਾਨੂੰਨੀ ਦੁੱਖਦਾਇਕ ਘਟਨਾ ਵਾਪਰਦੀ ਹੈ ਤਾਂ ਸਾਜ਼ਿਸ ਤਹਿਤ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਦੇ ਹੋਏ ਹੁਕਮਰਾਨ ਤੇ ਮੀਡੀਏ ਵੱਲੋਂ ਇੰਝ ਪੇਸ਼ ਕੀਤਾ ਜਾਂਦਾ ਹੈ ਜਿਵੇਂ ਸਭ ਅਪਰਾਧਾ ਤੇ ਬੁਰਾਈਆ ਲਈ ਸਿੱਖ ਕੌਮ ਜ਼ਿੰਮੇਵਾਰ ਹੋਵੇ । ਅਜਿਹਾ ਅਮਲ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ ਅਕਸ ਨੂੰ ਡੂੰਘੀ ਸੱਟ ਮਾਰਨ ਲਈ ਸਾਜ਼ਿਸ ਤਹਿਤ ਕੀਤਾ ਜਾਂਦਾ ਹੈ । ਜੋ ਪੁਲਵਾਮਾ ਵਿਖੇ ਫ਼ੌਜੀ ਗੱਡੀਆਂ ਉਤੇ ਹਮਲਾ ਹੋਇਆ ਸੀ ਜਿਸ ਸੰਬੰਧੀ ਅਖਬਾਰਾਂ ਤੇ ਮੀਡੀਏ ਵਿਚ ਕਈ ਵਾਰੀ ਹਕੂਮਤੀ ਸਾਜ਼ਿਸ ਦੇ ਹਵਾਲੇ ਨਾਲ ਇਹ ਖ਼ਬਰਾਂ ਨਸ਼ਰ ਹੋ ਚੁੱਕੀਆ ਹਨ ਕਿ ਪੁਲਵਾਮਾ ਹਮਲਾ ਹਿੰਦੂ ਵੋਟਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਹੁਕਮਰਾਨਾਂ ਵੱਲੋਂ ਹੀ ਕਰਵਾਇਆ ਗਿਆ ਸੀ । ਹੁਣ ਉਸ ਪੁਲਵਾਮਾ ਹਮਲੇ ਨੂੰ ਇਕ ਸ. ਦਵਿੰਦਰ ਸਿੰਘ ਨਾਮ ਦੇ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਨਾਲ ਜੋੜਕੇ ਫਿਰ ਤੋਂ ਸਿੱਖ ਕੌਮ ਦੇ ਅਕਸ ਨੂੰ ਢਾਅ ਲਗਾਉਣ ਦੀ ਦੁੱਖਦਾਇਕ ਸਾਜ਼ਿਸ ਰਚੀ ਗਈ ਹੈ । ਜਿਸ ਸੰਬੰਧੀ ਅਸੀਂ ਡੀਜੀਪੀ ਜੰਮੂ-ਕਸ਼ਮੀਰ ਅਤੇ ਡੀਜੀਪੀ ਇੰਨਟੈਲੀਜੈਸ ਨਾਲ ਸਮੁੱਚੀ ਸਥਿਤੀ ਦੀ ਜਾਣਕਾਰੀ ਲੈਣੀ ਚਾਹੀ ਤਾਂ ਸਾਨੂੰ ਕੋਈ ਵੀ ਤਸੱਲੀ ਬਖਸ ਜੁਆਬ ਨਹੀਂ ਮਿਲਿਆ । ਇਸ ਲਈ ਅਸੀਂ ਇਸ ਪ੍ਰੈਸ ਰੀਲੀਜ ਰਾਹੀ ਜੰਮੂ-ਕਸ਼ਮੀਰ ਦੀ ਪੁਲਿਸ ਅਫ਼ਸਰਸ਼ਾਹੀ ਨੂੰ ਇਹ ਕਹਿਣਾ ਚਾਹਵਾਂਗੇ ਕਿ ਜੇਕਰ ਸ. ਦਵਿੰਦਰ ਸਿੰਘ ਡੀਐਸਪੀ ਦੇ ਮਾਮਲੇ ਵਿਚ ਕੋਈ ਤੱਥ ਹਨ, ਤਾਂ ਉਹ ਸਾਨੂੰ ਸਿੱਖ ਕੌਮ ਨੂੰ ਜਾਣਕਾਰੀ ਦਿੱਤੀ ਜਾਵੇ । ਵਰਨਾ ਸਿੱਖ ਕੌਮ ਨੂੰ ਅਜਿਹੇ ਸਮੇਂ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਦੀਆਂ ਸਾਜ਼ਿਸਾਂ ਬੰਦ ਕੀਤੀਆ ਜਾਣ । ਕਿਉਂਕਿ ਹੁਕਮਰਾਨਾਂ ਨੇ ਪਹਿਲੇ ਵੀ ਸਿੱਖਾਂ ਲਈ ਬਹੁਤ ਕੁਝ ਕਰ ਲਿਆ ਗਿਆ ਹੈ । ਪਰ ਸਿੱਖ ਨੌਜ਼ਵਾਨ ਅਜਿਹੇ ਝੂਠੇ ਕੇਸਾਂ ਵਿਚੋਂ ਬਰੀ ਵੀ ਹੋਏ ਹਨ ਅਤੇ ਹਕੂਮਤੀ ਮੰਦਭਾਵਨਾਵਾਂ ਤੋਂ ਸੰਸਾਰ ਨੂੰ ਜਾਣਕਾਰੀ ਵੀ ਮਿਲੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੁਲਵਾਮਾ ਫ਼ੌਜੀ ਹਮਲੇ ਦੀ ਘਟਨਾ ਨੂੰ ਹੁਣ ਕਈ ਮਹੀਨਿਆ ਬਾਅਦ ਜੰਮੂ-ਕਸ਼ਮੀਰ ਪੁਲਿਸ ਦੇ ਇਕ ਸਿੱਖ ਡੀਐਸਪੀ ਨਾਲ ਜੋੜਕੇ ਸਿੱਖ ਕੌਮ ਨੂੰ ਫਿਰ ਤੋਂ ਬਦਨਾਮ ਕਰਨ ਅਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੀਆਂ ਦੁੱਖਦਾਇਕ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਜੰਮੂ-ਕਸ਼ਮੀਰ ਪੁਲਿਸ, ਖੂਫੀਆ ਏਜੰਸੀਆ, ਆਈ.ਬੀ, ਰਾਅ ਦੇ ਘੱਟ ਗਿਣਤੀ ਸਿੱਖ ਕੌਮ ਵਿਰੋਧੀ ਅਪਣਾਈ ਜਾ ਰਹੀ ਗੈਰ-ਦਲੀਲ ਘਟੀਆ ਨੀਤੀ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ 1984 ਵਿਚ ਮਰਹੂਮ ਇੰਦਰਾ ਗਾਂਧੀ ਦੀ ਹਕੂਮਤ ਸੀ ਅਤੇ ਉਸ ਤੋਂ ਬਾਅਦ ਰਾਜੀਵ ਗਾਂਧੀ ਦੀ ਹਕੂਮਤ ਆਈ ਉਸ ਸਮੇਂ ਮੇਰੇ ਅਤੇ ਹੋਰਨਾਂ ਸਿੱਖਾਂ ਉਤੇ ਵੀ ਉਪਰੋਕਤ ਸਿੱਖ ਡੀਐਸਪੀ ਦੀ ਤਰ੍ਹਾਂ ਬLਗਾਵਤ, ਦੇਸ਼ਧ੍ਰੋਹ ਅਤੇ ਹੋਰ ਸੰਗੀਨ ਜੁਰਮ ਲਗਾਕੇ ਸਿੱਖ ਨੌਜ਼ਵਾਨਾਂ ਨੂੰ ਵੀ ਝੂਠੇ ਕੇਸਾਂ ਵਿਚ ਬੰਦੀ ਬਣਾਕੇ ਕੇਵਲ ਤਸੱਦਦ-ਜੁਲਮ ਨਹੀਂ ਕੀਤੇ ਗਏ, ਬਲਕਿ ਸਮੁੱਚੀ ਸਿੱਖ ਕੌਮ ਨੂੰ ਨਿਰਆਧਾਰ ਗੱਲਾਂ ਰਾਹੀ ਮੀਡੀਏ ਤੇ ਅਖ਼ਬਾਰਾਂ ਵਿਚ ਬਦਨਾਮ ਕਰਕੇ ਹਿੰਦੂ ਵੋਟਾਂ ਨੂੰ ਵਟੋਰਦੇ ਰਹੇ ਅਤੇ ਗੈਰ-ਇਖਲਾਕੀ ਸਿਆਸਤ ਕਰਦੇ ਰਹੇ । ਹੁਣ ਵੀ ਉਸੇ ਤਰ੍ਹਾਂ ਡੀਐਸਪੀ ਨੂੰ ਨਿਸ਼ਾਨਾਂ ਬਣਾਉਦੇ ਹੋਏ ਉਸੇ ਤਰ੍ਹਾਂ ਦੇ ਅਮਲ ਹੋ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜੰਮੂ-ਕਸ਼ਮੀਰ ਪੁਲਿਸ ਤੇ ਇੰਡੀਆ ਦੀਆਂ ਅਜਿਹੀਆ ਸਾਜ਼ਿਸਾਂ ਰਚਣ ਵਾਲੀਆ ਖੂਫੀਆ ਏਜੰਸੀਆ ਨੂੰ ਖ਼ਬਰਦਾਰ ਕਰਦੀ ਹੈ ਕਿ ਸਿੱਖ ਕੌਮ ਤਾਂ ਇਨਸਾਨੀਅਤ ਮਨੁੱਖਤਾ ਪੱਖੀ ਕਦਰਾ-ਕੀਮਤਾ ਦੀ ਕਾਇਲ ਹੈ । ਕਾਨੂੰਨ ਤੇ ਬਰਾਬਰਤਾ ਦੇ ਰਾਜ ਵਿਚ ਵਿਸ਼ਵਾਸ ਰੱਖਦੀ ਹੈ, ਬਸਰਤੇ ਅਜਿਹਾ ਅਮਲ ਬਰਾਬਰਤਾ ਦੇ ਨਿਯਮਾਂ ਨੂੰ ਮੁੱਖ ਰੱਖਕੇ ਹੋਵੇ । ਇਹੋ ਹੀ ਮੰਦਭਾਵਨਾ ਅਧੀਨ ਕਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਸਿੱਖਾਂ ਨੂੰ ਫ਼ਾਂਸੀਆਂ ਦੀ ਸਜ਼ਾਂ ਰੱਦ ਕਰ ਦਿੱਤੀਆ ਜਾਂਦੀਆ ਹਨ, ਕਦੀ ਫਿਰ ਫ਼ਾਂਸੀ ਦੇਣ ਦੇ ਐਲਾਨ ਕਰ ਦਿੱਤੇ ਜਾਂਦੇ ਹਨ । ਅਜਿਹੇ ਵਰਤਾਰੇ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਹੁਕਮਰਾਨ ਅਤੇ ਖੂਫੀਆ ਏਜੰਸੀਆ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਅਤੇ ਬਦਨਾਮ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕਰ ਰਹੇ ਹਨ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । ਅਸੀਂ ਮੰਗ ਕਰਦੇ ਹਾਂ ਕਿ ਸ. ਦਵਿੰਦਰਪਾਲ ਸਿੰਘ ਡੀਐਸਪੀ ਜਿਸ ਨੂੰ ਪੁਲਵਾਮਾ ਹਮਲੇ ਵਿਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਉਸ ਨੂੰ ਕਿਨ੍ਹਾਂ ਹਾਲਾਤਾਂ ਵਿਚ ਰੱਖਿਆ ਗਿਆ ਹੈ, ਉਸ ਉਤੇ ਅਣਮਨੁੱਖੀ ਗੈਰ-ਕਾਨੂੰਨੀ ਢੰਗ ਨਾਲ ਤਸੱਦਦ ਤਾਂ ਨਹੀਂ ਕੀਤਾ ਜਾ ਰਿਹਾ ਅਤੇ ਉਸਦੇ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਜਾ ਰਹੇ ਹਨ ਜਾਂ ਨਹੀਂ?