ਸ੍ਰੀ ਅਕਾਲ ਤਖਤ ਸਾਹਿਬ ‘ਗੁਰੂ ਪੰਥ‘ ਦੀ ਸਰਵਉੱਚ ਪ੍ਰਤੀਨਿਧ ਸੰਸਥਾ ਹੈ। ਇਹ ਸਿਖ ਰਾਜਨੀਤਿਕ ਪ੍ਰਭੂ ਸਤਾ ਦਾ ਲਖਾਇਕ ਹੈ। ਕੌਮ ਦੇ ਹਿਤ ‘ਚ ਪੰਥ ਦੇ ਧਾਰਮਿਕ ਰਾਜਸੀ ਫ਼ੈਸਲੇ ਇੱਥੇ ਲਏ ਜਾਂਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਵਿਅਕਤੀ ਜਾਂ ਸਮੂਹ ਵੱਲੋਂ ਧਾਰਮਿਕ ਰਹਿਤ-ਮਰਯਾਦਾ ਭੰਗ ਕਰਨ ਜਾਂ ਸਿਖ ਹਿਤਾਂ ਦੇ ਵਿਰੁੱਧ ਕੀਤੇ ਗਏ ਵਿਵਹਾਰ ਪ੍ਰਤੀ ਪਖ ਪੇਸ਼ ਕਰਨ ਲਈ ਕਿਸੇ ਨੂੰ ਵੀ ਬੁਲਾਇਆ ਜਾ ਸਕਦਾ ਹੈ। ਦੋਸ਼ੀ ਪਾਏ ਜਾਣ ਦੀ ਸੂਰਤ ‘ਚ ਤਨਖ਼ਾਹ ਲਾਈ ਜਾਂਦੀ ਹੈ। ਹੁਕਮ ਅਸੂਲੀ ਕਰਨ ਵਾਲੇ ਨੂੰ ਸਮਾਜਿਕ ਢਾਂਚੇ ਵਿਚੋਂ ਛੇਕਿਆ ਜਾਂਦਾ ਹੈ। ਜਿਨ੍ਹਾਂ ਖ਼ਿਲਾਫ਼ ਸਿਖ ਸੰਗਤ ਵੱਲੋਂ ਕੀਤੀ ਸ਼ਿਕਾਇਤ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਾਰਵਾਈ ਦੇ ਸੰਕੇਤ ਮਿਲਣ ‘ਤੇ ਹੀ ਗੁਨਾਹਾਂ ਤੋਂ ਭੈ ਭੀਤ ਕੁੱਝ ਲੋਕ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਪੰਥ ਵਿਚ ਦੁਬਿਧਾ ਪੈਦਾ ਕਰਨ ਅਤੇ ਸੰਗਤ ‘ਚ ਫੁੱਟ ਪਾਉਣ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਤਕ ਜਾਂਦੇ ਹਨ, ਇਹ ਕਹਿ ਕੇ ਕਿ ‘‘ਮੈ ਨਹੀ ਆਉਣਾ, ਨਾ ਵਿਚਾਰ ਕਰਨੀ, ਪੁਜਾਰੀਵਾਦ ਮੈਂ ਨਹੀਂ ਮੰਨਦਾ, ਮੈਨੂੰ ਛੇਕ ਦੇਣਗੇ।‘‘ ਉਕਤ ਕਥਨਾਂ ‘ਚ ਕਿਨੀ ਕੁ ਸਚਾਈ ਹੈ? ਆਓ ਵਾਚਦੇ ਹਾਂ।
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ ( ਅੰਗ – 142)
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥ (ਅੰਗ- 1380)
ਅਨੁਸਾਰ ਗੁਰਮਤਿ ਵਿਚਾਰਧਾਰਾ ਸਵੈਮਾਣ ਅਤੇ ਅਣਖ ਸਿਖਾਉਂਦੀ ਹੈ ਤਾਂ ਉੱਥੇ ਹੀ ਸਿੱਖੀ ਸੇਵਾ, ਸਿਮਰਨ, ਵੰਡ ਛਕਣ, ਭਰਾਤਰੀਅਤਾ, ਹਿੰਮਤ ਦਲੇਰੀ ਤੋਂ ਇਲਾਵਾ ਇਕ ਅਜਿਹਾ ਅਨਮੋਲ ਗੁਣ ਨਾਲ ਵੀ ਸੰਚਾਲਿਤ ਹੈ ਜਿਸ ਨੂੰ ‘ਖਿਮਾ‘ ਕਿਹਾ ਜਾਂਦਾ ਹੈ। ਮਨੁੱਖੀ ਸੁਭਾਅ ਆਮ ਕਰ ਕੇ ਕਿਸੇ ਕਸੂਰਵਾਰ ਨੂੰ ਖਿਮਾ ਕਰਨ ਦੀ ਦਲੇਰੀ ਨਹੀਂ ਰਖਦਾ। ਉਹ ਵਿਰੋਧੀ ਪ੍ਰਤੀ ਬਦਲਾ ਲੈਣ ਜਾਂ ਉਸ ਨੂੰ ਖ਼ਤਮ ਕਰਨ ਦੀ ਲੋਚਾ ਹਮੇਸ਼ਾਂ ਰਖਦਾ ਆਇਆ ਹੈ। ਪਰ ਇਸ ਦੇ ਉਲਟ ਕਿਸੇ ਕਸੂਰਵਾਰ ਨੂੰ ਖਿਮਾ ਕਰ ਦੇਣਾ ਆਪਣੇ ਆਪ ‘ਚ ਬਹੁਤ ਵਡਾ ਕਾਰਨਾਮਾ ਮੰਨਿਆ ਜਾਂਦਾ ਹੈ। ਗੁਰਬਾਣੀ ਅਨੁਸਾਰ ਪ੍ਰਭੂ ਉੱਥੇ ਆਪ ਵਸਦਾ ਹੈ ਜਿੱਥੇ ਖਿਮਾ ਦੇ ਗੁਣਾਂ ਦੀ ਪ੍ਰਧਾਨਤਾ ਹੋਵੇ ।
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥ ( ਅੰਗ 1372)
ਸਿੱਖ ਇਤਿਹਾਸ ‘ਚ ਖਿਮਾ ਅਤੇ ਫ਼ਰਾਖ਼-ਦਿਲੀ ਦੀਆਂ ਕਈ ਮਿਸਾਲਾਂ ਹਨ , ਪਰ ਇੱਥੇ ਉਸ ਵਾਕਿਆ ਦਾ ਜ਼ਿਕਰ ਕੁਥਾਂ ਨਹੀਂ ਹੋਵੇਗਾ, ਜਦ ਅਹਿਮਦ ਸ਼ਾਹ ਅਬਦਾਲੀ ਫਰਵਰੀ 1762 ਦੌਰਾਨ ਹਿੰਦੁਸਤਾਨ ਨੂੰ ਫਤਾਹਿ ਅਤੇ ਸਿਖਾਂ ਦਾ ਸਰਵਨਾਸ਼ ਕਰਨ ਲਈ ਆਇਆ। ਕੁੱਪ ਦੇ ਅਸਥਾਨ ‘ਤੇ ਕਰੀਬ 35 ਹਜਾਰ ਸਿੱਖਾਂ ਸਿੰਘਣੀਆਂ ਅਤੇ ਮਾਸੂਮ ਬਚਿਆਂ ਨੂੰ ਵਡੇ ਘੱਲੂਘਾਰੇ ਦੌਰਾਨ ਸ਼ਹੀਦ ਕਰਦਿਆਂ ਅਤੇ ਫਿਰ ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਦੀ ਬੇਅਦਬੀ ਕੀਤੀ ਅਤੇ ਅੰਮ੍ਰਿਤ ਸਰੋਵਰ ਨੂੰ ਮਿਟੀ ਨਾਲ ਪੂਰ ਦਿਤਾ ਗਿਆ ਸੀ। ਇਸ ਵਾਕਿਆ ਦੇ ਮਹਿਜ਼ ਤਿੰਨ ਮਹੀਨੇ ਬਾਅਦ ਹੀ ਬਚੇ-ਖੁਚੇ ਸਿੰਘਾਂ ਨੇ ਉਸ ਦੀ ਸੁਦੇਸ਼ ਵਾਪਸੀ ਮੌਕੇ ਵਹੀਰ ‘ਤੇ ਜ਼ਬਰਦਸਤ ਹਮਲਾ ਬੋਲ ਦਿਤਾ, ਜਿੱਥੇ ਅਬਦਾਲੀ ਆਪ ਤਾਂ ਭੱਜਣ ‘ਚ ਸਫਲ ਰਿਹਾ ਪਰ ਉਸ ਦੇ ਕਈ ਸੈਨਿਕ ਫੜ ਲਏ ਗਏ, ਜਿਨ੍ਹਾਂ ਨੂੰ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਲਿਆ ਕੇ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾਈ। ਜਦ ਸਾਰਾ ਕਾਰਜ ਸੰਪੂਰਨ ਹੋ ਗਿਆ ਤਾਂ ਸਿੱਖਾਂ ਨੇ ਅਫਗਾਨੀ ਸੈਨਿਕਾਂ ਨੂੰ ਬਦਲੇ ਦੀ ਭਾਵਨਾ ‘ਚ ਆ ਕੇ ਕਤਲ ਕਰਨ ਦੀ ਥਾਂ ਇਹ ਕਹਿ ਕੇ ਬਖ਼ਸ਼ ਦਿਤਾ ਕਿ ਇਨ੍ਹਾਂ ਨੇ ਜੇ ਪਾਪ ਕੀਤਾ ਹੈ ਤਾਂ ਉਨ੍ਹਾਂ ਗੁਰੂ ਘਰ ਦੀ ਸੇਵਾ ਵਿਚ ਹਿੱਸਾ ਵੀ ਪਾਇਆ ਹੈ।ਸੋ ਇਨ੍ਹਾਂ ਨੂੰ ਮੁਆਫ਼ ਕੀਤਾ ਜਾਂਦਾ ਹੈ ਜਿੱਥੇ ਵੀ ਚਾਹੁਣ ਜਾ ਸਕਦੇ ਹਨ।
ਸਤਿਗੁਰੂ ਨਾਨਕ ਦੇਵ ਜੀ ਆਪਣੇ ‘ਤੇ ਹਮਲਾਵਰ ਹੋਏ ਵਿਚਾਰਧਾਰਕ ਵਿਰੋਧੀਆਂ ਨੂੰ ਨਾ ਕੇਵਲ ਬਖ਼ਸ਼ ਦਿੰਦੇ ਰਹੇ ਸਗੋਂ ਉਨ੍ਹਾਂ ਨੂੰ ਪ੍ਰਮਾਰਥ ਦੇ ਰਾਹ ਪਾ ਕੇ ਨਿਹਾਲ ਵੀ ਕਰਦੇ ਰਹੇ। ਗੁਰੂਘਰ ‘ਚ ਬਦਲੇ ਦੀ ਕੋਈ ਥਾਂ ਨਹੀਂ। ਸਿੱਖ ਜਦ ਆਪਣੀ ਅਰਦਾਸ ਵਿਚ ਸਰਬਤ ਦੇ ਭਲੇ ਦੀ ਮੰਗ ਕਰਦਾ ਹੈ ਤਾਂ ਉਸ ਵਿਚ ਖਿਮਾ ਦੀ ਭਾਵਨਾ ਸੁਤੇ ਸਿਧ ਸ਼ਾਮਿਲ ਹੁੰਦਿਆਂ ‘ਨਾ ਕੋ ਬੈਰੀ ਨਾਹੀ ਬਿਗਾਨਾ‘ ਦਾ ਰੰਗ ਫੜਦਾ ਹੈ। ਗੁਰਬਾਣੀ ‘ਚ ਖਿਮਾ ਦੇ ਬਲਸ਼ਾਲੀ ਸੰਕਲਪ ਨੂੰ ਹੋਰ ਵਿਸਥਾਰ ‘ਚ ਸਮਝਣ ਲਈ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਨੂੰ ਵਿਚਾਰਦੇ ਹਾਂ। ਗੁਰੂ ਸਾਹਿਬ ਦਾ ਫ਼ਰਮਾਨ ਹੈ……..
ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥ ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥( ਅੰਗ 855)
ਭਾਵ ਜੇਕਰ ਕੋਈ ਸਤਿਗੁਰੂ ਕਾ ਨਿੰਦਕ ਹੋਵੇ ਅਤੇ ਮੁੜ ਗੁਰੂ ਦੀ ਸ਼ਰਨ ਵਿਚ ਆ ਜਾਵੇ ਤਾਂ ਸਤਿਗੁਰੂ ਜੀ ਉਸ ਦੇ ਪਿਛਲੇ ਔਗੁਣ ਗੁਨਾਹ ਬਖ਼ਸ਼ ਲੈਦੇ ਅਤੇ ਅੱਗੋਂ ਸੰਗਤ ਨਾਲ ਰਲਾ ਦੇਦੇ ਹਨ। ਜਿਵੇਂ ਮੀਹ ਪੈਣ ਨਾਲ ਗਲੀਆਂ ਨਾਲੀਆਂ ਟੋਭਿਆਂ ਦਾ ਪਾਣੀ ਗੰਗਾ ਵਿਚ ਪੈ ਕੇ ਪਵਿੱਤਰ ਹੋ ਜਾਂਦਾ ਹੈ। ਨਿਰਵੈਰ ਸੁਭਾਅ ਵਾਲੇ ਸਤਿਗੁਰੂ ਵਿਚ ਇਹੋ ਵਡਿਆਈ ਹੈ ਜਿਸ ਨਾਲ ਮਿਲਦਿਆਂ ਜੀਵ ਦੀ ਤ੍ਰਿਸ਼ਨਾ ਰੂਪੀ ਭੁਖ ਮਿਟ ਜਾਂਦੀ ਹੈ। ਇਹ ਸਤਿਗੁਰੂ ਦਾ ਅਸਚਰਜ ਕੌਤਕ ਹੈ ਕਿ ਜੋ ਵੀ ਸਤਿਗੁਰੂ ਨੂੰ ਮੰਨਦਾ ਹੈ ਉਹ ਸਭ ਨੂੰ ਭਾਉਂਦਾ ਹੈ। ਸੋ ਜੋ ਗੁਰੂ ਦਾ ਨਹੀਂ ਉਹ ਕਿਸੇ ਨੂੰ ਵੀ ਨਹੀਂ ਭਾਉਂਦਾ।
ਸੋ ਇਹੀ ਗੁਰੂ ਜੁਗਤਿ ( ਮਾਡਲ) ਸ੍ਰੀ ਅਕਾਲ ਤਖਤ ਸਾਹਿਬ ‘ਤੇ ਲਾਗੂ ਅਤੇ ਨਿਰੰਤਰ ਕਾਰਜਸ਼ੀਲ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਰੋਧੀਆਂ ਲਈ ਇਕ ਚੁਨੌਤੀ ਹੈ ਤਾਂ ਆਪਣਿਆਂ ਲਈ ਇਹ ਸਤਿਗੁਰਾਂ ਦਾ ਬਖ਼ਸ਼ਿੰਦ ਦਰ ਹੈ। ਵਿਅਕਤੀਗਤ ਜਾਂ ਸਮੂਹਕ ਰੂਪ ‘ਚ ਵਿਚਾਰਧਾਰਕ- ਸਿਧਾਂਤਕ ਢਲਿਆਈ ਜਾਂ ਗੁਨਾਹ ਨੂੰ ਮੁਆਫ਼ ਕਰਦਿਆਂ ਮੁੜ ਗਲਵੱਕੜੀ ‘ਚ ਲੈਣ ਦੀ ਅਸੀਸ ਹੈ। ਕੁੱਝ ਲੋਕਾਂ ਦਾ ਇਸ ਮਾਡਲ ਪ੍ਰਤੀ ਹਊਆ ਖੜਾ ਕਰਦਿਆਂ ਛੇਕੇ ਜਾਣ ਪ੍ਰਤੀ ਗੁਮਰਾਹਕੁਨ ਪ੍ਰਚਾਰ ਕਰਨਾ ਨਿਰਮੂਲ ਹੈ। ਅਸਲ ‘ਚ ਗੁਨਾਹਗਾਰ ਹੋਣ ਦੇ ਬਾਵਜੂਦ ਜੋ ਕੋਈ ਭੁੱਲ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਰਨ ਆ ਗਿਆ( ਘਰ ਬੈਠਿਆਂ ਨੂੰ ਨਹੀਂ ) ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ‘ਪੰਜ ਪਿਆਰੇ‘ ਦੇ ਸਨਮੁਖ ਕਹਿ ਦੇਵੇ ਕਿ ਮੈਂ ਗ਼ਲਤੀ ਜਾਂ ਗੁਨਾਹ ਕਰ ਬੈਠਾ ਹਾਂ, ਖਿਮਾ ਕਰਿਓ। ਸੋ ਪੰਜ ਪਿਆਰੇ ਉਸ ਦੇ ਗੁਨਾਹਾਂ ਨੂੰ ਵਿਚਾਰਦੇ ਤਨਖ਼ਾਹ ( ਧਾਰਮਿਕ ਸੇਵਾ) ਲਾਉਂਦੇ, ਜੋ ਕਿ ਕਿਸੇ ਵੀ ਰੂਪ ਵਿਚ ਸਜਾ ਨਾ ਹੋ ਕੇ ਅਪਣੱਤ ਦਾ ਅਹਿਸਾਸ ਹੁੰਦਾ, ਫਿਰ ਬਖ਼ਸ਼ਦਿਆਂ ਅਤੇ ਉਸ ਪ੍ਰਤੀ ਕਿਸੇ ਕਿਸਮ ਦਾ ਵਿਤਕਰਾ ਨਾ ਕਰਨ ਲਈ ਕਹਿੰਦਿਆਂ ਉਸ ਨੂੰ ਸੰਗਤ ਨਾਲ ਰਲਾ ਲਿਆ ਜਾਂਦਾ ਹੈ। ਗੁਰੂ ਪੰਥ ਨੂੰ ਸਮਰਪਿਤ ਹੋਣ ਨਾਲ ਸਰੀਰਕ ਅਤੇ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਪੰਥਕ ਪਰਿਵਾਰ ਨਾਲ ਟੁੱਟਣ ਨਾਲ ਮਾਨਸਿਕ ਦੁਖ ਨਸੀਬ ਹੁੰਦਾ ਹੈ। ਹੁਣ ਤਕ ਦੇ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਇਹ ਸਚ ਪ੍ਰਤੱਖ ਹੁੰਦਾ ਹੈ ਕਿ ਕਈ ਵਾਰ ਕੁੱਝ ਲੋਕ ਮਨੁੱਖੀ ਹੰਕਾਰ ਵੱਸ ਮਹਿਸੂਸ ਕਰਦੇ ਹਨ ਕਿ ਮੇਰਾ ਤਾਂ ਗੁਜ਼ਾਰਾ ਹੋ ਹੀ ਜਾਣਾ ਹੈ। ਮੈਨੂੰ ਕਿਸੇ ਦੀ ਕੀ ਪ੍ਰਵਾਹ। ਪਰ ਸਮੇਂ ਦੇ ਨਾਲ ਨਾਲ ਮਨੁਖ ਆਤਮਿਕ ਤੌਰ ‘ਤੇ ਟੁੱਟਿਆ ਹੋਇਆ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਜਿਸ ਗੁਰਸਿੱਖ ਨੇ ਵੀ ਇਸ ਨੂੰ ਪਿੱਠ ਦਿਖਾਈ ਆਪਣੀ ਹੋਂਦ ਹਸਤੀ ਤੋਂ ਹੱਥ ਧੋ ਬੈਠਾ। ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਹਰ ਗੁਰ ਸਿੱਖ ਦੇ ਹਿਰਦਿਆਂ ‘ਚ ਹੈ। ਇਤਿਹਾਸ ਗਵਾਹ ਹੈ ਕਿ ਹਾਲ ਹੀ ‘ਚ ਬੀ ਬੀ ਸੀ ਵੱਲੋਂ ਸਰਵੇਖਣ ਰਾਹੀਂ ਪਿਛਲੇ 500 ਸਾਲਾਂ ‘ਚ ਵਿਸ਼ਵ ਦੇ 10 ਬਿਹਤਰੀਨ ਸ਼ਾਸਕਾਂ ਵਿਚ ਪੰਜਵੇ ਨੰਬਰ ‘ਤੇ ਚੁਣੇ ਗਏ ਸਿਖਾਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਦੋਸ਼ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਲਾਈ ਗਈ ਉਨ੍ਹਾਂ ਸਤਿਕਾਰ ਸਹਿਤ ਪ੍ਰਵਾਨ ਕੀਤੀ। ਜੂਨ ‘84 ਦੇ ਘੱਲੂਘਾਰੇ ਪਿੱਛੋਂ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਅਕਾਲ ਤਖਤ ਅਗੇ ਝੁਕਣਾ ਪਿਆ। ਕੇਂਦਰੀ ਗ੍ਰਹਿ ਮੰਤਰੀ ਸ: ਬੂਟਾ ਸਿੰਘ , ਸੁਰਜੀਤ ਸਿੰਘ ਬਰਨਾਲਾ ਨੇ ਵੀ ਇੱਥੇ ਆ ਕੇ ਤਨਖ਼ਾਹ ਲੁਆਈ।
ਇਹ ਉਸ ਪਰੰਪਰਾ ਦਾ ਹਿੱਸਾ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖ਼ਸ਼ੀਸ਼ ਕਰ ਵਿਅਕਤੀ ਗੁਰੂ ਦੀ ਪੂਜਾ ਪਰੰਪਰਾ ਦਾ ਖ਼ਾਤਮਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ‘ਪੰਜ ਪਿਆਰੇ‘ ਗੁਰਮਤਿ ਅਨੁਸਾਰ ਫ਼ੈਸਲੇ ਕਰਨ ਦੀ ਲਈ ਸਥਾਪਿਤ ਕੀਤਾ। ਗੁਰੂ ਕਾਲ ਤੋਂ ਬਾਅਦ ਗੁਰੂ ਪੰਥ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੈਸਾਖੀ – ਦੀਵਾਲੀ ਨੂੰ ਸਰਬਤ ਖਾਲਸੇ ਦੇ ਰੂਪ ਵਿਚ ਮਿਲ ਬੈਠਦੇ ਅਤੇ ਉਨ੍ਹਾਂ ਵਿਚੋਂ ‘ਪੰਜ ਪਿਆਰੇ‘ ਦੀ ਚੋਣ ਕੀਤੀ ਜਾਂਦੀ ਜੋ ਪੰਥਕ ਫ਼ੈਸਲੇ ਲੈਣ ਲਈ ਪ੍ਰਮਾਣਿਤ ਤੇ ਸਮੂਹ ਪੰਥ ਲਈ ਪ੍ਰਵਾਨਿਤ ਹੁੰਦਾ। ਇਸ ਪ੍ਰਕਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜ ਖੇਤਰ ਵਿਸ਼ਵ ਦਾ ਸਮੂਹ ਸਿਖ ਭਾਈਚਾਰਾ ਹੋਣ ਨਾਲ ਇਹ ਸਿਖ ਪੰਥ ਦੀ ਸਰਵਉੱਚ ਸਿਰਮੌਰ ਸੰਸਥਾ ਅਸਥਾਨ ਹੈ। ਜੋ ਪੰਥ ਦੀ ਸਮੂਹਕ ਚੇਤਨਾ ਨਾਲ ਲਭਰੇਜ ਗੁਰਸਿਖਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ, ਭਾਈਚਾਰਕ ਮਾਮਲਿਆਂ ਸੰਬੰਧੀ ਸਰਬਸ੍ਰੇਸ਼ਟ ਸਰਵੳਬਚ ਅਦਾਲਤ ਹੈ। ਮੌਜੂਦਾ ਰਾਜਸੀ ਪ੍ਰਸੰਗ ਅਤੇ ਲਾਗੂ ਪ੍ਰਬੰਧ ਦੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਸੰਸਥਾ ਦੀ ਪ੍ਰਭੂ ਸਤਾ ਅਤੇ ਸੁਤੰਤਰ ਹੋਂਦ ਕਾਇਮ ਰਖਣ ਲਈ ਜ਼ਰੂਰੀ ਹੈ ਕਿ ਇਸ ਦੇ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ‘ਤੇ ਲਾਗੂ ਹੁੰਦੇ ਸੇਵਾ ਨਿਯਮਾਂ ‘ਤੋਂ ਮੁਕਤ ਰਖਿਆ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਵਿਕਸਤ ਪ੍ਰਬੰਧਕ ਢਾਂਚਾ ਅਤੇ ਵੱਖਰਾ ਬਜਟ ਹੋਵੇ। ਇਸ ਪ੍ਰਤੀ ਸਿਆਸਤਦਾਨਾਂ ਨੂੰ ਨਾਰਾਜ਼ ਤੇ ਨਜ਼ਰ ਅੰਦਾਜ਼ ਕੀਤੇ ਬਿਨਾ ਸੰਵਾਦ ਛੇੜਿਆ ਜਾ ਸਕਦਾ ਹੈ।