ਸੀਤਾਪੁਰ – ਉਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਜੈਕੁਮਾਰ ਜੈਕੀ ਨੇ ਹਾਸੋਹੀਣਾ ਬਿਆਨ ਦੇ ਕੇ ਭਾਜਪਾ ਦੀ ਖੂਬ ਕਿਰਕਿਰੀ ਕਰਵਾਈ ਹੈ। ਰਾਜਮੰਤਰੀ ਨੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੇਤਾ ਪੜ੍ਹਿਆ-ਲਿਖਿਆ ਹੋਵੇ, ਇਸ ਦੀ ਕੋਈ ਜਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਮੰਤਰੀ ਹਾਂ ਅਤੇ ਮੇਰੇ ਕੋਲ ਨਿਜੀ ਸਕੱਤਰ ਹੈ। ਮੇਰੇ ਕੋਲ ਸਟਾਫ਼ ਹੈ। ਜੇਲ੍ਹ ਮੈਂ ਥੋੜੇ ਹੀ ਚਲਾਉਣੀ ਹੁੰਦੀ ਹੈ। ਜੇਲ੍ਹ ਦੇ ਪ੍ਰਬੰਧਕ ਹਨ, ਜੇਲਰ ਹੈ। ਮੈਂ ਤਾਂ ਸਿਰਫ਼ ਪ੍ਰਬੰਧ ਹੀ ਵੇਖਣਾ ਹੁੰਦਾ।
ਜੇਲ੍ਹ ਮੰਤਰੀ ਜੈ ਕੁਮਾਰ ਨੇ ਇੱਕ ਅਜੀਬੋਗਰੀਬ ਬਿਆਨ ਦਿੰਦੇ ਹੋਏ ਕਿਹਾ ਕਿ ਪੜ੍ਹੇ-ਲਿਖੇ ਲੋਕ ਮਹੌਲ ਨੂੰ ਖਰਾਬ ਕਰਦੇ ਹਨ। ਨੇਤਾਵਾਂ ਦਾ ਪੜ੍ਹੇ-ਲਿਖੇ ਹੋਣਾ ਕੋਈ ਜਰੂਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਈਏਐਸ,ਆਈਪੀਐਸ ਜਦੋਂ ਆਪਸ ਵਿੱਚ ਬੈਠਦੇ ਹਨ ਤਾਂ ਕਹਿੰਦੇ ਹਨ ਕਿ ਫਲਾਣਾ ਵਿਧਾਇਕ ਹਾਈਕਲਾਸ ਪਾਸ ਹੈ, ਉਹ ਇੰਟਰ ਪਾਸ ਹੈ ਉਸ ਨੂੰ ਕੁਝ ਆਉਂਦਾ ਜਾਂਦਾ ਨਹੀਂ ਹੈ। ਬਿਨਾਂ ਪੜ੍ਹੇ ਲਿਖੇ ਹੀ ਦੇਸ਼ ਨੂੰ ਚਲਾ ਰਹੇ ਹਨ। ਮੰਤਰੀ ਸਾਹਬ ਇੱਥੇ ਹੀ ਨਹੀਂ ਰੁਕੇ ਇਸ ਤੋਂ ਅੱਗੇ ਉਹ ਇਹ ਕਹਿੰਦੇ ਹਨ ਕਿ ਸਮਾਜ ਦੇ ਪੜ੍ਹੇ-ਲਿਖੇ ਲੋਕਾਂ ਨੇ ਮਾੜਾ ਮਾਹੌਲ ਪੈਦਾ ਕੀਤਾ ਹੋਇਆ ਹੈ।