ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਨੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਅਕਾਡਮੀ ਦੇ ਮੋਢੀ ਜੀਵਨ ਮੈਂਬਰ ਸ. ਜਸਵੰਤ ਸਿੰਘ ਕੰਵਲ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਜਸਵੰਤ ਸਿੰਘ ਦਾ ਜਨਮ 27 ਜੂਨ 1919 ਨੂੰ ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ ਵਿਖੇ ਸ੍ਰੀ ਮੁਹੱਲਾ ਸਿੰਘ ਦੇ ਘਰ ਹੋਇਆ। ਕੰਵਲ ਸਾਹਿਬ ਨੇ 1941-42 ਵਿਚ ਲਿਖਣਾ ਸ਼ੁਰੂ ਕੀਤਾ ਜਿਸ ਨੇ ਉਨ੍ਹਾਂ ਦੀ ਸਾਹਿਤਕ ਖੇਤਰ ਵਿਚ ਚਰਚਾ ਛੇੜ ਦਿੱਤੀ। ਉਨ੍ਹਾਂ ਦਸਿਆ ਕੰਵਲ ਸਾਹਿਬ ਪੰਜਾਬ ਦੇ ਫ਼ਿਕਰਾਂ ਨਾਲ ਬਾਵਸਤਾ ਲੇਖਕ ਸਨ। ਜਿਨ੍ਹਾਂ ਨੇ ਸਾਰੀ ਉਮਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਲੇਖੇ ਲਾ ਦਿੱਤੀ। ਉਨ੍ਹਾਂ ਦਸਿਆ ਜਸਵੰਤ ਸਿੰਘ ਕੰਵਲ ਹੋਰਾਂ ਨੇ ਪਾਲੀ, ਸੱਚ ਨੂੰ ਫ਼ਾਂਸੀ, ਪੂਰਨਮਾਸ਼ੀ, ਜ਼ਿੰਦਗੀ ਦੂਰ ਨਹੀਂ, ਰਾਤ ਬਾਕੀ ਸਿਵਲ ਲਾਈਨਜ਼, ਰੂਪਧਾਰਾ, ਹਾਣੀ, ਭਵਾਨੀ, ਮਿੱਤਰ ਪਿਆਰੇ ਨੂੰ, ਜੇਰਾ, ਬਰਫ਼ ਦੀ ਅੱਗ, ਤਾਰੀਖ ਵੇਖਦੀ ਹੈ, ਲਹੂ ਦੀ ਲੋਅ, ਮਨੁੱਖਤਾ, ਮੋੜਾ, ਸੁਰ ਸਾਂਝ, ਐਨਿਆਂ ’ਚੋਂ ਉਠਿੱਆ ਸੂਰਮਾ, ਅਹਿਸਾਸ, ਖ਼ੂਬਸੂਰਤ ਦੁਸ਼ਮਨ, ਤੋਸ਼ਾਲੀ ਦੀ ਹੰਸੋ, ਚਿੱਕਰ ਦੇ ਕੰਵਲ, ਰੂਪਮਤੀ, ਖ਼ੂਨ ਕੇ ਸੋਹਿਲੇ ਗਾਵੀਏ ਨਾਨਕ (ਦੋ ਭਾਗਾਂ ਵਿਚ), ਮੁਕਤੀ ਮਾਰਗ, ਇਕ ਹੋਰ ਹੈਲਨ, ਸੁੰਦਰਾਂ, ਲੱਦਾ ਪਰੀ ਨੇ ਚੰਨ ਉਜਾੜ ਵਿਚੋਂ ਸਮੇਤ 36 ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਏ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਨੇ ਕਿਹਾ ਪੰਜਾਬ ਦੇ ਭਲੇ ਲਈ ਜਿਹੜੀ ਵੀ ਲਹਿਰ ਚੱਲੀ ਉਹ ਉਸ ਨਾਲ ਤਨੋ ਮਨੋ ਜੁੜੇ ਹੋਏ ਸਨ।
ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸ. ਜਸਵੰਤ ਸਿੰਘ ਕੰਵਲ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ਦਸਿਆ ਕੰਵਲ ਸਾਹਿਬ ਨੂੰ ਜ਼ਿੰਦਗੀ ਵਿਚ ਅਨੇਕਾਂ ਮਾਣ-ਸਨਮਾਨ ਮਿਲੇ। ਕੰਵਲ ਸਾਹਿਬ ਨੂੰ ਪੰਜਾਬ ਦਾ ਸਰਵੋਤਮ ਪੁਰਸਕਾਰ ਸਾਹਿਤ ਰਤਨ ਅਤੇ ਪੰਜਾਬੀ ਸਾਹਿਤ ਅਕਾਡਮੀ ਵਲੋਂ ਸ. ਕਰਤਾਰ ਸਿੰਘ ਧਾਲੀਵਾਲ ਸਰਵ ਸ੍ਰੇਸ਼ਟ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਅਤੇ ਨਾਵਲ ਤੋਸ਼ਾਲੀ ਦੀ ਹੰਸੋ ਨੂੰ 1997 ਵਿਚ ਭਾਰਤੀ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਕੰਵਲ ਸਾਹਿਬ ਨੇ ਗਿਆਰਾਂ ਕਹਾਣੀ ਸੰਗ੍ਰਹਿ ਕੰਢੇ, ਸੰਧੂਰ, ਰੂਪ ਦੇ ਰਾਖੇ, ਫੁੱਲਾਂ ਦੀ ਮਾਲੀ, ਰੂਹ ਦਾ ਹਾਣ, ਮਾਈ ਦਾ ਲਾਲ, ਹੋਕਾ ਤੇ ਮੁਸਕਾਣ, ਗਵਾਚੀ ਪੱਗ, ਜੰਡ ਪੰਜਾਬ ਦਾ, ਲੰਮੇ ਵਾਲਾਂ ਦੀ ਪੀੜ, ਸਾਂਝੀ ਪੀੜ ਅਤੇ ਪੰਜ ਰੇਖਾਂ ਚਿਤਰ, ਅੱਠ ਬਾਲ ਪੁਸਤਕਾਂ ਸਮੇਤ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਏ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ. ਸ. ਪ. ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜੀਤ ਕੌਰ ਅੰਬਾਲਵੀ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਡਾ. ਸ਼ਰਨਜੀਤ ਕੌਰ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਸ਼ਾਮਲ ਹਨ।