ਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ ਹੋ ਗਿਆ ਹੈ। ਪੰਜਾਬੀ ਸਾਹਿਤ ਦਾ ਚਮਕਦਾ ਸਿਤਾਰਾ ਡਾ ਦਲੀਪ ਕੌਰ ਟਿਵਾਣਾ ਭਾਵੇਂ ਸਰੀਰਕ ਤੌਰ ਤੇ ਸਦਾ ਲਈ ਇਸ ਫਾਨੀ ਸੰਸਾਰ ਤੋਂ ਅਲਵਿਦਾ ਲੈ ਗਏ ਹਨ ਪ੍ਰੰਤੂ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਹਮੇਸ਼ਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਸਾਹਿਤਕ ਰੌਸ਼ਨੀ ਦਿੰਦੀਆਂ ਹੋਈਆਂ ਪੰਜਾਬੀ ਦੇ ਸਾਹਿਤਕਾਰਾਂ ਨੂੰ ਪ੍ਰੇਰਨਾ ਦਿੰਦੀਆਂ ਰਹਿਣਗੀਆਂ। ਉਹ ਬਹੁਪੱਖੀ ਲੇਖਕਾ ਸੀ ਜਿਸਨੇ ਪੰਜਾਬੀ ਭਾਸ਼ਾ ਦਾ ਮਾਣ ਵਧਾਇਆ ਹੈ। ਉਨ੍ਹਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਸਾਹਿਤ ਦੇ ਵੱਖ-ਵੱਖ ਰੂਪਾਂ ਜਿਨ੍ਹਾਂ ਵਿਚ ਨਾਵਲ -33 , ਕਹਾਣੀਆਂ- 14, ਵਾਰਤਕ-2, ਅਨੁਵਾਦ-7 ਅਤੇ ਸਵੈ ਜੀਵਨੀਆਂ-3 ਦੀਆਂ ਕੁਲ 60 ਪੁਸਤਕਾਂ ਪਾਈਆਂ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਦੇ ਅਨੁਵਾਦ ਹੋਰ ਭਾਸ਼ਵਾਂ ਵਿਚ ਹੋ ਕੇ ਪ੍ਰਕਾਸ਼ਤ ਹੋਏ ਹਨ। ਸਾਹਿਤਕ ਜਗਤ ਵਿਚ ਇਤਨਾ ਵੱਡਾ ਯੋਗਦਾਨ ਪਾਉਣ ਦੇ ਬਾਵਜੂਦ ਆਪਨੇ ਹਲੀਮੀ ਦਾ ਪੱਲਾ ਨਹੀਂ ਛੱਡਿਆ। ਆਪ ਸੰਜਮ, ਸਹਿਜਤਾ, ਸਿਆਣਪ ਅਤੇ ਸਲੀਕੇ ਦਾ ਮੁਜੱਸਮਾ ਸਨ। ਹੈਰਾਨੀ ਦੀ ਗੱਲ ਹੈ ਕਿ ਆਪ ਦੀ ਪਾਲਣ ਪੋਸਣ ਅਤੇ ਪੜ੍ਹਾਈ ਸ਼ਾਹੀ ਢੰਗ ਨਾਲ ਹੋਣ ਦੇ ਬਾਵਜੂਦ ਆਪਨੇ ਜਿਤਨਾ ਵੀ ਸਾਹਿਤ ਲਿਖਿਆ, ਉਹ ਸਾਰਾ ਹੀ ਗ਼ਰੀਬਾਂ, ਮਜ਼ਲੂਮਾ, ਦੱਬੇ ਕੁਚਲੇ , ਪੀੜਤ ਲੋਕਾਂ ਅਤੇ ਇਸਤਰੀ ਜ਼ਾਤੀ ਦੇ ਹੱਕਾਂ ‘ਤੇ ਪਹਿਰਾ ਦਿੰਦਾ ਸੀ। ਦਲੀਪ ਕੌਰ ਟਿਵਾਣਾ ਪਹਿਲੀ ਅਜਿਹੀ ਪੰਜਾਬੀ ਦੀ ਲੇਖਕਾ ਹੈ, ਜਿਸਨੂੰ ਉਨ੍ਹਾਂ ਦੇ ਨਾਵਲ ਕਥਾ ਕਹੋ ਉਰਵਸ਼ੀ ਲਈ ਸਰਸਵਤੀ ਪੁਰਸਕਾਰ ਨਾਲ 2001 ਵਿਚ ਸਨਮਾਨਤ ਕੀਤਾ ਗਿਆ ਸੀ। ਸਾਹਿਤਕ ਜਗਤ ਦੀਆਂ ਬੁਲੰਦੀਆਂ ਤੇ ਪਹੁੰਚਣ ਤੋਂ ਬਾਅਦ ਵੀ ਉਹ ਜ਼ਮੀਨੀ ਹਕੀਕਤਾਂ ਨਾਲ ਜੁੜੀ ਰਹੀ। ਉਸਨੇ ਸਰਵਉਚ ਸਨਮਾਨ ਮਿਲਣ ਤੋਂ ਬਾਅਦ ਵੀ ਨਮਰਤਾ ਦਾ ਪੱਲਾ ਨਹੀ ਛੱਡਿਆ। ਆਮ ਤੌਰ ਤੇ ਛੋਟਾ ਮੋਟਾ ਸਨਮਾਨ ਮਿਲਣ ਤੇ ਵੀ ਕਈ ਸਾਹਿਤਕਾਰ ਪੈਰ ਛੱਡਕੇ ਆਧੁਨਿਕਤਾ ਦੀਆਂ ਗੱਲਾਂ ਕਰਦੇ ਹਨ। ਦਲੀਪ ਕੌਰ ਟਿਵਾਣਾ ਇਕ ਗੁਰਸਿੱਖ ਪਰਿਵਾਰ ਵਿਚ ਜਨਮ ਲੈ ਕੇ ਅਖੀਰ ਤੱਕ ਆਪਣੇ ਪਰਿਵਾਰ ਦੀ ਵਿਰਾਸਤ ਸਿੱਖ ਧਰਮ ਦੀਆਂ ਪਰੰਪਰਾਵਾਂ, ਰਹਿਤ ਮਰਿਆਦਾਵਾਂ ਅਤੇ ਸਿਧਾਂਤਾਂ ਤੇ ਪਹਿਰਾ ਦਿੰਦੀ ਰਹੀ। ਆਧੁਨਿਕਤਾ ਦੇ ਦੌਰ ਦਾ ਉਸ ਦੀ ਨਿੱਜੀ ਜ਼ਿੰਦਗੀ ਨੇ ਕੋਈ ਪ੍ਰਭਾਵ ਗ੍ਰਹਿਣ ਨਹੀਂ ਕੀਤਾ। ਉਹ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਦੀ ਮੁਦਈ ਬਣੀ ਰਹੀ। ਉਨ੍ਹਾਂ ਹਮੇਸ਼ਾ ਸਾਦਾ ਰਹਿਣੀ ਬਹਿਣੀ ਵਿਚ ਰਹਿੰਦਿਆਂ ਆਪਣਾ ਸਾਧਾਰਨ ਜੀਵਨ ਜੀਵਿਆ। ਪੰਜਾਬੀ ਪਹਿਰਾਵਾ ਹੀ ਉਨ੍ਹਾਂ ਦੀ ਪਛਾਣ ਸੀ।
ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਪਾਇਲ ਸਬ ਡਵੀਜਨ ਵਿਚ ਲੁਧਿਆਣਾ ਜਿਲ੍ਹੇ ਦੇ ਪਿੰਡ ੳੁੱਚੀ ਰੱਬੋਂ ਵਿਖੇ ਮਾਤਾ ਚੰਦ ਕੌਰ ਅਤੇ ਪਿਤਾ ਸਰਦਾਰ ਕਾਕਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਇਕ ਸਰਮਾਏਦਾਰ ਜ਼ਿਮੀਦਾਰ ਸਨ, ਜਿਨ੍ਹਾਂ ਦਾ ਇਲਾਕੇ ਵਿਚ ਸਤਕਾਰਤ ਸਥਾਨ ਸੀ। ਉੱਚੀ ਰੱਬੋਂ ਪਹਿਲੇ ਸੁਤੰਤਰਤਾ ਸੰਗਰਾਮੀ ਭਾਈ ਮਹਾਰਾਜ ਸਿੰਘ ਦਾ ਪਿੰਡ ਵੀ ਹੈ। ਆਪਦੀ ਭੂਆ ਅਤੇ ਫੁੱਫੜ ਸਰਦਾਰ ਤਾਰਾ ਸਿੰਘ ਸਿੱਧੂ ਦੇ ਆਪਣੀ ਔਲਾਦ ਨਹੀਂ ਸੀ, ਇਸ ਕਰਕੇ ਉਨ੍ਹਾਂ ਨੇ ਦਲੀਪ ਕੌਰ ਟਿਵਾਣਾ ਨੂੰ ਉਸਦੇ ਮਾਪਿਆਂ ਤੋਂ ਮੰਗ ਕੇ ਆਪਣੇ ਕੋਲ ਲਿਆਂਦਾ ਸੀ। ਉਸਦੇ ਪਿਤਾ ਕਾਕਾ ਸਿੰਘ ਕਿਉਂਕਿ ਖੁਦ ਸਰਦੇ ਪੁਜਦੇ ਅਮੀਰ ਜ਼ਿਮੀਦਾਰ ਸਨ, ਇਸ ਲਈ ਉਹ ਆਪਣੀ ਲੜਕੀ ਨੂੰ ਪਟਿਆਲਾ ਭੇਜਣ ਲਈ ਸਹਿਮਤ ਨਹੀਂ ਸਨ ਪ੍ਰੰਤੂ ਲੜਕੀ ਦੀ ਸੁਚੱਜੀ ਪੜ੍ਹਾਈ ਕਰਵਾਉਣ ਦੇ ਇਰਾਦੇ ਨਾਲ ਉਨ੍ਹਾਂ ਅਖ਼ੀਰ ਦਲੀਪ ਕੌਰ ਟਿਵਾਣਾ ਨੂੰ ਪਟਿਆਲੇ ਭੇਜ ਦਿੱਤਾ। ਤਾਰਾ ਸਿੰਘ ਸਿੱਧੂ ਪਟਿਆਲਾ ਰਿਆਸਤ ਵਿਚ ਜੇਲ੍ਹਾਂ ਦੇ ਇਨਸਪੈਕਟਰ ਜਨਰਲ ਸਨ। ਇਸ ਲਈ ਆਪਦੀ ਪਾਲਣ ਪੋਸ਼ਣ ਅਤੇ ਪੜ੍ਹਾਈ ਸ਼ਾਹੀ ਢੰਗ ਨਾਲ ਪਟਿਆਲਾ ਵਿਖੇ ਹੋਈ। ਸ਼ਾਹੀ ਪਰਿਵਾਰ ਦੇ ਬੱਚਿਆਂ ਦੀ ਤਰ੍ਹਾਂ ਦਲੀਪ ਕੌਰ ਟਿਵਾਣਾ ਉਪਰ ਵੀ ਬਾਲਪਣ ਵਿਚ ਪ੍ਰਭਾਵ ਪਿਆ। ਅਧਿਆਪਕ ਦੇ ਝਿੜਕਣ ਤੇ ਹੀ ਸਕੂਲ ਜਾਣ ਤੋਂ ਨਾਂਹ ਕਰ ਦਿੱਤੀ। ਪੜ੍ਹਾਈ ਦਾ ਇਕ ਸਾਲ ਖ਼ਰਾਬ ਹੋ ਗਿਆ। ਅਖ਼ੀਰ ਆਪਨੂੰ ਘਰ ਵਿਚ ਹੀ ਪੜ੍ਹਾਉਣ ਲਈ ਅਧਿਆਪਕਾ ਦਾ ਪ੍ਰਬੰਧ ਕੀਤਾ ਗਿਆ। ਦਲੀਪ ਕੌਰ ਉਪਰ ਉਸ ਅਧਿਆਪਕਾ ਦਾ ਅਜਿਹਾ ਪ੍ਰਭਾਵ ਪਿਆ ਕਿ ਉਹ ਦੁਬਾਰਾ ਸਕੂਲ ਵਿਚ ਦਾਖ਼ਲ ਹੋ ਗਈ। ਫਿਰ ਮੁੜਕੇ ਆਪਨੇ ਪਿਛੇ ਨਹੀਂ ਦੇਖਿਆ ਸਗੋਂ ਪੜ੍ਹਾਈ ਵਿਚ ਪਹਿਲੀਆਂ ਪੁਜ਼ੀਸ਼ਨਾ ਪ੍ਰਾਪਤ ਕਰਦੀ ਰਹੀ। ਆਪ ਨੇ ਮਹਿੰਦਰਾ ਕਾਲਜ ਤੋਂ ਬੀ ਏ ਕੀਤੀ ਅਤੇ ਬਾਅਦ ਵਿਚ ਐਮ. ਏੇ .ਪੰਜਾਬੀ ਦੀ ਪੜ੍ਹਾਈ ਕੀਤੀ। ਦਲੀਪ ਕੌਰ ਟਿਵਾਣਾ ਐਮ ਏ ਪੰਜਾਬੀ ਵਿਚ ਯੂਨੀਵਰਸਿਟੀ ਵਿਚੋਂ ਪਹਿਲੇ ਨੰਬਰ ਤੇ ਆਈ। ਉਸਤੋਂ ਪਿਛੋਂ ਉਨ੍ਹਾਂ ਪੀ ਐਚ ਡੀ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੋਣ ਕੀਤੀ। ਉਨ੍ਹਾਂ ਸਮਿਆਂ ਵਿਚ ਲੜਕੀਆਂ ਦਾ ਉਚ ਪੜ੍ਹਾਈ ਕਰਨਾ ਬਹੁਤਾ ਚੰਗਾ ਨਹੀਂ ਗਿਣਿਆਂ ਜਾਂਦਾ ਸੀ। ਅੱਜ ਦੀ ਤਰ੍ਹਾਂ ਲੜਕੀਆਂ ਦੀ ਪੜ੍ਹਾਈ ਦੇ ਰਸਤੇ ਵਿਚ ਰੋੜੇ ਅਟਕਾਏ ਜਾਂਦੇ ਸਨ, ਜਿਸ ਕਰਕੇ ਬਹੁਤੀਆਂ ਲੜਕੀਆਂ ਪੜ੍ਹਾਈ ਅੱਧ ਵਿਚਕਾਰ ਹੀ ਛੱਡ ਜਾਂਦੀਆਂ ਸਨ। ਦਲੀਪ ਕੌਰ ਟਿਵਾਣਾ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੀ ਐਚ ਡੀ ਕਰਦੀ ਸੀ ਤਾਂ ਬਹੁਤ ਸਾਰੇ ਸੀਨੀਅਰ ਅਧਿਆਪਕਾਂ ਨੇ ਉਸਦੀ ਪੀ ਐਚ ਡੀ ਦੀ ਖੋਜ ਵਿਚ ਅੜਿਕੇ ਅੜਾਉਣ ਦੀ ਕੋਸਿਸ਼ ਕੀਤੀ। ਇਥੋਂ ਤੱਕ ਕਿ ਪੰਜਾਬ ਯੂਨੀਵਰਸਿਟੀ ਵਿਚ ਜਿਹੜਾ ਅਧਿਆਪਕ ਵਾਇਵਾ ਲੈਣ ਆਇਆ ਸੀ, ਉਸ ਤੱਕ ਪ੍ਰਭਾਵਸ਼ਾਲੀ ਅਧਿਆਪਕਾਂ ਵੱਲੋਂ ਪਹੁੰਚ ਕੀਤੀ ਗਈ ਕਿ ਇਸ ਲੜਕੀ ਭਾਵ ਦਲੀਪ ਕੌਰ ਟਿਵਾਣਾ ਨੂੰ ਪਾਸ ਨਾ ਕੀਤਾ ਜਾਵੇ। ਸੀਨੀਅਰ ਅਧਿਆਪਕ ਉਸਦੀ ਪ੍ਰਤਿਭਾ ਤੋਂ ਖ਼ਾਰ ਖਾਂਦੇ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਹ ਛੋਟੀ ਉਮਰ ਦੀ ਲੜਕੀ ਕਲ੍ਹ ਨੂੰ ਉਨ੍ਹਾਂ ਦੇ ਬਰਾਬਰ ਅਧਿਆਪਕ ਬਣਕੇ ਬੈਠ ਜਾਵੇਗੀ। ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਜੋ ਆਪ ਵਾਇਵਾ ਲੈਣ ਲਈ ਮੀਟਿੰਗ ਵਿਚ ਬੈਠੇ ਸਨ ਦੇ ਦਖ਼ਲ ਦੇਣ ਤੋਂ ਬਾਅਦ ਆਪਦੀ ਪੀ ਐਚ ਡੀ ਦੀ ਡਿਗਰੀ ਵਿਚ ਸਫਲਤਾ ਦਾ ਐਲਾਨ ਹੋਇਆ। ਪੀ .ਐਚ .ਡੀ .ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਆਪਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ 1963 ਪ੍ਰਾ. ਅਧਿਆਪਕ ਪੰਜਾਬੀ ਲਈ ਚੋਣ ਹੋ ਗਈ। ਉਦੋਂ ਆਪਦੀ ਉਮਰ ਮਹਿਜ਼ 28 ਸਾਲ ਸੀ। ਆਪ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਦੀ ਪਹਿਲੀ ਇਸਤਰੀ ਲੈਕਚਰਾਰ ਸਨ। ਆਪ ਤਰੱਕੀ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਪਦਉਨਤ ਹੋ ਗਏ। ਵਿਦਿਆਰਥੀ ਆਪਦੇ ਪੜ੍ਹਾਉਣ ਦੇ ਢੰਗ ਤੋਂ ਬਹੁਤ ਸੰਤੁਸ਼ਟ ਰਹਿੰਦੇ ਸਨ। ਉਹ ਡੀਨ ਦੇ ਅਹੁਦੇ ਤੇ ਵੀ ਕੰਮ ਕਰਦੇ ਰਹੇ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਜੀਵਨ ਫੈਲੋਸ਼ਿਪ ਦਿੱਤੀ ਹੋਈ ਸੀ। ਦਲੀਪ ਕੌਰ ਟਿਵਾਣਾ ਦੀ ਕਈ ਖੇਤਰਾਂ ਵਿਚ ਪਹਿਲ ਕਰਦੀ ਰਹੀ ਜਿਵੇਂ ਪਹਿਲੀ ਹੀ ਪੁਸਤਕ ਸਾਧਨਾ 1960-61 ਵਿਚ ਪ੍ਰਕਾਸ਼ਤ ਹੋਈ ਅਤੇ ਉਸਨੂੰ ਭਾਸ਼ਾ ਵਿਭਾਗ ਨੇ ਇਨਾਮ ਲਈ ਚੁਣ ਲਿਆ। ਇਸੇ ਤਰ੍ਹਾਂ ਸਰਸਵਤੀ ਅਵਾਰਡ ਲਈ ਵੀ ਆਪ ਪਹਿਲੀ ਪੰਜਾਬੀ ਦੀ ਲੇਖਕਾ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਪਹਿਲੀ ਪੰਜਾਬੀ ਦੀ ਇਸਤਰੀ ਲੈਕਚਰਾਰ ਸੀ। ਇਨਾਮਾ ਦੀ ਝੜੀ ਲੱਗ ਜਾਂਦੀ ਸੀ। ਉਹ ਕਿਹੜਾ ਅਵਾਰਡ ਹੈ ਜਿਹੜਾ ਉਸਨੂੰ ਨਹੀਂ ਮਿਲਿਆ। ਜਿਥੇ ਆਪਨੇ ਨਾਵਲ ਅਤੇ ਕਹਾਣੀਆਂ ਦੀਆਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਪੁਸਤਕਾਂ ਲਿਖੀਆਂ ਉਥੇ ਹੀ ਕਮਾਲ ਦੀ ਗੱਲ ਹੈ ਕਿ ਆਪਨੇ ਤਿੰਨ ਧਾਰਮਿਕ ਪੁਸਤਕਾਂ ਵੀ ਲਿਖੀਆਂ ਹਨ।
ਉਹ 31 ਜਨਵਰੀ 2020 ਨੂੰ ਸੰਖੇਪ ਫੇਫੜਿਆਂ ਦੀ ਉਸੇ ਬਿਮਾਰੀ ਨਾਲ ਸਵਰਗਵਾਸ ਹੋ ਗਏ ਜਿਹੜੀ ਬਿਮਾਰੀ ਨੇ ਉਸਨੂੰ ਜਵਾਨੀ ਮੌਕੇ ਵੀ ਇਕ ਵਾਰ ਆਪਣੀ ਗਿ੍ਰਫਿਤ ਵਿਚ ਲੈ ਲਿਆ ਸੀ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ। ਆਪਦਾ ਵਿਆਹ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸ੍ਰ ਭੁਪਿੰਦਰ ਸਿੰਘ ਮਿਨਹਾਸ ਨਾਲ ਹੋਇਆ ਜਿਨ੍ਹਾਂ ਨੇ ਦਲੀਪ ਕੌਰ ਟਿਵਾਣਾ ਦੀ ਸਾਹਿਤ ਸਿਰਜਣਾ ਵਿਚ ਵਿਲੱਖਣ ਸਹਿਯੋਗ ਦਿੱਤਾ । ਦਲੀਪ ਕੌਰ ਟਿਵਾਣਾ ਨੂੰ ਜ਼ਿੰਦਗੀ ਦੀਆਂ ਤਲਖ ਸਚਾਈਆਂ ਨਾਲ ਵੀ ਝੂਜਣਾ ਪਿਆ। ਉਨ੍ਹਾਂ ਦਾ ਇਕਲੌਤਾ ਭਰਾ ਫੌਜ ਵਿਚੋਂ ਆਉਣ ਤੋਂ ਬਾਅਦ ਸਵਰਗਵਾਸ ਹੋ ਗਿਆ। ਉਸਤੋਂ ਬਾਅਦ ਉਨ੍ਹਾਂ ਦਾ ਭਤੀਜਾ ਵੀ ਅਜਿਹੇ ਹਾਲਾਤ ਵਿਚ ਸਾਥ ਛੱਡ ਗਿਆ। ਜਿਸਦਾ ਆਪਦੀ ਸਾਹਿਤ ਸਿਰਜਣਾ ਤੇ ਕਾਫੀ ਗਹਿਰਾ ਅਸਰ ਪਿਆ। ਕੁਝ ਸਮੇਂ ਲਈ ਆਪਨੇ ਲਿਖਣ ਤੋਂ ਵਿਰਾਮ ਲੈ ਲਿਆ। ਪ੍ਰੰਤੂ ਪ੍ਰਮਾਤਮਾ ਦੀ ਕਿਰਪਾ ਨਾਲ ਆਪ ਦੇ ਸਬਰ ਸੰਤੋਖ ਨੇ ਫਿਰ ਇਕ ਵਾਰ ਨਵੇਂ ਸਿਰੇ ਤੋਂ ਲਿਖਣ ਦੀ ਜ਼ਿੰਦਗੀ ਸ਼ੁਰੂ ਕੀਤੀ ਜਿਹੜੀ ਅਖ਼ੀਰ ਦਮ ਤੱਕ ਜਾਰੀ ਰਹੀ। ਆਪ ਨੇ ਗੁਰੂ ਦੇ ਭਾਣੇ ਨੂੰ ਮੰਨਕੇ ਜ਼ਿੰਦਗੀ ਦਾ ਆਨੰਦ ਮਾਣਿਆ ਹੈ। ਆਪ ਸਿੱਖ ਧਰਮ ਵਿਚ ਸੰਪੂਰਨ ਵਿਸ਼ਵਾਸ ਰੱਖਦੇ ਸਨ ਜਿਸ ਕਰਕੇ ਆਪ ਹਮੇਸ਼ਾ ਹਰ ਮੁਸ਼ਕਲ ਦੇ ਸਮੇਂ ਵਿਚ ਸਫਲਤਾ ਪ੍ਰਾਪਤ ਕਰਦੇ ਰਹੇ। ਆਪ ਨੂੰ 2004 ਵਿੱਚ ਆਪ ਦੀਆਂ ਸਾਹਿਤਕ ਪ੍ਰਾਪਤੀਆਂ ਕਰਕੇ ਭਾਰਤ ਸਰਕਾਰ ਨੇ ਪਦਮ ਸ੍ਰੀ ਅਵਾਰਡ ਦੇ ਕੇ ਸਨਮਾਨਤ ਕੀਤਾ ਸੀ। ਆਪ ਦਾ ਕਹਾਣੀ, ਨਾਵਲ ਅਤੇ ਸਵੈ ਜੀਵਨੀ ਦੇ ਖੇਤਰ ਵਿੱਚ ਬੜਾ ਵੱਡਾ ਸਾਹਿਤਕ ਯੋਗਦਾਨ ਹੈ। ਆਪ ਨੇ ਸਾਹਿਤ ਦੇ ਹਰ ਰੂਪ ਵਿੱਚ ਲਿਖਕੇ ਆਪਣਾ ਯੋਗਦਾਨ ਪਾਇਆ ਹੈ। ਵਿਸ਼ੇਸ਼ ਤੌਰ ਤੇ ਇਸਤਰੀ ਜਾਤੀ ਦੇ ਦੁਖ ਦਰਦ, ਭਾਵਨਾਵਾਂ, ਅਨਿਆਏ ਅਤੇ ਮਾਨਸਿਕ ਤ੍ਰਾਸਦੀ ਨੂੰ ਮਹਿਸੂਸ ਕਰਕੇ ਆਪਣੀਆਂ ਲਿਖਤਾਂ ਵਿੱਚ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਇਸਤਰੀਆਂ ਉਪਰ ਹੋ ਰਹੇ ਅਤਿਆਚਾਰਾਂ ਨੂੰ ਅਤੇ ਇਸਤਰੀਆਂ ਦੇ ਮਨ ਦੀਆਂ ਡੂੰਘੀਆਂ ਭਾਵਨਾਵਾਂ ਨੂੰ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ ਹੈ। ਆਪ ਪੰਜਾਬੀ ਦੇ ਇੱਕ ਪ੍ਰਸਿਧ ਕਹਾਣੀਕਾਰ ਅਤੇ ਨਾਵਲਕਾਰ ਦੇ ਤੌਰ ਤੇ ਜਾਣੇ ਜਾਂਦੇ ਹਨ। ਆਪ ਇੱਕ ਬਹੁਪੱਖੀ ਲੇਖਕਾ ਦੇ ਤੌਰ ਤੇ ਪ੍ਰਤਿਭਾ ਦੇ ਮਾਲਕ ਹਨ ਜਿਹਨਾਂ ਨੂੰ ਭਾਸ਼ਾ ਵਿਭਾਗ ਨੇ ਉਹਨਾਂ ਦੀ ਪੁਸਤਕ ਸਾਧਨਾ ਤੇ 1960- 61 ਵਿੱਚ ਪੁਰਸਕਾਰ ਦਿੱਤਾ ਸੀ। ਆਪ ਜੀ ਨੂੰ 1972 ਵਿੱਚ ਨਾਵਲ ਏਹੁ ਹਮਾਰਾ ਜੀਵਣਾ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, 1980 ਵਿੱਚ ਪੀਲੇ ਪੱਤਿਆਂ ਦੀ ਦਾਸਤਾਨ ਉਪਰ ਨਾਨਕ ਸਿੰਘ ਪੁਰਸਕਾਰ, 1975 ਵਿੱਚ ਪੰਚਾਂ ਵਿੱਚ ਪਰਮੇਸ਼ਰ ਲਈ ਭਾਰਤ ਸਰਕਾਰ ਨੇ ਪੁਰਸਕਾਰ, 1982 ਵਿੱਚ ਸਵੈ ਜੀਵਨੀ ਨੰਗੇ ਪੈਰਾਂ ਦਾ ਸਫਰ ਲਈ ਭਾਸ਼ਾ ਵਿਭਾਗ ਪੰਜਾਬ ਨੇ ਗਿਆਨੀ ਗੁਰਮੁਖ ਸਿੰਘ ਪੁਰਸਕਾਰ, 1985 ਵਿੱਚ ਕੈਨੇਡੀਅਨ ਅੰਤਰਰਾਸ਼ਟਰੀ ਪੰਜਾਬੀ ਲੇਖਕ ਅਤੇ ਆਰਟਿਸਟ ਐਸੋਸੀਏਸ਼ਨ ਵਲੋਂ ਪੁਰਸਕਾਰ, 1989 ਵਿਚ ਪੰਜਾਬ ਸਰਕਾਰ ਨੇ ਸਨਮਾਨ ਪੱਤਰ ਦਿੱਤਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ 1991 ਵਿਚ ਕਰਤਾਰ ਸਿੰਘ ਧਾਲੀਵਾਲ ਅਵਾਰਡ, ਪੰਜਾਬੀ ਸਾਹਿਤ ਅਕਾਡਮੀ ਦਿੱਲੀ ਨੇ ਬੈਸਟ ਨਾਵਲਿਸਟ ਆਫ ਡੀਕੇਡ ਅਵਾਰਡ, ਦੂਰ ਦਰਸ਼ਨ ਜਲੰਧਰ ਨੇ ਪੰਜਾਬੀ ਦੀ ਸੇਵਾ ਲਈ 2005 ਵਿਚ ਅਵਾਰਡ, ਪੰਜਾਬੀ ਸਾਹਿਤ ਰਤਨ ਅਵਾਰਡ 2008 ਵਿਚ, ਮਾਤਾ ਸਾਹਿਬ ਕੌਰ ਅਵਾਰਡ 1999 ਵਿਚ, ਖਾਲਸਾ ਦੀ ਤੀਜੀ ਸ਼ਤਾਬਦੀ ਦਾ ਅਵਾਰਡ 1999 ਵਿਚ ਆਨੰਦਪੁਰ ਸਾਹਿਬ ਵਿਖੇ ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਨਰੇਰੀ ਡੀ ਲਿਟ ਦੀ ਡਿਗਰੀ ਦਿੱਤੀ। ਪੰਜਾਬੀ ਸਾਹਿਤ ਨੂੰ ਵਡਮੁਲੀ ਦੇਣ ਸਦਕਾ ਭਾਸ਼ਾ ਵਿਭਾਗ ਪੰਜਾਬ ਨੇ 1987 ਵਿੱਚ ਸ਼ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਆ। ਇਸੇ ਤਰ੍ਹਾਂ ਕੇ ਕੇ ਬਿਰਲਾ ਫ਼ਾਊਂਡੇਸਨ ਨੇ ਆਪ ਜੀ ਨੂੰ 2002 ਵਿੱਚ ਸਰਸਵਤੀ ਅਵਾਰਡ ਨਾਲ ਵੀ ਸਨਮਾਨਿਆਂ ਗਿਆ । ਆਪ ਦੇ ਨਾਵਲਾਂ ਅਤੇ ਕਹਾਣੀਆਂ ਤੇ ਫਿਲਮਾਂ ਵੀ ਬਣੀਆਂ ਹਨ। ਆਪਦੀਆਂ ਕਹਾਣੀਆਂ, ਨਾਵਲਾਂ ਅਤੇ ਹੋਰ ਸਾਹਿਤਕ ਵੰਨਗੀਆਂ ਦਾ ਦੇਸ ਦੀਆਂ ਬਾਕੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਏ ਹਨ। ਆਪ ਨੇ ਆਪਣੀ ਮਾਂ ਦੀ ਇੱਛਾ ਮੁਤਾਬਕ ਮਾਤਾ ਸਾਹਿਬ ਕੌਰ, ਮਾਤਾ ਜੀਤੋ ਅਤੇ ਮਾਤਾ ਸੁੰਦਰੀ ਦੇ ਜੀਵਨ ਨੂੰ ਆਧਾਰ ਬਣਾ ਕੇ ਤਿੰਨ ਨਾਵਲ-ਤੀਨ ਲੋਕ ਸੇ ਨਿਆਰੀ 2008, ਤੁਮਰੀ ਕਥਾ ਕਹੀ ਨਾ ਜਾਏ 2009 ਅਤੇ ਵਿਛੜੇ ਸੱਭੋ ਵਾਰੋ-ਵਾਰੀ 2011 ਲਿਖੇ। ਸਾਹਿਤਕ ਖੇਤਰ ਵਿਚ ਦਲੀਪ ਕੌਰ ਟਿਵਾਣਾ ਨੂੰ ਮਹਿੰਦਰ ਸਿੰਘ ਰੰਧਾਵਾ ਅਤੇ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਯੋਗ ਅਗਵਾਈ ਮਿਲਦੀ ਰਹੀ ਹੈ। ਜਿਨ੍ਹਾਂ ਦੀ ਉਹ ਹਮੇਸ਼ਾ ਕਦਰਦਾਨ ਰਹੀ ਹੈ।