ਇੱਕ ਸਫਲ (ਕਾਮਯਾਬ) ਕਹਾਣੀ ਦੇ ਨਾਲ, ਅਸਫਲਤਾ ਦੀਆਂ ਕਹਾਣੀਆਂ ਜ਼ਰੂਰ ਜੁੜੀਆਂ ਹੁੰਦੀਆਂ ਹਨ। ਜੇ ਇਹ ਕਹਿ ਲਈਏ ਕਿ ਅਸਫਲਤਾ ਹੀ ਸਫਲ ਕਹਾਣੀਆਂ ਦੀ ਜਨਮ ਦਾਤੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰ ਅਕਸਰ ਅਸੀਂ ਕਿਸੇ ਇਨਸਾਨ ਨੂੰ ਹਾਰਦੇ ਹੋਏ, ਕੋਸ਼ਿਸ਼ ਕਰਦੇ ਹੋਏ, ਆਪਣੇ ਸੁਪਨਿਆਂ ਨਾਲ ਲੜਦੇ ਹੋਏ, ਨਾਕਾਮਯਾਬ ਹੁੰਦੇ ਹੋਏ ਨਹੀਂ ਦੇਖਦੇ, ਇਸ ਕਰਕੇ ਇਹ ਸੋਚ ਲੈਂਦੇ ਹਾਂ ਕਿ, ‘ਫਲਾਣੇ ਬੰਦੇ ਦੀ ਕਿਸਮਤ ਚੰਗੀ ਸੀ, ਜਿਸ ਕਰਕੇ ਉਸਨੂੰ ਇਹ ਕਾਮਯਾਬੀ ਮਿਲ ਗਈ ਜਾਂ ਫਿਰ ਇਹ ਕਹਿ ਦਿੰਦੇ ਹਾਂ ਕਿ ਕਿਸਮਤ ਨੇ ਉਸਦਾ ਸਾਥ ਦਿੱਤਾ ਕਿ ਉਹ ਸਹੀ ਸਮੇਂ ਤੇ ਸਹੀ ਜਗ੍ਹਾ ਤੇ ਖੜ੍ਹਾ ਸੀ।’ ਪ੍ਰਸਿੱਧ ਲੇਖਕ ਲਿਓਨਾਰਡ ਪਿਟਸ ਲਿਖਦਾ ਹੈ ਕਿ, ‘ਅਕਸਰ ਦੂਜਿਆਂ ਦੀ ਕਾਮਯਾਬੀ ਨੂੰ ਦੇਖ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਵੱਡਾ ਨਾਮ ਕਮਾਉਣਾ ਅਤੇ ਸਫਲ ਹੋਣਾ ਖੱਬੇ ਹੱਥ ਦੀ ਖੇਡ ਹੈ, ਕਿਉਂਕਿ ਸਾਨੂੰ ਉਸ ਦੀ ਕਾਮਯਾਬੀ ਪਿੱਛੇ ਲੱਗੀ ਸਖਤ ਮਿਹਨਤ ਅਤੇ ਲਗਨ ਦਾ ਅੰਦਾਜ਼ਾ ਨਹੀਂ ਹੁੰਦਾ। ਅਸੀਂ ਸਿਰਫ ਉਸਦੀ ਕਾਮਯਾਬੀ ਅਤੇ ਸਫਲਤਾ ਦੇਖਦੇ ਹਾਂ।’
ਪਰ ਜੇਕਰ ਅਸੀਂ ਵੀ ਆਪਣੇ ਜੀਵਣ ਦੇ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਇਹ ਗੱਲ ਪੱਕੇ ਤੌਰ ਤੇ ਪੱਲ੍ਹੇ ਬੰਨਣੀ ਪਵੇਗੀ ਕਿ ਸਫਲਤਾ ਦਾ ਪਹਿਲਾ ਮੰਤਰ ‘ਕੋਸ਼ਿਸ਼’ ਹੈ। ਕਿਉਂਕਿ ਅਸੀਂ ਸਫਲ ਹੋਣ ਬਾਰੇ ਸੋਚਦੇ ਜ਼ਰੂਰ ਹਾਂ, ਪਰ ਸਫਲ ਹੋਣ ਲਈ ਕੋਸ਼ਿਸ਼ ਬਿਲਕੁਲ ਨਹੀਂ ਕਰਦੇ ਅਤੇ ਆਪਣੀ ਨਾਕਾਮਯਾਬੀ ਨੂੰ ਲੁਕਾਉਣ ਲਈ ਸਮੇਂ ਅਤੇ ਹਾਲਤਾਂ ਦਾ ਬਹਾਨਾਂ ਬਣਾ ਦਿੰਦੇ ਹਾਂ। ਇਹ ਯਾਦ ਰੱਖਣਾ ਪਵੇਗਾ ਕਿ ਸਫਲਤਾ ਤੀਰ ਤੁੱਕੇ ਜਾਂ ਅਟੇਸਟੇ ਨਹੀਂ ਮਿਲ ਜਾਂਦੀ। ਇਸ ਲਈ ਲੰਮੇ ਸੰਘਰਸ਼, ਸਖਤ ਮਿਹਨਤ, ਦ੍ਰਿੜ ਇਰਾਦੇ, ਆਪਣੇ ਟੀਚੇ ਨੂੰ ਸਮਰਪਣ ਭਾਵਨਾ, ਸਮੇਂ ਦੀ ਸਹੀ ਵਰਤੋਂ ਕਰਨ ਦੀ ਜਾਂਚ ਵਰਗੇ ਪੱਖ ਸ਼ਾਮਲ ਹੁੰਦੇ ਹਨ ਅਤੇ ਇਹਨਾਂ ਤੋਂ ਪਹਿਲਾਂ ਜ਼ਰੂਰਤ ਹੈ, ਸਫਲਤਾ ਪ੍ਰਤੀ ਚੇਤੰਨ ਹੋ ਕੇ ‘ਕੋਸ਼ਿਸ਼’ ਭਾਵ ਉੱਦਮ ਕਰਨ ਦੀ। ਤਾਂ ਹੀ ਸਿਆਣੇ ਕਹਿੰਦੇ ਸੀ, ਉੱਦਮ ਅੱਗੇ ਲਛਮੀ, ਪੱਖੇ ਅਗੇ ਪਾਉਣ (ਹਵਾ)।’ ਅਤੇ ਗੁਰਬਾਣੀ ਵੀ ਸਾਡਾ ਮਾਰਗ ਦਰਸ਼ਨ ਕਰਦੇ ਹੋਏ ਸਮਝਾਉਂਦੀ ਹੈ, ਜਿੰਦਗੀ ਵਿੱਚ ਕੋਈ ਵੀ ਪ੍ਰਾਪਤੀ ਲਈ ਉੱਦਮ ਸੱਭ ਤੋਂ ਪਹਿਲਾਂ ਹੈ, ‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥’ (522)
ਚੱਲੋ ਤੁਹਾਨੂੰ ਇਕ ਕਹਾਣੀ ਦੱਸਦਾ ਹਾਂ। ਇੱਕ ਵਿਅਕਤੀ ਸੀ, ਜਦ ਉਸਦੀ ਉਮਰ ਕੇਵਲ 9 ਸਾਲ ਦੀ ਸੀ ਤਾਂ ਉਸਦੀ ਮਾਂ ਦੀ ਮੌਤ ਹੋ ਗਈ। ਜਦ ਉਹ 21 ਸਾਲ ਦਾ ਹੋਇਆ ਤਾਂ ਕਾਰੋਬਾਰ ਵਿੱਚ ਬੁਰੀ ਤਰ੍ਹਾਂ ਅਸਫਲ ਹੋ ਗਿਆ ਅਤੇ 22 ਸਾਲ ਦੀ ਉਮਰ ਵਿੱਚ ਉਹ ਇੱਕ ਚੋਣਾਂ ਵਿੱਚੋਂ ਹਾਰ ਗਿਆ। 24 ਸਾਲ ਦੀ ਉਮਰ ਵਿੱਚ ਉਹ ਦੂਜੀ ਵਾਰ ਵਾਪਾਰ ਵਿੱਚ ਫਿਰ ਅਸਫਲ ਰਿਹਾ ਹੈ। 26 ਸਾਲ ਦੀ ਉਮਰ ਵਿੱਚ ਉਸਦੀ ਪਤਨੀ ਦੀ ਮੌਤ ਹੋ ਗਈ। 27 ਸਾਲ ਦੀ ਉਮਰ ਵਿੱਚ ਉਹ ਮਾਨਸਿਕਤ ਤੌਰ ਤੇ ਬਿਮਾਰ ਵੀ ਰਿਹਾ ਅਤੇ 34 ਸਾਲ ਦੀ ਉਮਰ ਵਿੱਚ ਉਹ ਕਾਂਗਰਸ ਦੀਆਂ ਚੌਣਾਂ ਹਾਰ ਗਿਆ। 45 ਸਾਲ ਦੀ ਉਮਰ ਵਿੱਚ ਸੀਨੇਟ ਦੀਆਂ ਚੌਣਾਂ ਵਿੱਚ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ 47 ਸਾਲ ਦੀ ਉਮਰ ਵਿੱਚ ਉਹ ਉੱਪ-ਰਾਸ਼ਟਰਪਤੀ ਬਣਨ ਵਿੱਚ ਅਸਫਲ ਰਿਹਾ। ਇਸੇ ਤਰ੍ਹਾਂ 49 ਸਾਲ ਦੀ ਉਮਰ ਵਿੱਚ ਉਹ ਇੱਕ ਵਾਰ ਫਿਰ ਸੀਨੇਟ ਦੀਆਂ ਚੋਣਾਂ ਹਾਰ ਗਿਆ ਅਤੇ 52 ਸਾਲ ਦੀ ਉਮਰ ਵਿੱਚ ਉਹ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ। ਉਸ ਵਿਅਕਤੀ ਦਾ ਨਾਂ ਅਬਰਾਹਮ ਲਿੰਕਨ ਸੀ। ਕੀ ਹੁਣ ਤੁਸੀਂ ਅਬਰਾਹਮ ਲਿੰਕਨ ਨੂੰ ਅਸਫਲ਼ ਮੰਨੋਗੇ? ਬਿਲਕੁੱਲ ਨਹੀਂ। ਕਿਉਂਕਿ ਜੇਕਰ ਉਹ ਸ਼ਰਮ ਮਹਿਸੂਸ ਕਰਦੇ ਹੋਏ ਆਪਣੀਆਂ ਕੋਸ਼ਿਸ਼ਾਂ ਤੋਂ ਪਿੱਛੇ ਹਟ ਜਾਂਦੇ ਤਾਂ ਇੱਕ ਚੰਗਾ ਜੀਵਣ ਫਿਰ ਵੀ ਜੀਅ ਸਕਦੇ ਸਨ ਪਰ ਉਹਨਾਂ ਨੇ ਹਾਰ ਨੂੰ ਸਿਰਫ ਇੱਕ ਭਟਕਣਾ ਮੰਨਿਆ ਨਾ ਕਿ ਸਫਰ ਦਾ ਅੰਤ।
ਸੋ ਹਰ ਵਾਰ ਉਹ ਕੋਸ਼ਿਸ਼ ਕਰਦਾ ਰਿਹਾ, ਉੱਦਮ ਕਰਦਾ ਰਿਹਾ ਅਤੇ ਅੱਗੇ ਵੱਧਣ ਲਈ ਯਤਨਸ਼ੀਲ ਰਿਹਾ, ਜਿਸ ਸਦਕਾ ਉਹ ਇੱਕ ਉੱਚ ਮੁਕਾਮ ਤੇ ਪਹੁੰਚ ਸਕਿਆ। ਹੁਣ ਅਸੀਂ ਆਪਣੇ ਮਨਾਂ ਅੰਦਰ ਝਾਤ ਮਾਰ ਕੇ ਦੇਖੀਏ ਅਸੀਂ ਆਪਣੀ ਜਿੰਦਗੀ ਵਿੱਚ ਸਫਲ ਹੋਣ ਲਈ ਕਿੰਨੇ ਦ੍ਰਿੜ ਇਰਾਦੇ ਨਾਲ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਯਤਸ਼ੀਲ ਹਾਂ? ਜੇ ਕਿਤੇ ਕੋਈ ਘਾਟ ਨਜ਼ਰੀਂ ਪੈਂਦੀ ਹੈ ਤਾਂ ਕੁੱਝ ਫੈਸਲੇ ਲਉ:
• ਜਿੰਦਗੀ ਦਾ ਇੱਕ ਮਕਸਦ ਨਿਰਧਾਰਤ ਕਰੋ।
• ਮਕਸਦ ਦੀ ਪ੍ਰਾਪਤੀ ਲਈ ਸਹੀ ਰਸਤਾ ਚੁਣੋ।
• ਮਕਸਦ ਦੀ ਪ੍ਰਾਪਤੀ ਲਈ ਦ੍ਰਿੜ ਇਰਾਦਾ ਬਣਾਉ।
• ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਾ ਸਮਝੋ।
• ਹਾਂ-ਪੱਖੀ ਨਜ਼ਰੀਆ ਬਣਾ ਕੇ ਰੱਖੋ।
• ਸਕਾਰਤਮਕ ਸੋਚ ਨੂੰ ਹੋਰ ਮਜ਼ਬੂਤ ਕਰੋ।
• ਮੁਸੀਬਤਾਂ ਸਮੇਂ ਵੀ ਖੁਸ਼ ਰਹਿਣ ਦੀ ਆਦਤ ਪਾਉ।
• ਆਪਣੀਆਂ ਹਾਰਾਂ ਦੀ ਜਿੰਮੇਵਾਰੀ ਦੂਜਿਆਂ ਤੇ ਨਾ ਸੁੱਟੋ।
• ਨੈਤਿਕ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੂਰਅੰਦੇਸ਼ੀ ਅਪਣਾਉ।
ਅਤੇ ਖ਼ਾਸ ਕਰਕੇ ਉੱਦਮ ਭਾਵ ਕੋਸ਼ਿਸ਼ ਕਦੇ ਨਾ ਛੱਡੋ ਨਾ ਕੰਮ ਸ਼ੁਰੂ ਕਰਨ ਵੇਲੇ ਅਤੇ ਨਾ ਹੀ ਕਿਸੇ ਔਕੜ ਵੇਲੇ। ਬੱਸ ਰੱਬ ਤੇ ਭਰੋਸਾ ਕਰਕੇ ਕੋਸ਼ਿਸ਼ ਕਰਦੇ ਰਹੋ, ਜਿਸਨੇ ਤੁਹਾਨੂੰ ਹਰ ਵੱਡਾ ਛੋਟਾ ਅਤੇ ਔਖਾ ਸੌਖਾ ਕੰਮ ਕਰਨ ਦੇ ਸਮਰੱਥ ਬਣਾਇਆ ਹੈ। ਆਮੀਨ !