ਫ਼ਤਹਿਗੜ੍ਹ ਸਾਹਿਬ – “ਮੌਜੂਦਾ ਮੋਦੀ ਹਕੂਮਤ ਅਤੇ ਉਸ ਸਰਕਾਰ ਵਿਚ ਸਾਮਿਲ ਬਹੁਤੇ ਮੁਤੱਸਵੀ ਵਜ਼ੀਰ ਅਤੇ ਆਗੂ ਆਪਣੇ ਫਿਰਕੂ ਮਿਸ਼ਨ ਨੂੰ ਲੈਕੇ ਅਜਿਹੀ ਭੜਕਾਊ ਬਿਆਨਬਾਜੀ ਕਰਨ ਤੋਂ ਬਿਲਕੁਲ ਵੀ ਗੁਰੇਜ ਨਹੀਂ ਕਰ ਰਹੇ ਜਿਸ ਨਾਲ ਇਥੇ ਵੱਸਣ ਵਾਲੀਆ ਵੱਖ-ਵੱਖ ਕੌਮਾਂ ਅਤੇ ਧਰਮਾਂ ਨਾਲ ਸੰਬੰਧਤ ਨਾਗਰਿਕਾ ਵਿਚ ਨਫ਼ਰਤ ਵੱਧੇ ਅਤੇ ਇਥੋਂ ਦਾ ਮਾਹੌਲ ਵਿਸਫੋਟਕ ਬਣੇ । ਸੈਂਟਰ ਦੇ ਸਟੇਟ ਵਜ਼ੀਰ ਅਨੁਰਾਗ ਠਾਕੁਰ ਵੱਲੋਂ ਦਿੱਲੀ ਵਿਖੇ ਆਪਣੀ ਤਕਰੀਰ ਦੌਰਾਨ ਇਹ ਕਹਿਣਾ ਕਿ ‘ਗੋਲੀ ਮਾਰੋ ਗਦਾਰਾਂ ਅਤੇ ਸਾਲਿਆ ਨੂੰ’ ਅਤੇ ਪ੍ਰਵੇਸ਼ ਵਰਮਾਂ ਐਮ.ਪੀ. ਵੱਲੋਂ ਇਹ ਕਹਿਣਾ ਕਿ ਸੀ.ਏ.ਏ. ਐਨ.ਆਰ.ਸੀ. ਐਨ.ਪੀ.ਆਰ. ਦਾ ਵਿਰੋਧ ਕਰਨ ਵਾਲੇ ਵਿਖਾਵਾਕਾਰੀਆਂ ਦੇ ਘਰਾਂ ਵਿਚ ਦਾਖਲ ਹੋ ਕੇ ਉਨ੍ਹਾਂ ਦੀਆਂ ਧੀਆਂ-ਭੈਣਾਂ ਨਾਲ ਜ਼ਬਰ-ਜ਼ਿਨਾਹ ਵੀ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਮਾਰਿਆ ਵੀ ਜਾ ਸਕਦਾ ਹੈ, ਦੀ ਗੈਰ-ਇਨਸਾਨੀ ਇਥੋਂ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੀ ਅਸੱਭਿਅਕ ਬਿਆਨਬਾਜੀ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਪੁਰਜੋਰ ਨਿੰਦਾ ਕਰਦੇ ਹੋਏ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਚੋਣ ਕਮਿਸ਼ਨ ਭਾਰਤ ਵੱਲੋਂ ਉਪਰੋਕਤ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾਂ ਵਿਰੁੱਧ ਕਾਨੂੰਨੀ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਨੁਰਾਗ ਠਾਕੁਰ ਸਟੇਟ ਮਨਿਸਟਰ ਇੰਡੀਆ ਅਤੇ ਸ੍ਰੀ ਪ੍ਰਵੇਸ ਵਰਮਾਂ ਐਮ.ਪੀ. ਵੱਲੋਂ ਸਮੁੱਚੀਆ ਘੱਟ ਗਿਣਤੀਆਂ, ਯੂਨੀਵਰਸਿਟੀਆ ਦੇ ਵਿਦਿਆਰਥੀਆਂ ਵੱਲੋਂ ਉਪਰੋਕਤ ਕਾਲੇ ਕਾਨੂੰਨਾਂ ਦੇ ਵਿਰੁੱਧ ਕੀਤੇ ਜਾ ਰਹੇ ਵਿਖਾਵਿਆ ਉਤੇ ਕੀਤੀ ਗਈ ਬਿਆਨਬਾਜੀ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਨ੍ਹਾਂ ਨੂੰ ਬਰਖਾਸਤ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਹੁਕਮਰਾਨਾਂ ਤੇ ਫਿਰਕੂਆਂ ਨੂੰ ਇਹ ਸਵਾਲ ਕਰਦੇ ਹੋਏ ਕਿਹਾ ਕਿ ਹੁਕਮਰਾਨ ਉਨ੍ਹਾਂ ਨਿਵਾਸੀਆ ਨੂੰ ਗ਼ਦਾਰ ਕਹਿੰਦੇ ਹਨ ਜੋ ਆਪਣੇ ਵਿਧਾਨਿਕ ਹੱਕਾਂ ਦੀ ਵਰਤੋਂ ਕਰਦੇ ਹੋਏ ਸੀ.ਏ.ਏ. ਐਨ.ਆਰ.ਸੀ. ਐਨ.ਪੀ.ਆਰ. ਅਤੇ ਈ.ਵੀ.ਐਮ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਤਰੀਕੇ ਰੋਸ਼ ਵਿਖਾਵੇ ਕਰਕੇ ਉਪਰੋਕਤ ਕਾਲੇ ਕਾਨੂੰਨਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ । ਜਦੋਂਕਿ ਮੁਲਕ ਦੀ ਬਹੁਗਿਣਤੀ, ਬੁੱਧੀਜੀਵੀ, ਕਾਨੂੰਨਦਾਨ, ਸਿਆਸਤਦਾਨ ਇਨ੍ਹਾਂ ਵਿਖਾਵਾਕਾਰੀਆ ਨੂੰ ਇਸ ਮੁਲਕ ਦੇ ਅਸਲੀ ਹੱਕਦਾਰ ਅਤੇ ਵਫ਼ਾਦਾਰ ਗਰਦਾਨਦੇ ਹਨ । ਇਨ੍ਹਾਂ ਵੱਲੋਂ ਇਹ ਕਹਿਣਾ ਕਿ ਗੋਲੀ ਮਾਰੋ ਸਾਲਿਆ ਨੂੰ। ਸ੍ਰੀ ਅਨੁਰਾਗ ਠਾਕੁਰ ਵੱਲੋਂ ਇਹ ਕਹਿਕੇ ਤਾਂ ਆਪਣੇ ਪਰਿਵਾਰ ਨੂੰ ਹੀ ਖੁਦ ਨਿਸ਼ਾਨਾਂ ਬਣਾਇਆ ਗਿਆ ਹੈ ਅਤੇ ਆਪਣੀ ਅਕਲ ਦਾ ਜਨਾਜ਼ਾਂ ਕੱਢਣ ਦਾ ਪ੍ਰਤੱਖ ਸਬੂਤ ਦਿੱਤਾ ਹੈ । ਜੇਕਰ ਸ੍ਰੀ ਅਨੁਰਾਗ ਠਾਕੁਰ ਆਪਣੇ ਕਹਿ ਗਏ ਦਿਸ਼ਾਹੀਣ ਸ਼ਬਦਾਂ ਤੇ ਅਮਲ ਕਰਨ ਤਾਂ ਉਸਦਾ ਆਪਣਾ ਪਰਿਵਾਰ ਹੀ ਪਹਿਲੋ ਇਸਦਾ ਨਿਸ਼ਾਨਾਂ ਬਣੇਗਾ।
ਸ. ਮਾਨ ਨੇ ਸਪੱਸਟ ਤੇ ਪ੍ਰਤੱਖ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਤੇ ਸਿੱਖ ਧਰਮ ਬਿਨ੍ਹਾਂ ਕਿਸੇ ਜਾਤ-ਪਾਤ, ਅਮੀਰ-ਗਰੀਬ, ਊਚ-ਨੀਚ ਆਦਿ ਦੇ ਭੇਦਭਾਵ ਤੋਂ ਨਿਰਪੱਖ ਹੋ ਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅਮਲ ਕਰਦੀ ਹੈ ਅਤੇ ਸਾਡਾ ਨਿਸ਼ਾਨਾਂ ਸਰਬੱਤ ਦਾ ਭਲਾ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਇਥੋਂ ਦੇ ਹੁਕਮਰਾਨ ਮੁਤੱਸਵੀ ਸੋਚ ਅਧੀਨ ਅਜਿਹੇ ਅਮਲ ਕਰ ਰਹੇ ਹਨ ਜਿਸ ਨਾਲ ਇਥੇ ਅਫਰਾ-ਤਫਰੀ ਫੈਲੇ । ਅਜਿਹਾ ਕੇਵਲ ਤੇ ਕੇਵਲ ਇਹ ਹੁਕਮਰਾਨ ਹਿੰਦੂ ਵੋਟ ਨੂੰ ਆਪਣੇ ਪੱਖ ਵਿਚ ਕਰਨ ਦੀ ਦਿਸ਼ਾਹੀਣ ਗੰਦੀ ਸਿਆਸਤ ਅਧੀਨ ਕਰ ਰਹੇ ਹਨ । ਜਦੋਂਕਿ ਇਹ ਮੁਲਕ ਅਨੇਕਾ ਹੀ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਅਤੇ ਵਰਗਾਂ ਦਾ ਇਕ ਸਾਂਝਾ ਸਟੇਟ ਹੈ । ਇਥੇ ਕਿਸੇ ਵੀ ਹੁਕਮਰਾਨ ਦੇ ਤਾਨਾਸ਼ਾਹੀ ਅਮਲ ਅਤੇ ਵਿਤਕਰੇ ਭਰੀਆ ਕਾਰਵਾਈਆ ਨੂੰ ਬਰਦਾਸਤ ਨਹੀਂ ਕੀਤਾ ਜਾ ਸਕਦਾ । ਕਿਉਂਕਿ ਇੰਡੀਆਂ ਦਾ ਵਿਧਾਨ ਵੀ ਵਿਧਾਨ ਦੀ ਧਾਰਾ 14 ਰਾਹੀ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਵਿਧਾਨ ਦੀ ਧਾਰਾ 19 ਅਤੇ 21 ਕ੍ਰਮਵਾਰ ਪੂਰਨ ਆਜ਼ਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰਨ, ਅਮਨਮਈ ਢੰਗਾਂ ਰਾਹੀ ਰੋਸ਼ ਵਿਖਾਵੇ ਕਰਨ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਅਤੇ ਬਿਨ੍ਹਾਂ ਕਿਸੇ ਡਰ-ਭੈ ਤੋਂ ਆਜ਼ਾਦੀ ਨਾਲ ਜਿੰਦਗੀ ਜਿਊਂਣ ਦੇ ਅਧਿਕਾਰ ਪ੍ਰਦਾਨ ਕਰਦੇ ਹਨ । ਹੁਕਮਰਾਨਾਂ ਦੇ ਅਜਿਹੇ ਅਮਲ ਉਪਰੋਕਤ ਤਿੰਨੇ ਜਮਹੂਰੀਅਤ ਪੱਖੀ ਵਿਧਾਨ ਦੇ ਨਿਯਮਾਂ ਅਤੇ ਕਾਨੂੰਨਾਂ ਦਾ ਖਾਤਮਾ ਕਰਨ ਵਾਲੇ ਅਮਲ ਹਨ । ਜਿਸ ਨੂੰ ਇਥੋਂ ਦੇ ਨਿਵਾਸੀ ਕਦੀ ਵੀ ਪ੍ਰਵਾਨ ਨਹੀਂ ਕਰਨਗੇ ਅਤੇ ਨਾ ਹੀ ਹੁਕਮਰਾਨਾਂ ਵੱਲੋਂ ਗੋਲੀਆਂ ਮਾਰਨ, ਮਨੁੱਖਤਾ ਦਾ ਕਤਲੇਆਮ ਕਰਨ ਅਤੇ ਗੈਰ-ਕਾਨੂੰਨੀ ਤਰੀਕੇ ਇਥੋਂ ਦੀਆਂ ਘੱਟ ਗਿਣਤੀਆਂ ਨਾਲ ਵਿਵਹਾਰ ਕਰਨ ਨੂੰ ਬਰਦਾਸਤ ਨਹੀਂ ਕਰਨਗੇ । ਸ. ਮਾਨ ਨੇ ਸਮੁੱਚੇ ਵਰਗਾਂ, ਘੱਟ ਗਿਣਤੀ ਕੌਮਾਂ, ਕਬੀਲਿਆ, ਫਿਰਕਿਆ, ਆਦਿਵਾਸੀਆ, ਲਿੰਗਾਇਤਾ ਆਦਿ ਸਭਨਾਂ ਨੂੰ ਉਪਰੋਕਤ ਨਵੇਂ ਆਏ ਮਨੁੱਖਤਾ ਮਾਰੂ ਕਾਨੂੰਨਾਂ ਵਿਰੁੱਧ ਇਕ ਤਾਕਤ ਹੋ ਕੇ ਜੂਝਣ ਅਤੇ ਹੁਕਮਰਾਨਾਂ ਨੂੰ ਇਹ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਮਜ਼ਬੂਰ ਕਰਨ ਦੀ ਜੋਰਦਾਰ ਅਪੀਲ ਵੀ ਕੀਤੀ ।