ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਮੁੱਚੇ ਬਰਤਾਨੀਆ ਨੂੰ ਕੀਰਾ ਨਾਂ ਦੇ ਝੱਖੜ ਨੇ ਝੰਬ ਸੁੱਟਿਆ ਹੈ। ਇੰਗਲੈਂਡ ਤੇ ਸਕਾਟਲੈਂਡ ਵਿੱਚ ਗੜਿਆਂ ਵਾਲੇ ਮੀਂਹ, 97 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਦੀਆਂ ਹਵਾਵਾਂ ਨੇ ਜਿੱਥੇ ਐਤਵਾਰ ਨੂੰ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਉੱਥੇ ਹਵਾਈ ਉਡਾਣਾਂ, ਸੜਕੀ ਆਵਾਜਾਈ ਤੇ ਰੇਲਵੇ ਸਫ਼ਰ ਨੂੰ ਵੀ ਥੰਮਣ ਲਈ ਮਜਬੂਰ ਕੀਤਾ। ਕਿਸੇ ਨੁਕਸਾਨ ਤੋਂ ਅਗਾਊਂ ਬਚਾਅ ਲਈ ਰੇਲਾਂ ਦੇ ਰੂਟ ਤੇ ਹਵਾਈ ਉਡਾਣਾਂ ਰੱਦ ਹੋਣ ਕਰਕੇ ਏਅਰਪੋਰਟਾਂ ਤੇ ਰੇਲਵੇ ਸਟੇਸ਼ਨਾਂ ‘ਤੇ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਇਸ ਤੂਫਾਨ ਨੂੰ “ਸਦੀ ਦਾ ਤੂਫਾਨ“ ਆਖਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਵੀ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਇੰਗਲੈਂਡ ਤੇ ਸਕਾਟਲੈਂਡ ਦੇ ਕਾਫੀ ਹਿੱਸਿਆਂ ਵਿੱਚ ਮੀਂਹ ਦੇ ਨਾਲ ਨਾਲ ਬਰਫਬਾਰੀ ਹੋਣ ਦੀ ਸ਼ੰਕਾ ਵੀ ਪ੍ਰਗਟਾਈ ਹੈ। ਸੋਮਵਾਰ ਸਵੇਰ ਤੱਕ ਪੂਰਬੀ ਅਤੇ ਉੱਤਰ ਪੂਰਬੀ ਇੰਗਲੈਂਡ ਦੇ ਲਗਭਗ 20 ਹਜਾਰ ਘਰਾਂ ਨੂੰ ਬਿਜ਼ਲੀ ਸਪਲਾਈ ਤੋਂ ਵਿਰਵੇ ਹੋਣਾ ਪਿਆ ਹੈ। ਐਡਿਨਬਰਾ ਤੋਂ ਪਰੈਸਟਨ ਜਾਣ ਵਾਲੀ ਰੇਲ ਕਾਰਲਾਈਲ ਵਿਖੇ ਹੜ੍ਹ ਵਰਗੀ ਸਥਿਤੀ ਬਣ ਜਾਣ ਕਾਰਨ ਰੱਦ ਕਰਨੀ ਪਈ। ਇੰਗਲੈਂਡ ਭਰ ਵਿੱਚ 220 ਜਗ੍ਹਾ ‘ਤੇ ਹੜ੍ਹ ਆਉਣ ਦੀ ਸ਼ੰਕਾ ਪ੍ਰਗਟਾਈ ਗਈ ਸੀ ਜਦਕਿ ਸਕਾਟਲੈਂਡ ਵਿੱਚ 62 ਥਾਂਵਾਂ ਸੰਬੰਧੀ ਚਿਤਾਵਨੀ ਦਿੱਤੀ ਗਈ ਹੈ। ਸਕਾਟਿਸ਼ ਬਾਰਡਰ ਦੇ ਕਸਬੇ ਹੈਵਿਕ ਵਿਖੇ ਇੱਕ ਕਸਬੇ ਤੇ ਗੈਸਟ ਹਾਊਸ ਦੇ ਨੁਕਸਾਨੇ ਜਾਣ ਦੀ ਖ਼ਬਰ ਹੈ, ਪਰ ਮੁਸ਼ਤੈਦੀ ਨਾਲ ਲੋਕਾਂ ਨੂੰ ਦੋਵੇਂ ਇਮਾਰਤਾਂ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਦਕਿ ਪਰਥ ਵਿਖੇ ਇੱਕ ਪੱਬ ਦੀ ਛੱਤ ਦੇ ਡਿੱਗਣ ਕਾਰਨ 3 ਆਦਮੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਹਵਾ ਦੀ ਗਤੀ ਭਿਆਨਕ ਹੱਦ ਤੱਕ ਪਹੁੰਚ ਜਾਣ ਕਾਰਨ ਗਲਾਸਗੋ, ਮਾਨਚੈਸਟਰ, ਲਿਵਰਪੂਲ ਤੋਂ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਦੱਸੀਆਂ ਜਾ ਰਹੀਆਂ ਹਨ। ਇੱਥੇ ਹੀ ਬਸ ਨਹੀਂ ਲੰਡਨ ਵਿਖੇ ਹੋਣ ਵਾਲੀ 10ਕੇ ਦੌੜ ਵੀ ਰੱਦ ਕਰਨੀ ਪਈ, ਜਿਸ ਵਿੱਚ ਲਗਭਗ 25000 ਦੌੜਾਕਾਂ ਨੇ ਹਿੱਸਾ ਲੈਣਾ ਸੀ। ਮਾਨਚੈਸਟਰ ਸਿਟੀ ਤੇ ਵੈਸਟਹੈਮ ਦਾ ਵੱਕਾਰੀ ਫੁੱਟਬਾਲ ਮੈਚ ਖਰਾਬ ਮੌਸਮ ਕਾਰਨ ਰੱਦ ਕਰਨਾ ਪਿਆ, ਉੱਥੇ ਔਰਤਾਂ ਦੀ ਫੁੱਟਬਾਲ ਸੁਪਰ ਲੀਗ ਦੇ 6 ਮੈਚ ਵੀ ਰੱਦ ਕਰਨੇ ਪਏ ਹਨ। ਮੌਸਮ ਵਿਭਾਗ ਵੱਲੋਂ ਅਜਿਹੇ ਖਰਾਬ ਮੌਸਮ ਦੇ ਮੱਦੇਨਜ਼ਰ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।
ਇੰਗਲੈਂਡ ਤੇ ਸਕਾਟਲੈਂਡ ‘ਚ ਕਹਿਰ ਮਚਾ ਗਿਆ “ਸਦੀ ਦਾ ਤੂਫ਼ਾਨ ਕੀਰਾ“-ਸੜਕੀ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ
This entry was posted in ਅੰਤਰਰਾਸ਼ਟਰੀ.