ਫ਼ਤਹਿਗੜ੍ਹ ਸਾਹਿਬ – “ਜਦੋਂ ਜਰਵਾਣੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ, ਮਨੁੱਖਤਾ ਉਤੇ ਗੈਰ-ਸਮਾਜਿਕ ਅਤੇ ਅਣਮਨੁੱਖੀ ਢੰਗਾਂ ਰਾਹੀ ਜ਼ਬਰ-ਜੁਲਮ ਕਰ ਰਹੇ ਸਨ ਅਤੇ ਤਾਨਾਸ਼ਾਹੀ ਸੋਚ ਅਧੀਨ ਲੋਕਾਈ ਨੂੰ ਜ਼ਬਰੀ ਗੁਲਾਮ ਬਣਾ ਰਹੇ ਸਨ, ਸ੍ਰੀ ਦਰਬਾਰ ਸਾਹਿਬ ਉਤੇ ਧਾਵਾ ਬੋਲਕੇ ਸਿੱਖ ਕੌਮ ਦੇ ਇਸ ਮਹਾਨ ਰੁਹਾਨੀਅਤ ਸਥਾਂਨ ਨੂੰ ਮਲੀਆਮੇਟ ਕਰਨਾ ਚਾਹੁੰਦੇ ਸਨ, ਤਾਂ ਉਸ ਸਮੇਂ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਸ਼ਹੀਦ ਬਾਬਾ ਦੀਪ ਸਿੰਘ ਨੇ ਇਸ ਚੁਣੋਤੀ ਨੂੰ ਪ੍ਰਵਾਨ ਕਰਦੇ ਹੋਏ, ਸਿੱਖ ਪ੍ਰੰਪਰਾਵਾਂ, ਮਰਿਯਾਦਾਵਾਂ ਉਤੇ ਪਹਿਰਾ ਦਿੰਦੇ ਹੋਏ ਆਪਣੀ ਮਹਾਨ ਸ਼ਹਾਦਤ ਦਿੱਤੀ ਅਤੇ ਸਿੱਖ ਕੌਮ ਦੀ ਨੀਂਹ ਨੂੰ ਮਜ਼ਬੂਤ ਕੀਤਾ । ਉਪਰੰਤ ਜਦੋਂ ਮੌਜੂਦਾ ਹਿੰਦੂ ਮੁਤੱਸਵੀਆਂ ਵੱਲੋਂ ਜਿਸ ਵਿਚ ਕਾਂਗਰਸ, ਬੀਜੇਪੀ-ਆਰ.ਐਸ.ਐਸ, ਕਾਮਰੇਡ, ਬਾਦਲ ਦਲ ਆਦਿ ਸਭ ਪੰਥ ਵਿਰੋਧੀ ਤਾਕਤਾਂ ਸਾਮਿਲ ਸਨ, ਤਾਂ ਇਨ੍ਹਾਂ ਨੇ ਇਕ ਡੂੰਘੀ ਸਾਜ਼ਿਸ ਤਹਿਤ ਤਿੰਨ ਮੁਲਕਾਂ ਦੀਆਂ ਫ਼ੌਜਾਂ ਸੋਵੀਅਤ ਰੂਸ, ਬਰਤਾਨੀਆ ਅਤੇ ਇੰਡੀਆਂ ਨੇ ਇਕ ਹੋ ਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਕੀਤਾ । ਤਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ 72 ਘੰਟੇ ਤੱਕ ਇਨ੍ਹਾਂ ਤਿੰਨ ਮੁਲਕਾਂ ਦੀਆਂ ਫ਼ੌਜਾਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਮੁਲਕਾਂ ਨੂੰ ਸ੍ਰੀ ਦਰਬਾਰ ਸਾਹਿਬ ਦਾਖਲ ਨਹੀਂ ਹੋਣ ਦਿੱਤਾ ਅਤੇ ਆਪਣੇ ਸੀਨੇ ਉਤੇ 72 ਗੋਲੀਆਂ ਦੇ ਨਿਸ਼ਾਨ ਲੈਕੇ ਆਪਣੀ ਮਹਾਨ ਸ਼ਹਾਦਤ ਦਿੱਤੀ । ਉਨ੍ਹਾਂ ਨੇ ਇਹ ਕਿਹਾ ਸੀ ਕਿ ਜਦੋਂ ਹਿੰਦੂ ਫ਼ੌਜਾਂ ਦਰਬਾਰ ਸਾਹਿਬ ਉਤੇ ਮੰਦਭਾਵਨਾ ਅਧੀਨ ਹਮਲਾ ਕਰਨਗੀਆ ਤਾਂ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ । ਇਹ ਸੰਤ ਭਿੰਡਰਾਂਵਾਲਿਆ ਦੀ ਹੀ ਦੇਣ ਹੈ ਕਿ ਅੱਜ ਕੌਮ ਆਪਣੇ ਆਜ਼ਾਦ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਕੌਮਾਂਤਰੀ ਨਿਯਮਾਂ ਅਧੀਨ ਸੰਘਰਸ਼ ਕਰ ਰਹੀ ਹੈ, ਜਿਸਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਰ ਰਿਹਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਆਪਣੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸਤਿਕਾਰਯੋਗ ਫ਼ਤਹਿਗੜ੍ਹ ਸਾਹਿਬ ਦੀ ਸਮੁੱਚੀ ਪ੍ਰੈਸ ਦੇ ਜਰਨਲਿਸਟਾਂ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਸੁਬੋਧਿਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਝ ਤਾਂ ਹੁਕਮਰਾਨ ਕੌਮਾਂਤਰੀ ਪੱਧਰ `ਤੇ ਇਹ ਐਲਾਨ ਕਰ ਰਹੇ ਹਨ ਕਿ ਕਸ਼ਮੀਰ ਮੁੱਦੇ ਉਤੇ ਉਹ ਕੇਵਲ ਦੁਵੱਲੀ ਪਾਕਿਸਤਾਨ ਤੇ ਇੰਡੀਆ ਤੋਂ ਇਲਾਵਾ ਤੀਸਰੀ ਕਿਸੇ ਧਿਰ ਦੀ ਦਖਲਅੰਦਾਜੀ ਪ੍ਰਵਾਨ ਨਹੀਂ ਕਰਨਗੇ । ਪਰ ਜਦੋਂ ਸਟੇਟਲੈਸ ਸਿੱਖ ਕੌਮ ਦੀ ਗੱਲ ਆਉਦੀ ਹੈ ਤੇ ਜਿਸ ਕੋਲ ਨਾ ਤਾਂ ਆਪਣਾ ਸਟੇਟ ਹੈ, ਨਾ ਫ਼ੌਜਾਂ, ਨਾ ਖੇਤਰਫ਼ਲ ਅਤੇ ਹੋਰ ਤਾਕਤਾਂ ਨਹੀਂ ਹਨ ਅਤੇ ਜਿਸਨੇ ਇੰਡੀਆ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ 80% ਕੁਰਬਾਨੀਆ ਕੀਤੀਆ ਹੋਣ ਅਤੇ ਜੋ ਸਰਹੱਦਾਂ ਉਤੇ ਨਿਰੰਤਰ ਕੰਧ ਬਣਕੇ ਰੱਖਿਆ ਕਰਦੀ ਆਈ ਹੈ, ਉਸ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਅਤੇ ਉਨ੍ਹਾਂ ਦੇ ਧਾਰਮਿਕ ਸਥਾਨ ਉਤੇ ਹਮਲਾ ਕਰਦੇ ਹੋਏ ਉਪਰੋਕਤ ਤਿੰਨ ਮੁਲਕਾਂ ਦੀਆਂ ਫ਼ੌਜਾਂ ਨਾਲ ਹਮਲਾ ਕੀਤਾ ਗਿਆ । ਫਿਰ ਕਸ਼ਮੀਰ ਮੁੱਦੇ ਉਤੇ ਇਹ ਹੁਕਮਰਾਨ ਦੋਧਿਰੀ ਗੱਲਬਾਤ ਦਾ ਕਿਸ ਦਲੀਲ ਨਾਲ ਪ੍ਰਗਟਾਵਾਂ ਕਰਦੇ ਹਨ ? ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਇਹ ਹੁਕਮਰਾਨ ਅੱਜ ਵੀ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਕੁੱਚਲਣ ਲਈ ਪਾਕਿਸਤਾਨ ਗੁਆਂਢੀ ਮੁਲਕ ਨਾਲ ‘ਜੰਗ’ ਲਗਾਉਣ ਦੀਆਂ ਗੱਲਾਂ ਕਰਕੇ ਨਿਰਦੋਸ਼ ਮਨੁੱਖਤਾ ਦਾ ਘਾਣ ਕਰਨਾ ਚਾਹੁੰਦੇ ਹਨ । ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਜੰਗ ਦਾ ਅਖਾੜਾ ਬਣਨਗੇ ਅਤੇ ਅਜਿਹੀ ਹਾਲਤ ਵਿਚ ਸਿੱਖ ਕੌਮ ਦੀ ਤਾਂ ਨਸ਼ਲੀ ਸਫ਼ਾਈ ਤੇ ਮਲੀਆਮੇਟ ਹੋ ਕੇ ਰਹਿ ਜਾਵੇਗਾ । ਇਸ ਲਈ ਸਿੱਖ ਕੌਮ ਬਿਲਕੁਲ ਵੀ ਜੰਗ ਦੇ ਹੱਕ ਵਿਚ ਨਹੀਂ ਹੈ ਅਤੇ ਨਾ ਹੀ ਹਿੰਦੂਤਵ ਧੋਸ ਨੂੰ ਕਿਸੇ ਕੀਮਤ ਤੇ ਪ੍ਰਵਾਨ ਕਰੇਗੀ ।
ਉਨ੍ਹਾਂ ਕਿਹਾ ਕਿ ਹਿੰਦੂਤਵ ਰਾਸ਼ਟਰ ਕਾਇਮ ਕਰਨ ਦੀ ਮੰਦਭਾਵਨਾ ਅਧੀਨ ਹੀ ਹੁਕਮਰਾਨਾਂ ਨੇ ਸੀ.ਏ.ਏ, ਐਨ.ਆਰ.ਸੀ. ਐਨ.ਪੀ.ਆਰ. ਵਰਗੇ ਉਹ ਕਾਲੇ ਜ਼ਾਬਰ ਕਾਨੂੰਨ ਬਣਾਏ ਹਨ ਜਿਸ ਅਧੀਨ ਇਨ੍ਹਾਂ ਨੇ ਅਸਾਮ ਸੂਬੇ ਵਿਚੋਂ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਗੈਰ-ਇੰਡੀਅਨ ਕਰਾਰ ਦੇ ਕੇ ਯਹੂਦੀਆ ਦੀ ਤਰ੍ਹਾਂ ਜਿਵੇਂ ਨਾਜੀ ਨਿਜਾਮ ਨੇ ਕੈਪਾਂ ਵਿਚ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ 60 ਲੱਖ ਯਹੂਦੀਆ ਦਾ ਕਤਲ ਕਰ ਦਿੱਤਾ ਸੀ । ਉਸੇ ਤਰ੍ਹਾਂ ਦੀ ਸੋਚ ਉਤੇ ਅਮਲ ਕਰਦੇ ਹੋਏ ਮੁਸਲਿਮ, ਸਿੱਖ, ਇਸਾਈ, ਦਲਿਤ, ਰੰਘਰੇਟੇ, ਲਿੰਗਾਇਤਾਂ, ਕਬੀਲਿਆ, ਆਦਿਵਾਸੀਆ ਆਦਿ ਨੂੰ ਇਹ ਗੈਰ-ਇੰਡੀਅਨ ਕਰਾਰ ਦੇਣ ਦੇ ਜ਼ਬਰੀ ਅਮਲ ਕਰ ਰਹੇ ਹਨ । ਇਹੀ ਵਜਹ ਹੈ ਕਿ ਰਾਜਸਥਾਂਨ, ਵੈਸਟ ਬੰਗਾਲ, ਪੰਜਾਬ, ਮੱਧ ਪ੍ਰਦੇਸ਼ ਆਦਿ ਸੂਬਿਆ ਨੇ ਕਾਨੂੰਨੀ ਤੌਰ ਤੇ ਉਪਰੋਕਤ ਕਾਲੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਥੋਂ ਦੇ ਪ੍ਰੈਜੀਡੈਂਟ, ਸੁਪਰੀਮ ਕੋਰਟ, ਚੋਣ ਕਮਿਸ਼ਨ ਜੋ ਅਸਲੀਅਤ ਵਿਚ ਵਿਧਾਨ ਦੇ ਰੱਖਿਅਕ ਹਨ, ਉਹ ਫਿਰਕੂ ਬੀਜੇਪੀ-ਆਰ.ਐਸ.ਐਸ. ਜਮਾਤ ਦੇ ਹੱਕ ਵਿਚ ਭੁਗਤਕੇ ਆਪਣੀ ਨਿਰਪੱਖਤਾ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ । ਉਥੇ ਵਿਧਾਨ ਦੀ ਧਾਰਾ 14 ਜੋ ਸਭਨਾਂ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦਾ ਘੋਰ ਉਲੰਘਣ ਕਰ ਰਹੇ ਹਨ । ਕਿਉਂਕਿ ਪਹਿਲੇ ਹੁਕਮਰਾਨਾਂ ਨੇ ਜ਼ਬਰੀ ਬਾਬਰੀ ਮਸਜਿਦ ਢਾਹਕੇ ਆਪਣੀ ਹਿੰਦੂਤਵ ਸੋਚ ਨੂੰ ਅੱਗੇ ਵਧਾਇਆ, ਫਿਰ ਮੰਗੂ ਮੱਠ ਜਗਨਨਾਥਪੁਰੀ ਵਿਚ ਗੁਰੂਘਰ ਢਾਹਿਆ, ਦਿੱਲੀ ਵਿਚ ਭਗਤ ਰਵੀਦਾਸ ਦਾ ਗੁਰੂਘਰ ਢਾਹਿਆ, ਹਰਿਦੁਆਰ ਵਿਚ ਗੁਰੂਘਰ ਗਿਆਨ ਗੋਦੜੀ, ਬਾਰਾਮੁਲਾ ਸ੍ਰੀਨਗਰ ਵਿਚ ਗੁਰੂਘਰ ਢਾਹਿਆ ਅਤੇ ਸਿੱਕਮ ਵਿਚ ਡਾਂਗਮਾਰ ਢਾਹਿਆ । ਇਨ੍ਹਾਂ ਸਭ ਘੱਟ ਗਿਣਤੀ ਕੌਮਾਂ ਵਿਰੋਧੀ ਹੋਏ ਦੁੱਖਦਾਇਕ ਅਮਲਾਂ ਵਿਚ ਪ੍ਰੈਜੀਡੈਂਟ, ਸੁਪਰੀਮ ਕੋਰਟ ਨੇ ਵਿਧਾਨ ਅਨੁਸਾਰ ਆਪਣੀ ਜ਼ਿੰਮੇਵਾਰੀ ਬਿਲਕੁਲ ਨਹੀਂ ਨਿਭਾਈ । ਹੁਣ ਜਦੋਂ ਸੈਂਟਰ ਦੇ ਵਜ਼ੀਰ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾਂ ਐਮ.ਪੀ. ਘੱਟ ਗਿਣਤੀ ਕੌਮਾਂ ਨੂੰ ਗੋਲੀ ਮਾਰਨ ਦੀਆਂ ਸ਼ਰੇਆਮ ਗੱਲਾਂ ਕਰ ਰਹੇ ਹਨ । ਤਾਂ ਚੋਣ ਕਮਿਸ਼ਨ ਜਿਸਦਾ ਫਰਜ ਇਨ੍ਹਾਂ ਐਮ.ਪੀਜ਼ ਵਿਰੁੱਧ ਕਾਨੂੰਨੀ ਕਾਰਵਾਈ ਕਰੇ, ਉਹ ਵੀ ਇਸ ਸੰਜ਼ੀਦਾ ਵਿਸ਼ੇ ਤੇ ਚੁੱਪ ਧਾਰੀ ਬੈਠੀ ਹੈ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਨਿਰਪੱਖਤਾ ਅਤੇ ਇਨਸਾਫ਼ ਦੇਣ ਵਾਲੀਆ ਸੰਸਥਾਵਾਂ ਵੀ ਹਿੰਦੂਤਵ ਹੁਕਮਰਾਨਾਂ ਦੇ ਸਿਕੰਜੇ ਵਿਚ ਫਸਕੇ ਗੈਰ-ਕਾਨੂੰਨੀ ਤੇ ਅਣਮਨੁੱਖੀ ਅਮਲ ਕਰ ਰਹੀਆ ਹਨ । ਜੋ ਬਰਦਾਸਤ ਕਰਨ ਯੋਗ ਨਹੀਂ ਹੈ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਅਵਤਾਰ ਪੁਰਬ ਤੇ ਸਮੁੱਚੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਬਣਾਏ ਗਏ ਸਿੱਖਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ, ਲੇਕਿਨ ਹੁਕਮਰਾਨ ਆਪਣੇ ਇਸ ਬਚਨ ਤੋਂ ਮੁੰਨਕਰ ਹੋ ਚੁੱਕੇ ਹਨ ਅਤੇ ਸਮੁੱਚੀਆ ਘੱਟ ਗਿਣਤੀਆ ਉਤੇ ਹਿੰਦੂਤਵ ਰਾਸ਼ਟਰ ਦੀ ਫਿਰਕੂ ਸੋਚ ਅਧੀਨ ਜ਼ਬਰ-ਜੁਲਮ ਕਰ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਵੀ ਸਪੱਸਟ ਕਰਨਾ ਚਾਹੁੰਦਾ ਹੈ ਕਿ ਅਸੀਂ ਜਿਥੇ ਵੀ ਕਿਸੇ ਮੁਲਕ, ਸੂਬੇ, ਸ਼ਹਿਰ, ਪਿੰਡ ਜਾਂ ਕਸਬੇ ਵਿਚ ਹਕੂਮਤੀ ਜ਼ਬਰ-ਜੁਲਮ ਹੁੰਦਾ ਹੈ, ਉਸ ਵਿਰੁੱਧ ਇਨਸਾਨੀਅਤ ਦੇ ਨਾਤੇ ਆਵਾਜ਼ ਉਠਾਉਦੇ ਆ ਰਹੇ ਹਾਂ, ਕੁਝ ਦਿਨ ਪਹਿਲੇ ਪੰਜਾਬ ਦੀਆਂ 14-15 ਧੀਆਂ-ਭੈਣਾਂ ਮਸਕਟ ਵਿਚ ਏਜੰਟਾਂ ਨੇ ਲੰਮੇਂ ਸਮੇਂ ਤੋਂ ਕੈਦ ਕੀਤੀਆ ਹੋਈਆ ਹਨ ਜਿਨ੍ਹਾਂ ਨੂੰ ਨਾ ਤਾਂ ਕੰਮ ਦਿਵਾਇਆ ਜਾ ਰਿਹਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਖਾਂਣ-ਪੀਣ ਲਈ ਕੁਝ ਦਿੱਤਾ ਜਾ ਰਿਹਾ ਸੀ, ਜਿਊ ਹੀ ਇਹ ਦੁੱਖਦਾਇਕ ਘਟਨਾ ਸਾਡੇ ਨੋਟਿਸ ਵਿਚ ਆਈ ਅਸੀਂ ਮਸਕਟ ਸਥਿਤ ਇੰਡੀਅਨ ਅੰਬੈਸਡਰ ਨੂੰ ਤੁਰੰਤ ਪੱਤਰ ਲਿਖਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ । ਅੱਜ ਉਹ ਦਿਮਾਗੀ ਤੌਰ ਤੇ ਪੀੜ੍ਹਤ ਬੀਬੀਆਂ ਨੂੰ ਵਾਪਿਸ ਭੇਜਣ ਲਈ ਕਾਰਵਾਈ ਸੁਰੂ ਹੋ ਚੁੱਕੀ ਹੈ, ਜਿਸ ਲਈ ਅਸੀਂ ਮਸਕਟ ਦੇ ਇੰਡੀਅਨ ਅੰਬੈਸਡਰ ਸ੍ਰੀ ਮੂਨੂੰ ਮੁਹਾਵਰ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਪੱਤਰ ਮਿਲਦੇ ਸਾਰ ਹੀ ਕਾਰਵਾਈ ਸੁਰੂ ਕਰ ਦਿੱਤੀ ਹੈ । ਸਭਨਾਂ ਦੇ ਹੱਕ-ਹਕੂਕਾਂ ਦੀ ਰੱਖਿਆ ਲਈ ਤੇ ਸਿੱਖ ਵਸੋਂ ਵਾਲੇ ਇਲਾਕੇ ਵਿਚ ਸਥਾਈ ਤੌਰ ਤੇ ਪੁਰ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਹਿੱਤ ਅਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਸਤਿਕਾਰ ਸਹਿਤ ਜਨਮ ਦਿਹਾੜਾ ਮਨਾਉਦੇ ਹੋਏ ਮੰਜ਼ਿਲ ਵੱਲ ਵੱਧ ਰਹੇ ਹਾਂ ਅਤੇ ਕੱਲ੍ਹ 12 ਫਰਵਰੀ ਨੂੰ ਸਮੁੱਚੇ ਵਰਗਾਂ ਤੇ ਕੌਮਾਂ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਣ ਦਾ ਸਤਿਕਾਰ ਸਹਿਤ ਖੁੱਲ੍ਹਾ ਸੱਦਾ ਦਿੰਦੇ ਹਾਂ ।
ਅੱਜ ਦੀ ਪ੍ਰੈਸ ਕਾਨਫਰੰਸ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ (ਦੋਵੇ ਜਰਨਲ ਸਕੱਤਰ), ਰਣਜੀਤ ਸਿੰਘ ਸੰਘੇੜਾਂ ਪੀ.ਏ.ਸੀ. ਮੈਂਬਰ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਗੁਰਜੰਟ ਸਿੰਘ ਕੱਟੂ ਪੀ.ਏ, ਰਣਦੀਪ ਸਿੰਘ ਅਤੇ ਕੋਮਲ ਸੈਕਟਰੀ ਸ. ਮਾਨ ਹਾਜ਼ਰ ਸਨ ।