ਰਾਤ ਦੇ ਸਾਢੇ ਦਸ ਦਾ ਟਾਈਮ ਹੋਵੇਗਾ। ਕਾਫੀ ਦਿਨ ਹੋ ਗਏ ਸਨ ਦੀਪੀ ਨੂੰ ਦਿਲਪ੍ਰੀਤ ਦੀ ਚਿੱਠੀ ਮਿਲਿਆਂ, ਪਰ ਉਸ ਨੇ ਅਜੇ ਤਕ ਜਵਾਬ ਨਹੀ ਸੀ ਦਿੱਤਾ। ਇਸੇ ਉਧੜ ਬੁਣ ਵਿਚ ਸੀ ਕਿ ਜਵਾਬ ਦੇਵਾਂ ਜਾਂ ਗੁੱਸਾ ਦਿਖਾਵਾਂ। ਫਿਰ ਇਹ ਵੀ ਸੋਚਦੀ ਕਿ ਕੋਈ ਜ਼ਰੂਰੀ ਗੱਲ ਹੋਵੇਗੀ, ਨਹੀ ਤਾਂ ਦਿਲਪ੍ਰੀਤ ਨੇ ਉਸ ਨੂੰ ਮਿਲਣ ਤਾਂ ਆਉਣਾ ਹੀ ਸੀ, ਪਰ ਉਸ ਦਿਨ ਜੋ ਮਿੰਦੀ ਭੂਆ ਗੱਲਾਂ ਕਰ ਰਹੀ ਸੀ, ਉਸ ਦੀ ਸਮਝ ਵੀ ਦੀਪੀ ਨੂੰ ਨਹੀ ਸੀ ਆ ਰਹੀ। ਜਦੋਂ ਹਰਨਾਮ ਕੌਰ ਨੇ ਮਿੰਦੀ ਭੂਆ ਨੂੰ ਪੁੱਛਿਆ ਸੀ, “ਦਿਲਪ੍ਰੀਤ ਵਿਆਹ ਠਹਿਰ ਕੇ ਕਿਉਂ ਕਰਨਾ ਚਾਹੁੰਦਾ ਆ?” ਤਾਂ Çੰਮੰਦੀ ਦਾ ਅੱਗੋਂ ਜਵਾਬ ਸੀ ਕਿ ਉਹ ਕੋਈ ਕੋਰਸ ਕਰਨ ਲਗ ਪਿਆ। ਕਿਹੜਾ ਕੋਰਸ ਕਰਨ ਲੱਗ ਪਿਆ, ਇਹ ਕਿਸੇ ਨੂੰ ਨਹੀਂ ਸੀ ਪਤਾ। ਫਿਰ ਪਤਾ ਨਹੀ ਦੀਪੀ ਦੇ ਦਿਲ ਵਿਚ ਕੀ ਆਇਆ ਉਹ ਦਿਲਪ੍ਰੀਤ ਨੂੰ ਚਿੱਠੀ ਲਿਖਣ ਲੱਗ ਪਈ।
ਮੇਰੇ ਪਿਆਰੇ ਅਤੇ ਆਦਰ ਯੋਗ ਦਿਲਪ੍ਰੀਤ ਜੀ,
ਹੱਥ ਜੋੜ ਕੇ ਸਤਿ ਸ੍ਰੀ ਅਕਾਲ।
ਆਪ ਜੀ ਦੀ ਲਿਖੀ ਚਿੱਠੀ ਮਿਲ ਗਈ ਸੀ, ਪਰ ਉਸ ਦਾ ਜਵਾਬ ਲੇਟ ਦੇ ਰਹੀ ਹਾਂ। ਕਿਉਕਿ ਜੋ ਗੱਲਾਂ ਆਪ ਜੀ ਨੇ ਚਿੱਠੀ ਵਿਚ ਲਿਖੀਆਂ ਹਨ, ਉਹਨਾਂ ਵਿਚੋਂ ਬਹੁਤੀਆਂ ਦੀ ਮੈਨੂੰ ਸਮਝ ਨਹੀਂ ਆਈ। ਇਹ ਤਾਂ ਚੰਗਾ ਹੋਇਆ ਕਿ ਤੁਸੀ ਸਿੰਘ ਸਜ ਗਏ ਹੋ, ਇਸ ਲਈ ਤਹਾਨੂੰ ਬਹੁਤ ਬਹੁਤ ਵਧਾਈਆਂ ਹੋਣ, ਕੌਮ ਦੀ ਸੇਵਾ ਕਰਨ ਦਾ ਵੱਖਰਾ ਤਾਰੀਕਾ ਕਿਹੜਾ ਹੈ ਅਤੇ ਤੁਸੀ ਮੈਨੂੰ ਮਿਲਣ ਕਿਉਂ ਨਹੀ ਆ ਸਕਦੇ? ਇਸ ਦੀ ਸਮਝ ਮੈਨੂੰ ਨਹੀ ਲੱਗੀ। ਫਿਰ ਕਦੋਂ ਮਿਲਣ ਆਵੋਗੇ ਇਸ ਬਾਰੇ ਵੀ ਕੋਈ ਜਿਕਰ ਨਹੀ ਕੀਤਾ। ਮਿੰਦੀ ਭੂਆ ਜੀ ਤੋਂ ਪਤਾ ਲੱਗਾ ਕਿ ਤੁਸੀ ਕੋਈ ਕੋਰਸ ਕਰਨ ਲੱਗ ਪਏ ਹੋ ਅਤੇ ਵਿਆਹ ਦਾ ਅਜੇ ਕੋਈ ਵਿਚਾਰ ਨਹੀ। ਇਹ ਤਾਂ ਖੈਰ ਤੁਸੀ ਹੀ ਜਾਣਦੇ ਹੋ ਕਿ ਉਹ ਕਿਹੜਾ ਇਨਾ ਜ਼ਰੂਰੀ ਕੋਰਸ ਹੈ ਜੋ ਆਪਣੇ ਮਿਲਾਪ ਦੇ ਰਾਹ ਵਿਚ ਰੁਕਾਵਟ ਬਣਦਾ ਹੈ। ਬਾਕੀ ਜੋ ਤੁਸੀ ਸਵੇਰੇ ਉੱਠ ਕੇ ਪਾਠ ਕਰਨ ਲਈ ਕਿਹਾ ਹੈ, ਉਹ ਮੈਂ ਕੋਸ਼ਿਸ਼ ਕਰ ਰਹੀ ਹਾਂ।
ਤੁਹਾਡੀ ਕਹੀ ਇਕ ਹੋਰ ਗੱਲ ਵੀ ਠੀਕ ਨਿਕਲੀ ਸਿਮਰੀ ਦਾ ਵਿਆਹ ਆਪਣੇ ਵਿਆਹ ਤੋਂ ਪਹਿਲਾਂ ਹੋ ਰਿਹਾ ਹੈ, ਮੁੰਡਾ ਡੁੱਬਈ ਵਿਚੋਂ ਆਇਆ ਹੈ। ਉਹ ਤੁਹਾਡੇ ਬਾਰੇ ਪੁੱਛ ਰਹੀ ਸੀ, ਕਹਿੰਦੀ ਸੀ ਤਹਾਨੂੰ ਵਿਆਹ ਦਾ ਕਾਰਡ ਦੇਣਾ ਹੈ। ਤੁਸੀ ਕਦੋਂ ਮਿਲ ਸਕਦੇ ਹੋ, ਤਾਂ ਜੋ ਸਿਮਰੀ ਤਹਾਨੂੰ ਵਿਆਹ ਦਾ ਕਾਰਡ ਦੇ ਸਕੇ?ਕਾਲਜ ਜਾਂਦੀ ਨੂੰ ਤਾਂ ਨਿਤ ਮਿਲਦੇ ਸੀ। ਜਦੋਂ ਟੂਰ ਤੇ ਗਏ ਸੀ ਤਾਂ ਇਕ ਹਫਤੇ ਦਾ ਵਿਛੋੜਾ ਵੀ ਤੁਹਾਡੇ ਲਈ ਝੱਲਣਾ ਔਖਾ ਸੀ, ਪਰ ਹੁਣ ਤਾਂ ਇਹ ਵਿਛੋੜਾ ਮਹੀਨਿਆਂ ਵਿਚ ਬਦਲ ਗਿਆ। ਮੇਰੇ ਦਿਲ ਦੀ ਕੀ ਦਸ਼ਾ ਹੈ, ਉਹ ਮੈਂ ਬਿਆਨ ਨਹੀ ਕਰਨਾ ਚਾਹੁੰਦੀ, ਕਿੳਂਕਿ ਆਪ ਭਲੀਭਾਂਤ ਜਾਣਦੇ ਹੋਵੋਗੇ। ਵਿਹਲੀ ਹੋਣ ਕਾਰਨ ਸਮਾਂ ਗੁਜਾਰਨਾ ਔਖਾ ਲੱਗਦਾ ਹੈ, ਜਿਸ ਕਰਕੇ ਨਾਵਲ ਪੜ੍ਹਨੇ ਸ਼ੁਰੂ ਕਰ ਦਿੱਤੇ ਨੇ। ਅੱਜਕਲ ਜਸਵੰਤ ਸਿੰਘ ਦਾ ਲਿਖਿਆ ਨਾਵਲ “ਪਾਲੀ” ਪੜ੍ਹ ਰਹੀ ਹਾਂ। ਫਿਰ ਵੀ ਮੇਰਾ ਧਿਆਨ ਵਾਰ ਵਾਰ ਆਪ ਜੀ ਦੇ ਵੱਲ ਜ਼ਰੂਰ ਚਲਾ ਜਾਂਦਾ ਹੈ। ਤੁਹਾਡੀ ਚਿੱਠੀ ਪੜ੍ਹ ਕੇ ਹਿਰਖ ਵੀ ਆਇਆ ਸੀ ਕਿ ਕਿਵੇਂ ਨਾਂ ਮਿਲਣ ਦਾ ਬਹਾਨਾ ਲਾਇਆ ਹੈ। ਆਪ ਕੀ ਬੇਰੁੱਖੀ ਕਾ ਦਿਲ ਨੇ ਤੋ ਸ਼ਿਕਵਾ ਦੀਆ, ਪਰ ਹਾਥੋਂ ਨੇ ਲਿਖਨੇ ਕਾ ਸਾਹਸ ਨਾ ਕੀਆ। ਆਪ ਕੀ ਤਮੰਨਾ ਪੂਰੀ ਹੋ, ਹੋਠੌ ਨੇ ਅਸੀਸ ਦੀਆ, ਮਾਥਾ ਸਲਾਮਤੀ ਕੇ ਲੀਏ, ਖੁਦਾ ਅੱਗੇ ਝੁੱਕ ਗਿਆ। ਉਮੀਦ ਹੈ ਚਿੱਠੀ ਪੜ੍ਹ ਕੇ ਤੁਹਾਡਾ ਦਿਲ ਮਿਲਣ ਲਈ ੳਕਸਾਏ। ਸਾਡੇ ਪਰਿਵਾਰ ਵਲੌਂ ਆਪ ਜੀ ਨੂੰ ਸਤਿ ਸ੍ਰੀ ਅਕਾਲ।
ਆਪ ਦੇ ਸੁਨੇਹੇ ਦਾ ਬੇਸਬਰੀ ਨਾਲ ਇੰਤਜਾਰ ਕਰਦੀ ਹੋਈ,
ਤੁਹਾਡੀ ਦੀਪੀ।