ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਦੇ ਕੂਪਰ ਇੰਸਟੀਚਿਊਟ ਹਾਲ ਵਿਖੇ ਸਾਊਥ ਏਸ਼ੀਅਨ ਮਲਟੀਆਰਟਸ ਏਜੰਸੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ਵ ਭਰ ਵਿੱਚੋਂ ਨਾਚ ਗਰੁੱਪਾਂ ਦੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕਰਨ ਉਪਰੰਤ ਚੇਅਰਪਰਸਨ ਡਾ: ਮਰਿਦੁਲਾ ਚਕਰਬੋਰਤੀ ਨੇ ਜਿੱਥੇ ਹਾਜ਼ਰੀਨ ਅਤੇ ਕਲਾਕਾਰਾਂ ਨੂੰ ਜੀ ਆਇਆਂ ਕਿਹਾ, ਉੱਥੇ ਉਹਨਾਂ ਸੰਸਥਾ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਦੇ ਆਦਾਨ ਪ੍ਰਦਾਨ ਲਈ ਕੀਤੇ ਸਮਾਗਮ ਦੇ ਯਾਦਗਾਰੀ ਬਣਨ ਦੀ ਆਸ ਵੀ ਪ੍ਰਗਟਾਈ। ਸਮਾਗਮ ਦੀ ਸ਼ੁਰੂਆਤ ਅਨਸੂਆ ਮਜੂਮਦਾਰ ਦੇ ਨਾਚ ਨਾਲ ਹੋਈ, ਜਿਸ ਦੌਰਾਨ ਉਹਨਾਂ ਨੇ ਆਪਣੀ ਕਥਕ ਨਾਚ ਦਾ ਤੂਚੀਗੁਮੋ ਡਾਈਕੋ ਡਰੱਮਰਜ਼ ਦੇ ਨਾਲ ਤਾਲਮੇਲ ਬਣਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਇਸ ਉਪਰੰਤ ਡਾਕਿਨੀ ਡਾਂਸ ਗਰੁੱਪ ਬਾਰਸੀਲੋਨਾ, ਮੈਕਨੀਅਲ ਡਾਂਸ ਗਰੁੱਪ ਹਾਈਲੈਂਡ, ਦੇਸੀ ਬਰੇਵਹਾਰਟਜ਼ ਸਕਾਟਲੈਂਡ, ਗਲਾਸਗੋ ਹੈਲੈਨਿਕ ਡਾਂਸ ਗਰੁੱਪ ਗਰੀਸ, ਗੱਭਰੂ ਪੰਜਾਬ ਦੇ (ਗਿੱਧਾ), ਡਾਂਸ ਅਡਿਕਸ਼ਨ ਗਰੁੱਪ ਆਦਿ ਵੱਲੋਂ ਲਗਾਤਾਰ ਤਿੰਨ ਘੰਟੇ ਮਾਹੌਲ ਨੂੰ ਆਪਣੀਆਂ ਪੇਸ਼ਕਾਰੀਆਂ ਰਾਹੀਂ ਰੰਗੀਨ ਬਣਾਈ ਰੱਖਿਆ। ਜਿਕਰਯੋਗ ਹੈ ਕਿ ਇਸ ਸਮਾਗਮ ਦੇ ਮੁੱਖ ਪ੍ਰਬੰਧਕ ਹਰਮਿੰਦਰ ਬਰਮਨ ਪਿਛਲੇ 22 ਸਾਲਾਂ ਤੋਂ ਸਕਾਟਲੈਂਡ ਦੀਆਂ ਸੱਭਿਆਚਾਰਕ ਗਤੀਵਿਧੀਆਂ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਸਨ। ਕੁਝ ਸਮੇਂ ਦੀ ਖੜੋਤ ਉਪਰੰਤ ਹੋਏ ਇਸ ਸਮਾਗਮ ਨੇ ਮੁੜ ਖੜ੍ਹੇ ਪਾਣੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਸਮਾਗਮ ਦੀ ਸਫ਼ਲਤਾ ਸੰਬੰਧੀ ਗੱਲਬਾਤ ਕਰਦਿਆਂ ਹਰਮਿੰਦਰ ਬਰਮਨ ਨੇ ਕਿਹਾ ਕਿ ਵੱਖ ਵੱਖ ਖਿੱਤਿਆਂ ਦੇ ਸੱਭਿਆਚਾਰਾਂ ਅਤੇ ਕਲਾਕਾਰਾਂ ਦੀ ਕਲਿੰਗੜੀ ਪੁਆ ਕੇ ਉਹਨਾਂ ਨੂੰ ਆਤਮਿਕ ਖੁਸ਼ੀ ਮਿਲਦੀ ਹੈ। ਇਹ ਸਮਾਗਮ ਆਪਣੇ ਆਪ ਵਿੱਚ ਇਸ ਗੱਲੋਂ ਵੀ ਵਿਲੱਖਣ ਸੀ ਕਿ ਵੱਖ ਵੱਖ ਭਾਸ਼ਾਵਾਂ ਬੋਲਦੇ ਕਲਾਕਾਰ ਓਪਰੀਆਂ ਭਾਸ਼ਾਵਾਂ ਬੋਲਦੇ ਸਮਝਦੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਕਲਾ ਜ਼ਰੀਏ ਘਰ ਬਨਾਉਣ ਵਿੱਚ ਕਾਮਯਾਬ ਹੋ ਕੇ ਆਪੋ ਆਪਣੇ ਵਤਨੀਂ ਪਰਤੇ ਹਨ।
ਗਲਾਸਗੋ ਵਿਖੇ ਸਾਊਥ ਏਸ਼ੀਅਨ ਮਲਟੀਆਰਟਸ ਏਜੰਸੀ ਦੇ ਸਮਾਗਮ ‘ਚ ਵਿਸ਼ਵ ਭਰ ‘ਚੋਂ ਪਹੁੰਚੇ ਕਲਾਕਾਰ
This entry was posted in ਅੰਤਰਰਾਸ਼ਟਰੀ.