ਬਰਨਾਲਾ,(ਅੰਮ੍ਰਿਤਪਾਲ ਦੁੱਗ) – ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਤਿੰਨ ਰੋਜ਼ਾ 60ਵੀਆਂ ਸਾਲਾਨਾ ਖੇਡਾਂ ਧੂਮਧਾਮ ਨਾਲ ਸ਼ੁਰੂ ਹੋ ਗਈਆਂ ਹਨ। ਸ੍ਰੀ ਅਨਮੋਲ ਸਿੰਘ ਧਾਲੀਵਾਲ, ਐਸਡੀਐਮ ਬਰਨਾਲਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਹਨਾਂ ਨੇ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਐੱਸ. ਡੀ. ਪੋਸਟ ਗ੍ਰੈਜੂਏਟ ਕਾਲਜ, ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ, ਐੱਸ.ਡੀ. ਕਾਲਜ ਆਫ਼ ਫਾਰਮੇਸੀ, ਐੱਸ. ਡੀ. ਕਾਲਜ ਆਫ਼ ਡੀ. ਫਾਰਮੇਸੀ ਅਤੇ ਡਾ. ਰਘੂਬੀਰ ਪ੍ਰਕਾਸ਼ ਐੱਸ. ਡੀ. ਸੀਨੀ. ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਖਿਡਾਰੀਆਂ ਤੋਂ ਸ਼ਾਨਦਾਰ ਮਾਰਚ ਪਾਸਟ ਦੀ ਸਲਾਮੀ ਲੈਂਦੇ ਹੋਏ ਖੇਡਾਂ ਦਾ ਰਸਮੀ ਉਦਘਾਟਨ ਕੀਤਾ। ਮਾਰਚ ਪਾਸਟ ਦੀ ਅਗਵਾਈ ਯੂਨੀਵਰਸਿਟੀ ਅਤੇ ਰਾਸ਼ਟਰੀ ਪੱਧਰ ’ਤੇ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀ ਕਰ ਰਹੇ ਸਨ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਿੱਤ ਹਾਰ ਖੇਡ ਦਾ ਹਿੱਸਾ ਹਨ ਅਤੇ ਸਾਨੂੰ ਹਾਰ ਤੋਂ ਘਬਰਾਉਣ ਦੀ ਜਗ੍ਹਾ ਇਸ ਨੂੰ ਬਰਦਾਸ਼ਤ ਕਰਨਾ ਵੀ ਸਿੱਖਣਾ ਚਾਹੀਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀ ਅਲਾਮਤ ਤੋਂ ਬਚਣ ਦੀ ਤਾਕੀਦ ਕੀਤੀ। ਉਹਨਾਂ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ ’ਤੇ ਸੰਸਥਾ ਨੂੰ ਵਧਾਈ ਦਿੱਤੀ। ਸੰਸਥਾ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੰਸਥਾ ਸ਼ੁਰੂ ਤੋਂ ਹੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਵਿਦਿਆਰਥੀਆਂ ਅੰਦਰ ਉਤਪੰਨ ਕਰਨ ਲਈ ਯਤਨਸ਼ੀਲ ਰਹੀ। ਰਸਮੀ ਮਾਰਚ ਪਾਸਟ ਤੋਂ ਬਾਅਦ ਵਿਦਿਆਰਥਣਾਂ ਦੁਆਰਾ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਫ਼ਾਰਮੇਸੀ ਦੇ ਵਿਦਿਆਰਥੀਆਂ ਨੇ ਐਰੋਬਿਕਸ ਦਾ ਮੁਜ਼ਾਹਰਾ ਕੀਤਾ।
ਉਦਘਾਟਨੀ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਪ੍ਰਿੰਸੀਪਲ ਡਾ. ਰਮਾ ਸ਼ਰਮਾ, ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ, ਪ੍ਰਿੰਸੀਪਲ ਡਾ. ਵਿਜੈ ਕੁਮਾਰ ਬਾਂਸਲ, ਪ੍ਰਿੰਸੀਪਲ ਸ੍ਰੀ.ਕਸ਼ਮੀਰ ਸਿੰਘ, ਪ੍ਰਿੰਸੀਪਲ ਸ੍ਰੀ ਰਾਕੇਸ਼ ਗਰਗ, ਸਮੁੱਚਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ। ਚੀਫ਼ ਕੋਆਰਡੀਨੇਟਰ ਡਾ. ਰਮਾ ਸ਼ਰਮਾ ਨੇ ਧੰਨਵਾਦੀ ਸ਼ਬਦ ਕਹੇ। ਇਹ ਖੇਡ ਮੁਕਾਬਲੇ ਸਰੀਰਕ ਸਿੱਖਿਆ ਅਧਿਆਪਕਾਂ ਡਾ. ਬਹਾਦਰ ਸਿੰਘ ਸੰਧੂ, ਪ੍ਰੋ. ਬਲਵਿੰਦਰ ਕੁਮਾਰ ਬਿੱਟੂ, ਪ੍ਰੋ. ਜਸਵਿੰਦਰ ਕੌਰ ਅਤੇ ਲੈਕ. ਅਮਨਦੀਪ ਕੌਰ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਹਨ। ਮੰਚ ਸੰਚਾਲਨ ਦੇ ਫਰਜ਼ ਪ੍ਰੋ. ਰੀਤੂ ਅੱਗਰਵਾਲ ਨੇ ਬਾਖ਼ੂਬੀ ਨਿਭਾਏ।