ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਅੱਤਵਾਦੀ ਸੰਗਠਨ ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤਾ ਹੋ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਤਾਲਿਬਾਨ ਦੇ ਨਾਲ ਸਾਡੀ ਗੱਲਬਾਤ ਜਾਰੀ ਹੈ ਅਤੇ ਉਮੀਦ ਹੈ ਕਿ ਦੋਵਾਂ ਧਿਰਾਂ ਦਰਮਿਆਨ ਵਾਰਤਾ ਸਫਲ ਹੋਵੇਗੀ। ਅਮਰੀਕਾ ਸ਼ਾਂਤੀ ਸਮਝੌਤੇ ਦੇ ਪੱਖ ਵਿੱਚ ਹੈ। ਯੂਐਸ ਵੱਲੋਂ ਅਫ਼ਗਾਨਿਸਤਾਨ ਵਿੱਚ ਤੈਨਾਤ ਅਮਰੀਕੀ ਸੈਨਿਕਾਂ ਦੀ ਸੰਖਿਆ ਵਿੱਚ ਕਾਫੀ ਕਮੀ ਕੀਤੀ ਗਈ ਹੈ।
ਅਫ਼ਗਾਨ ਮਾਮਲਿਆਂ ਦੇ ਅਧਿਕਾਰੀ ਮਾਰਵਿਨ ਵਿਨਬੌਮ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਤਾਲਿਬਾਨ ਵਿੱਚਕਾਰ ਇਹ ਸਮਝੌਤਾ ਇਸ ਮਹੀਨੇ ਦੇ ਆਖਿਰ ਤੱਕ ਹੋ ਜਾਵੇਗਾ, ਪਰ ਇਸ ਤੋਂ ਪਹਿਲਾਂ ਤਾਲਿਬਾਨ ਨੂੰ ਘੱਟ ਤੋਂ ਘੱਟ ਇੱਕ ਹਫ਼ਤੇ ਦੇ ਲਈ ਹਿੰਸਕ ਵਾਰਦਾਤਾਂ ਨੂੰ ਛੱਡਣਾ ਹੋਵੇਗਾ। ਸਮਝੌਤਾ ਹੋ ਜਾਣ ਦੀ ਸੂਰਤ ਵਿੱਚ ਅਮਰੀਕਾ ਪਹਿਲਾਂ ਆਪਣੇ ਪੰਜ ਹਜ਼ਾਰ ਸੈਨਿਕਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਿਸ ਬੁਲਾਵੇਗਾ। ਸਮਝੌਤੇ ਦੇ ਤਹਿਤ ਤਾਲਿਬਾਨ ਅਤੇ ਅਫ਼ਗਾਨਿਸਤਾਨ ਦੇ ਕੈਦੀਆਂ ਨੂੰ ਰਿਹਾ ਕੀਤਾ ਜਾ ਸਕਦਾ ਹੈ। ਵਿਨਬੌਮ ਅਨੁਸਾਰ ਅਫ਼ਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਨੂੰ ਇਸ ਸਾਲ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਸੈਨਕਾਂ ਦੀ ਵਾਪਸੀ ਦਾ ਕੰਮ ਪੂਰਾ ਕੀਤਾ ਜਾ ਸਕਦਾ ਹੈ।