ਚਾਚੀ ਤਾਈ ਮਾਮੀ ਮਾਸੀ,
ਕਰਦੀ ਬੜਾ ਪਿਆਰ ਏ ਮੈਂਨੂੰ।
ਐਪਰ ਮਾਂ ਦੀ ਗੋਦੀ ਵਰਗਾ,
ਚੜ੍ਹਦਾ ਨਹੀਂ ਖੁਮਾਰ ਏ ਮੈਂਨੂੰ।
ਮਾਂ ਮੇਰੀ ਮੈਂਨੂੰ ਗੋਦ ਖਿਡਾਇਆ,
ਫੜ ਕੇ ਉਂਗਲ ਪੜ੍ਹਨੇ ਪਾਇਆ।
ਏਸੇ ਮਾਂ ਦੀ ਗੁੜ੍ਹਤੀ ਲੈ ਮੈਂ,
ਅੱਖਰਾਂ ਦੇ ਨਾਲ ਹੇਜ ਜਤਾਇਆ।
ਮੈਂ ਸੋਵਾਂ, ਮਾਂ ਲੋਰੀ ਗਾਵੇ,
ਨੱਚਾ ਟੱਪਾਂ ਬੋਲੀਆਂ ਪਾਵੇ।
ਰੁੱਸ ਜਾਵਾਂ, ਤਾਂ ਆਪ ਮਨਾਵੇ,
ਖੁਸ਼ ਹੋਵਾਂ ਤਾ ਗੀਤ ਬਣਾਵੇ।
ਵੀਰ ਵਿਆਹ ਤੇ ਘੋੜੀ ਗਾਵੇ,
ਲਾੜੀ ਬਣਾਂ, ਸੁਹਾਗ ਸੁਣਾਵੇ।
ਮਹਿੰਦੀ ਲਾਵਾਂ ਗੀਤ ਬਣਾਵੇ,
ਮਾਂ ਬਣਾਂ ਮਮਤਾ ਦਰਸਾਵੇ।
ਜਦ ਮਾਹੀ ਪਰਦੇਸ ਨੂੰ ਜਾਵੇ,
ਬਿਰਹੋਂ ਦੇ ਇਹ ਗੀਤ ਬਣਾਵੇ।
ਨੂੰਹ-ਸੱਸ ਦਾ ਨੇਹ ਸਮਝਾਵੇ,
ਮਿੱਠੀਆਂ ਕਈ ਟਕੋਰਾਂ ਲਾਵੇ।
ਭੈਣ ਵੀਰ ਨੂੰ ਗਲੇ ਲਗਾਵੇ,
ਮਾਹੀਆ, ਢੋਲੇ, ਟੱਪੇ ਗਾਵੇ।
ਖੁਸ਼ੀਆਂ ਮੇਰੇ ਸੰਗ ਮਨਾਉਂਦੀ,
ਦੁੱਖ ਵੇਲੇ ਵੀ ਕੀਰਨੇ ਪਾਵੇ।
ਇਸ ਉਮਰੇ ਮੈਂ ਸਾਗਰ ਗਾਹਿਆ,
ਪਿੰਡੇ ਤੇ ਪਰਵਾਸ ਹੰਢਾਇਆ।
ਸੰਗੀ ਸਾਥੀ ਰਹਿ ਗਏ ਪਿਛੇ,
ਏਸੇ ਮਾਂ ਨੇ ਸਾਥ ਨਿਭਾਇਆ।
ਕਈ ਮਾਵਾਂ ਮੈਂਨੂੰ ਗਲੇ ਲਗਾਇਆ,
ਮੈਂ ਵੀ ਇੱਜ਼ਤ ਨਾਲ ਬੁਲਾਇਆ।
ਆਪਣੀ ਮਾਂ ਦੀ ਬੁੱਕਲ ਵਰਗਾ,
ਐਪਰ ਨਿੱਘ ਨਾ ਕਿਧਰੋਂ ਆਇਆ।
ਸਭ ਮਾਵਾਂ ਦਾ ਕਰ ਸਤਿਕਾਰ,
ਆਪਣੀ ਮਾਂ ਨੂੰ ਕਰਾਂ ਪਿਆਰ।
ਦੁੱਖ ਸੁੱਖ ਇਹਦੇ ਨਾਲ ਫੋਲ ਕੇ,
ਦਿਲ ਤੋਂ ਲਾਹਵਾਂ ਸਾਰਾ ਭਾਰ।
ਮਾਂ ਮੇਰੀ ਅੱਜ ਹੈ ਦੁਖਿਆਰੀ,
ਪੁੱਤਾਂ ਕੱਢੀ ਬਾਹਰ ਵਿਚਾਰੀ।
‘ਦੀਸ਼’ ਵਕਾਲਤ ਕਰਕੇ ਇਹਦੀ,
ਮੋੜ ਲਿਆਊ ਫਿਰ ਸਰਦਾਰੀ।