ਕਾਂਗਰਸ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਸਰਕਾਰੀ ਪ੍ਰਣਾਲੀ ਨਾਲ ਮਿਲਦਾ ਜੁਲਦਾ ਹੈ। ਜਿਵੇਂ ਸਭ ਤੋਂ ਪਹਿਲਾਂ ਬਾਬੂ ਫਾਈਲ ਬਣਾਉਂਦਾ ਹੈ, ਸਹਾਇਕ ਉਸ ਉਪਰ ਆਪਣੀ ਤਜਵੀਜ ਲਿਖਦਾ ਤੇ ਫਿਰ ਅਖ਼ੀਰ ਦਸ ਥਾਵਾਂ ਤੇ ਤੁਰਦੀ ਫਾਈਲ ਵਾਪਸ ਪਹੁੰਚਦੀ ਹੈ। ਉਸੇ ਤਰ੍ਹਾਂ ਕਾਂਗਰਸ ਪਾਰਟੀ ਜਦੋਂ ਪ੍ਰਾਦੇਸ਼ਕ ਢਾਂਚਿਆਂ ਵਿਚ ਤਬਦੀਲੀ ਕਰਨੀ ਹੁੰਦੀ ਹੈ ਤਾਂ ਫਾਈਲ ਨੂੰ ਘੁਮਾਉਂਦਿਆਂ ਹੀ ਸਾਲਾਂ ਬੱਧੀ ਲਮਕਾਈ ਰੱਖਦੀ ਹੈ ਕਿਉਂਕਿ ਵੱਡੇ ਨੇਤਾਵਾਂ ਨੇ ਆਪਣੇ ਚਾਪਲੂਸਾਂ ਦੇ ਹਿਤਾਂ ਤੇ ਪਹਿਰਾ ਦੇਣਾ ਹੁੰਦਾ ਹੈ। ਕਦੀ ਜ਼ਾਤ ਬਰਾਦਰੀ, ਕਦੀ ਇਲਾਕਾਈ ਅਤੇ ਕਦੀਂ ਆਰਥਿਕ ਹਾਲਤ ਵੇਖਦੇ ਸਮਾਂ ਬਰਬਾਦ ਕਰ ਦਿੰਦੇ ਹਨ, ਉਦੋਂ ਤੱਕ ਜੋ ਮਕਸਦ ਹੁੰਦਾ ਹੈ ਉਹ ਹੀ ਖ਼ਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਫਿਰ ਇਕ ਨਵਾਂ ਫਾਰਮੂਲਾ ਲਿਆਂਦਾ ਹੈ, ਜਿਸ ਅਧੀਨ ਪ੍ਰਦੇਸ ਕਾਂਗਰਸ ਕਮੇਟੀ ਭੰਗ ਕਰਕੇ 11 ਮੈਂਬਰੀ ਤਾਲਮੇਲ ਕਮੇਟੀ ਬਣਾ ਦਿੱਤੀ ਹੈ। ਇਹ ਕਮੇਟੀ ਸਰਕਾਰ ਅਤੇ ਕਾਂਗਰਸ ਪਾਰਟੀ ਵਿਚ ਤਾਲਮੇਲ ਰੱਖੇਗੀ ਅਤੇ ਚੋਣ ਵਾਅਦੇ ਮੁਕੰਮਲ ਕਰਨ ਲਈ ਸਰਕਾਰ ਤੇ ਜ਼ੋਰ ਪਾਵੇਗੀ। ਕਾਂਗਰਸ ਪਾਰਟੀ ਨੇ ਇਹ ਵੀ ਲਿਪਾ ਪੋਚੀ ਹੀ ਕੀਤੀ ਲੱਗਦੀ ਹੈ। ਪੰਜਾਬ ਦੇ ਲੋਕ ਖਾਸ ਤੌਰ ਤੇ ਕਾਂਗਰਸ ਦੇ ਵਿਧਾਨਕਾਰ ਅਤੇ ਵਰਕਰ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨਾਲ ਵਿਧਾਨ ਸਭਾ ਦੀ ਚੋਣ ਮੌਕੇ ਕੀਤੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ। ਇਥੋਂ ਤੱਕ ਕਿ ਕੁਝ ਮੰਤਰੀ ਅਤੇ ਵਿਧਾਨਕਾਰ ਵੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੱਬੀ ਜ਼ੁਬਾਨ ਵਿਚ ਕਿੰਤੂ ਪ੍ਰੰਤੂ ਕਰ ਰਹੇ ਹਨ। ਪ੍ਰਗਟ ਸਿੰਘ ਵਿਧਾਨਕਾਰ ਨੇ ਤਾਂ ਮੁੱਖ ਮੰਤਰੀ ਨੂੰ ਚਿੱਠੀ ਲਿਖਕੇ ਆਪਣਾ ਗੁਭ ਗੁਭਾਟ ਕੱਢ ਲਿਆ ਹੈ। ਇਸ ਕਮੇਟੀ ਵਿਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਚਾਰ ਮੰਤਰੀ ਸ਼ਾਮਲ ਹਨ, ਜਿਨ੍ਹਾਂ ਖੁਦ ਹੀ ਆਪੋ ਆਪਣੇ ਵਿਭਾਗਾਂ ਵਿਚ ਚੋਣ ਵਾਅਦੇ ਲਾਗੂ ਕਰਨੇ ਹੁੰਦੇ ਹਨ। ਜੇਕਰ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਚੋਣ ਵਾਅਦੇ ਲਾਗੂ ਕਰਨ ਵਿਚ ਦਿਲਚਸਪੀ ਲੈਂਦੇ ਹੁੰਦੇ ਤਾਂ ਫਿਰ ਅਜਿਹੀ ਤਾਲਮੇਲ ਕਮੇਟੀ ਦੀ ਕੀ ਲੋੜ ਸੀ। ਇਨ੍ਹਾਂ ਨੂੰ ਹੀ ਤਾਲਮੇਲ ਕਮੇਟੀ ਵਿਚ ਸ਼ਾਮਲ ਕਰ ਲਿਆ ਹੈ। ਹੁਣ ਉਹ ਇਹ ਵਾਅਦੇ ਕਿਵੇਂ ਲਾਗੂ ਕਰਨਗੇ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਕਮੇਟੀ ਵਿਚ ਦੋ ਮੈਂਬਰਾਂ ਮੁੱਖ ਮੰਤਰੀ ਅਤੇ ਅੰਬਿਕਾ ਸੋਨੀ ਤੋਂ ਬਿਨਾ ਬਾਕੀ ਸਾਰੇ ਨੌਜਵਾਨ ਨੇਤਾ ਲਏ ਗਏ ਹਨ। ਪਾਰਟੀ ਦੇ ਸੀਨੀਅਰ ਅਤੇ ਬਜ਼ੁਰਗ ਨੇਤਾਵਾਂ ਨੂੰ ਗੁੱਠੇ ਲਾਈਨ ਲਾ ਦਿੱਤਾ ਹੈ ਅਤੇ ਉਹ ਠੱਗੇ ਹੋਏ ਮਹਿਸੂਸ ਕਰਦੇ ਹਨ। ਇਉਂ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਸੁਣੀ ਗਈ ਹੈ। ਚਲੋ ਜੇ ਆਪਣੀ ਡਿਗਦੀ ਸ਼ਾਖ਼ ਨੂੰ ਬਚਾਉਣ ਦੀ ਯਾਦ ਆ ਗਈ ਤਾਂ ਵੀ ਚੰਗੀ ਗੱਲ ਹੈ। ਸਰਬ ਭਾਰਤੀ ਕਾਂਗਰਸ ਕਮੇਟੀ ਕੌਮੇ ਵਿਚੋਂ ਬਾਹਰ ਆ ਗਈ ਲੱਗਦੀ ਹੈ ਕਿਉਂਕਿ ਉਨ੍ਹਾਂ ਪੰਜਾਬ ਪ੍ਰਦੇਸ ਕਾਂਗਰਸ ਦੀ 5 ਸਾਲ ਬਾਅਦ ਪੁਰਾਣੀ ਕਮੇਟੀ ਭੰਗ ਕਰ ਦਿੱਤੀ ਹੈ। ਆਮ ਤੌਰ ਤੇ ਜਦੋਂ ਕੋਈ ਨਵਾਂ ਪ੍ਰਧਾਨ ਬਣਦਾ ਹੈ ਤਾਂ ਉਹ ਆਪਣੀ ਮਰਜੀ ਦੇ ਅਹੁਦੇਦਾਰ ਬਣਾਉਂਦਾ ਹੈ। ਸੁਨੀਲ ਕੁਮਾਰ ਜਾਖੜ ਪਿਛਲੇ ਲਗਪਗ 4 ਸਾਲ ਤੋਂ ਪੁਰਾਣੀ ਅਹੁਦੇਦਾਰਾਂ ਦੀ ਟੀਮ ਨਾਲ ਹੀ ਆਪਣਾ ਕੰਮ ਚਲਾਉਂਦਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਸਤੰਬਰ 2016 ਵਿਚ ਪ੍ਰਦੇਸ ਕਾਂਗਰਸ ਦੀ ਕਮੇਟੀ ਦੇ ਅਹੁਦੇਦਾਰਾਂ ਦਾ ਗਠਨ ਕੇਂਦਰੀ ਕਾਂਗਰਸ ਦੀ ਪ੍ਰਵਾਨਗੀ ਨਾਲ ਕੀਤਾ ਸੀ।
ਕਾਂਗਰਸ ਪਾਰਟੀ ਨਵੇਂ ਫਾਰਮੂਲੇ ਬਣਾਕੇ ਉਨ੍ਹਾਂ ਦੇ ਤਜ਼ਰਬੇ ਕਰਨ ਵਿਚ ਮਾਹਿਰ ਹੈ, ਭਾਵੇਂ ਪਾਰਟੀ ਨੂੰ ਨੁਕਸਨ ਹੀ ਕਿਉਂ ਨਾ ਉਠਾਉਣਾ ਪਵੇ। 2017 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ ਤਾਂ ਇਕ ਵਿਅਕਤੀ ਇਕ ਅਹੁਦੇ ਦੇ ਫਰਾਮੂਲੇ ਅਨੁਸਾਰ ਸੁਨੀਲ ਕੁਮਾਰ ਜਾਖੜ ਨੂੰ ਉਨ੍ਹਾਂ ਦੀ ਥਾਂ ਅਪ੍ਰੈਲ 2017 ਵਿਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਸੁਨੀਲ ਕੁਮਾਰ ਜਾਖੜ ਦਾ ਅਕਸ ਇਕ ਸ਼ਰੀਫ, ਸੰਜਮੀ, ਬੇਦਾਗ, ਨਿਰਵਿਵਾਦ, ਸੁਲਝਿਆ ਹੋਇਆ ਅਤੇ ਨਮਰਤਾ ਵਾਲੇ ਸਿਆਣੇ ਰਾਜਨੀਤਕ ਵਾਲਾ ਹੈ। ਉਸਨੇ ਪ੍ਰਧਾਨ ਬਣਨ ਤੋਂ ਬਾਅਦ ਪੁਰਾਣੇ ਅਹੁਦੇਦਾਰ ਨਹੀਂ ਬਦਲੇ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਪੁਰਾਣੀ ਟੀਮ ਨਾਲ ਹੀ ਕੰਮ ਚਲਾਉਂਦਾ ਰਿਹਾ। ਉਦੋਂ ਇਹ ਵੀ ਪ੍ਰਭਾਵ ਸਿਆਸੀ ਖੇਤਰ ਵਿਚ ਗਿਆ ਸੀ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ ਕਾਂਗਰਸ ਦਾ ਪ੍ਰਧਾਨ ਹਮ ਖਿਆਲੀ ਹਨ। ਇਸ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਅਤੇ ਪ੍ਰਧਾਨ ਦਰਮਿਆਨ ਇੱਟ ਖੜੱਕਾ ਹੀ ਰਿਹਾ ਹੈ। ਪ੍ਰੰਤੂ ਮੁੱਖ ਮੰਤਰੀ ਅਤੇ ਪ੍ਰਧਾਨ ਦਾ ਸਦਭਾਵਨਾ ਵਾਲਾ ਮਾਹੌਲ ਬਹੁਤੀ ਦੇਰ ਚਲਿਆ ਨਹੀਂ। ਸੁਨੀਲ ਕੁਮਾਰ ਜਾਖੜ ਕਿਉਂਕਿ ਅਬੋਹਰ ਤੋਂ ਵਿਧਾਨ ਸਭਾ ਦੀ ਚੋਣ ਹਾਰ ਗਿਆ ਸੀ। ਕਿਹਾ ਜਾਂਦਾ ਹੈ ਕਿ ਉਹ ਪੰਜਾਬ ਵਿਚੋਂ ਰਾਜ ਸਭਾ ਵਿਚ ਨਾਮਜ਼ਦ ਹੋਣਾ ਚਾਹੁੰਦਾ ਸੀ ਪ੍ਰੰਤੂ ਮੁੱਖ ਮੰਤਰੀ ਨੇ ਉਸਦੀ ਮਦਦ ਨਹੀਂ ਕੀਤੀ, ਜਿਸ ਕਰਕੇ ਦੋਹਾਂ ਦੇ ਸੰਬੰਧਾਂ ਵਿਚ ਖਟਾਸ ਪੈਦਾ ਹੋ ਗਈ। ਇਹ ਕੁਦਰਤੀ ਹੈ ਕਿ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਸਰਕਾਰ ਤੋਂ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਪਾਰਟੀ ਦੇ ਪ੍ਰਧਾਨ ਦੀ ਹੁੰਦੀ ਹੈ। ਜੇ ਦੋਹਾਂ ਦੇ ਸੰਬੰਧ ਚੰਗੇ ਹੋਣ ਤਾਂ ਕਾਂਗਰਸੀ ਵਰਕਰਾਂ ਦੇ ਹਿਤਾਂ ਦੀ ਰਾਖੀ ਹੁੰਦੀ ਰਹਿੰਦੀ ਹੈ ਪ੍ਰੰਤੂ ਜੇਕਰ ਮਨ ਮੁਟਾਵ ਹੋਵੇਗਾ ਤਾਂ ਪਾਰਟੀ ਦੀ ਰੀੜ੍ਹ ਦੀ ਹੱਡੀ ਵਰਕਰ ਨਿਰਾਸ਼ ਹੋਣਗੇ, ਜਿਸਦਾ ਅਗਲੀਆਂ ਚੋਣਾਂ ਵਿਚ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਜਿਹੜੇ ਵਾਅਦੇ ਅਤੇ ਦਮਗਜ਼ੇ ਮਾਰਕੇ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਸਰਕਾਰ ਬਣਾਈ ਸੀ, ਉਹ ਅਜੇ ਤੱਕ ਅਧੂਰੇ ਹਨ, ਜਿਸ ਕਰਕੇ ਸੁਨੀਲ ਕੁਮਾਰ ਜਾਖੜ ਸੰਤੁਸ਼ਟ ਨਹੀਂ ਹਨ। ਭਾਵੇਂ ਸਰਕਾਰ ਦਾ ਅੱਧਾ ਸਮਾ ਅਜੇ ਰਹਿੰਦਾ ਹੈ। ਸੁਨੀਲ ਕੁਮਾਰ ਜਾਖੜ ਕਈ ਵਾਰ ਆਪਣੀ ਨਰਾਜ਼ਗੀ ਆਪਣੇ ਬਿਆਨਾ ਰਾਹੀਂ ਦਰਸਾ ਚੁੱਕੇ ਹਨ। ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਨੇ ਵੱਡੇ ਵਾਅਦੇ ਕਰ ਲਏ ਜਿਨ੍ਹਾਂ ਵਿਚ ਕਾਂਗਰਸ ਪਾਰਟੀ ਵੀ ਸ਼ਾਮਲ ਸੀ। ਜਦੋਂ ਕਿ ਉਨ੍ਹਾਂ ਨੂੰ ਪਤਾ ਸੀ ਕਿ ਪੰਜਾਬ ਦੀ ਆਰਥਿਕ ਹਾਲਤ ਵਾਅਦੇ ਪੂਰੇ ਕਰਨ ਦੇ ਸਮਰੱਥ ਨਹੀਂ। ਰਹਿੰਦੀ ਕਸਰ ਬਾਦਲ ਸਰਕਾਰ ਨੇ ਪੂਰੀ ਕਰ ਦਿੱਤੀ ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਅਕਾਲੀ ਦਲ ਦੀ ਸਰਕਾਰ ਨਹੀਂ ਬਣਦੀ ਤਾਂ ਇਕੱਤੀ ਹਜ਼ਾਰ ਕਰੋੜ ਕੇਂਦਰ ਸਰਕਾਰ ਨੂੰ ਫੂਡ ਗਰੇਨ ਦੇ ਵਹੀ ਖਾਤੇ ਪੂਰੇ ਨਾ ਕਰਨ ਕਰਕੇ ਦੇਣਾ ਪ੍ਰਵਾਨ ਕਰ ਲਿਆ।
ਕਾਂਗਰਸ ਪਾਰਟੀ ਨੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਭੰਗ ਕਰ ਦਿੱਤੀ ਪ੍ਰੰਤੂ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਬਣਿਆਂ ਰਹਿਣ ਦਿੱਤਾ ਕਿਉਂਕਿ ਉਸਦਾ ਦਿੱਲੀ ਵਿਚ ਕਿਲਾ ਭਾਰੂ ਹੈ। ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਮੇਟੀ ਸੁਨੀਲ ਕੁਮਾਰ ਜਾਖੜ ਦੀ ਸਿਫਾਰਸ਼ ਤੇ ਭੰਗ ਕੀਤੀ ਹੈ ਤਾਂ ਜੋ ਉਹ ਆਪਣੀ ਪਸੰਦ ਦੇ ਅਹੁਦੇਦਾਰ ਬਣਾ ਸਕੇ। ਕਾਂਗਰਸ ਕਲਚਰ ਅਨੁਸਾਰ ਨਵੀਂ ਕਮੇਟੀ ਵੀ ਬਣਨ ਵਿਚ ਵੀ ਕਈ ਸਾਲ ਲੱਗ ਜਾਂਦੇ ਹਨ ਜਿਵੇਂ ਪਹਿਲਾਂ ਹੋਇਆ ਹੈ। ਇਸ ਤੋਂ ਤਾਂ ਸਾਫ ਜ਼ਾਹਰ ਹੈ ਕਿ ਮੁੱਖ ਮੰਤਰੀ ਅਤੇ ਪ੍ਰਧਾਨ ਦੋਵੇਂ ਇਕਸੁਰ ਨਹੀਂ ਹਨ। ਜਿਹੜੇ ਨਵੇਂ ਅਹੁਦੇਦਾਰ ਬਣਨਗੇ ਉਹ ਕਿਹੜਾ ਕੱਦੂ ਵਿਚ ਤੀਰ ਮਾਰਨਗੇ, ਜਿਸ ਨਾਲ ਸਰਕਾਰ ਚੋਣ ਵਾਅਦੇ ਪੂਰੇ ਕਰ ਦੇਵੇਗੀ। ਚੋਣ ਵਾਅਦੇ ਤਾਂ ਇਸੇ ਸਰਕਾਰ ਨੇ ਲਾਗੂ ਕਰਨੇ ਹਨ ਭਾਵੇਂ ਸਰਕਾਰ ਦਾ ਅੱਧਾ ਸਮਾ ਅਜੇ ਰਹਿੰਦਾ ਹੈ। ਦਿੱਲੀ ਵਿਚ ਆਮ ਆਦਮੀ ਦੀ ਸਰਕਾਰ ਤੀਜੀ ਵਾਰ ਬਣਨ ਨਾਲ ਉਸਦਾ ਪੰਜਾਬ ਵਿਚ ਆਧਾਰ ਵੱਧਣ ਤੋਂ ਰੋਕਣ ਲਈ ਕੈਪਟਨ ਸਰਕਾਰ ਨੂੰ ਚੋਣ ਵਾਅਦੇ ਪੂਰੇ ਕਰਨ ਦਾ ਅੱਕ ਚੱਬਣਾ ਪਵੇਗਾ। ਜਿਤਨੀ ਦੇਰ ਨਵੇਂ ਅਹੁਦੇਦਾਰ ਨਹੀਂ ਬਣਦੇ ਉਤਨੀ ਦੇਰ ਪੰਜਾਬ ਕਾਂਗਰਸ ਲਈ ਆਸ਼ਾ ਕੁਮਾਰੀ ਦੀ ਪ੍ਰਧਾਨਗੀ ਹੇਠ 11 ਮੈਂਬਰੀ ਤਾਲਮੇਲ ਕਮੇਟੀ ਬਣਾ ਦਿੱਤੀ ਹੈ। ਆਪਣੇ ਹਿਸਾਬ ਨਾਲ ਤਾਂ ਇਸ ਕਮੇਟੀ ਵਿਚ ਸਾਰੇ ਧੜਿਆਂ ਅਤੇ ਇਲਾਕਿਆਂ ਮਾਝਾ, ਮਾਲਵਾ ਅਤੇ ਦੁਆਬਾ ਵਿਚ ਸਮਤੁਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੰਤੂ ਇਸ ਕਮੇਟੀ ਵਿਚ ਵੀ ਮਾਲਵੇ ਦੀ ਤੂਤੀ ਬੋਲਦੀ ਹੈ। 11 ਮੈਂਬਰਾਂ ਵਿਚੋਂ 6 ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਵਿਜੇਇੰਦਰ ਸਿੰਗਲਾ, ਸੰਦੀਪ ਸਿੰਘ ਸੰਧੂ, ਗੁਰਕੀਰਤ ਸਿੰਘ ਕੋਟਲੀ ਅਤੇ ਕੁਲਜੀਤ ਸਿੰਘ ਨਾਗਰਾ ਮਾਲਵੇ ਵਿਚੋਂ, ਅੰਬਿਕਾ ਸੋਨੀ ਅਤੇ ਸੁੰਦਰ ਸ਼ਾਮ ਅਰੋੜਾ ਦੁਆਬੇ ਅਤੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਮਾਝੇ ਵਿਚੋਂ ਹਨ। ਸੁਨੀਲ ਕੁਮਾਰ ਜਾਖੜ ਅਬੋਹਰ ਤੋਂ ਹਨ। ਜੇਕਰ ਧੜਿਆਂ ਦੀ ਗੱਲ ਕਰੀਏ ਤਾਂ ਵੱਡੇ ਨੇਤਾ ਤਾਂ ਬਿਲਕੁਲ ਹੀ ਨਜ਼ਰਅੰਦਾਜ ਕਰ ਦਿੱਤੇ ਗਏ ਹਨ, ਜਿਵੇਂ ਬ੍ਰਹਮ ਮਹਿੰਦਰਾ, ਰਾਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਬਾਜਵਾ, ਮਹਿੰਦਰ ਸਿੰਘ ਕੇ ਪੀ, ਸ਼ਮਸ਼ੇਰ ਸਿੰਘ ਦੂਲੋ ਆਦਿ। ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਕਮੇਟੀ ਤੋਂ ਬਾਹਰ ਹੀ ਰੱਖਿਆ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਹੋਰ ਪਾਰਟੀਆਂ ਵਿਚੋਂ ਆਉਣ ਵਾਲੇ ਨੇਤਾਵਾਂ ਨੂੰ ਅਹੁਦੇ ਦਿੱਤੇ ਜਾਣ ਦਾ ਵੀ ਟਕਸਾਲੀ ਕਾਂਗਰਸੀ ਵਿਰੋਧ ਕਰਦੇ ਸਨ। ਪੰਜਾਬ ਦੇ ਰਾਜਨੀਤਕ ਟਕਸਾਲੀ ਕਾਂਗਰਸੀ ਪਰਿਵਾਰਾਂ ਵਿਚੋਂ ਅੰਬਿਕਾ ਸੋਨੀ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਵਿਚੋਂ ਗੁਰਕੀਰਤ ਸਿੰਘ ਕੋਟਲੀ ਅਤੇ ਮਰਹੂਮ ਸੰਤ ਰਾਮ ਸਿੰਗਲਾ ਦੇ ਸਪੁੱਤਰ ਵਿਜੇ ਇੰਦਰ ਸਿੰਗਲਾ ਹਨ। ਸੈਕੰਡ ਰੈਂਕ ਨਵੀਂ ਨੌਜਵਾਨ ਲੀਡਰਸ਼ਿਪ ਪੈਦਾ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਹੋਣ ਕਰਕੇ ਅਤੇ ਅੰਬਿਕਾ ਸੋਨੀ ਜੋ ਸੋਨੀਆਂ ਗਾਂਧੀ ਦੀ ਨਿੱਜੀ ਚੋਣ ਹੈ ਤੋਂ ਇਲਾਵਾ ਸਾਰੇ 50 ਵਿਆਂ ਦੇ ਨੇੜੇ ਤੇੜੇ ਹੀ ਹਨ। ਕਾਂਗਰਸ ਦੀ ਪ੍ਰਧਾਨ ਭਾਵੇਂ ਸੋਨੀਆਂ ਗਾਂਧੀ ਹੈ ਪ੍ਰੰਤੂ ਤਾਲਮੇਲ ਕਮੇਟੀ ਦੇ ਮੈਂਬਰਾਂ ਵਿਚ ਰਾਹੁਲ ਗਾਂਧੀ ਦੀ ਬਰੀਗੇਡ ਦੀ ਗਿਣਤੀ ਜ਼ਿਆਦਾ ਹੈ, ਜਿਨ੍ਹਾਂ ਵਿਚ ਚਰਨਜੀਤ ਸਿੰਘ ਚੰਨੀ, ਵਿਜੇਇੰਦਰ ਸਿੰਗਲਾ, ਗੁਰਕੀਰਤ ਸਿੰਘ ਕੋਟਲੀ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਦਾ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸੰਦੀਪ ਸਿੰਘ ਸੰਧੂ ਹਨ ਪ੍ਰੰਤੂ ਸੰਦੀਪ ਸਿੰਘ ਸੰਧੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੁਨੀਲ ਕੁਮਾਰ ਜਾਖੜ ਦੇ ਵੀ ਉਤਨਾ ਹੀ ਨੇੜੇ ਹੈ, ਜਿਤਨਾ ਕੈਪਨਟ ਅਮਰਿੰਦਰ ਸਿੰਘ ਦੇ। ਇਹ ਵੀ ਕਿਹਾ ਜਾਂਦਾ ਹੈ ਕਿ ਕੈਪਟਨ ਸੰਧੂ ਦੋਹਾਂ ਨੇਤਾਵਾਂ ਦਰਮਿਆਨ ਕੜੀ ਦਾ ਕੰਮ ਕਰਦਾ ਹੈ। ਪੰਜਾਬ ਕਾਂਗਰਸ ਦਾ ਸਾਰਾ ਕੰਮ ਕੈਪਟਨ ਸੰਦੀਪ ਸੰਧੂ ਹੀ ਵੇਖਦਾ ਸੀ। ਸੁੰਦਰ ਸ਼ਾਮ ਅਰੋੜਾ ਅੰਬਿਕਾ ਸੋਨੀ ਦੇ ਕੋਟੇ ਵਿਚੋਂ ਹੈ। ਜ਼ਾਤ ਬਰਾਦਰੀ ਦਾ ਵੀ ਧਿਆਨ ਰੱਖਿਆ ਗਿਆ ਹੈ। ਪੰਜ ਜੱਟ ਸਿੱਖ ਕੈਪਟਨ ਅਮਰਿੰਦਰ ਸਿੰਘ, ਸੁਖਬਿੰਦਰ ਸਿੰਘ ਸਰਕਾਰੀਆ, ਗੁਰਕੀਰਤ ਸਿੰਘ ਕੋਟਲੀ, ਕੁਲਜੀਤ ਸਿੰਘ ਨਾਗਰਾ ਅਤੇ ਸੰਦੀਪ ਸਿੰਘ ਸੰਧੂ। ਚਾਰ ਹਿੰਦੂ ਅੰਬਿਕਾ ਸੋਨੀ, ਸੁਨੀਲ ਕੁਮਾਰ ਜਾਖੜ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਅਤੇ ਅਨੁਸੂਚਿਤ ਜਾਤੀਆਂ ਵਿਚੋਂ ਚਰਨਜੀਤ ਸਿੰਘ ਚੰਨੀ ਸ਼ਾਮਲ ਹਨ । ਪੰਜਾਬ ਵਿਚ ਭਾਵੇਂ ਸਿੱਖ ਬਹੁ ਗਿਣਤੀ ਵਿਚ ਹਨ ਪ੍ਰੰਤੂ ਕਾਂਗਰਸ ਪਾਰਟੀ ਨੂੰ ਹਿੰਦੂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਵੱਧ ਪੈਂਦੀਆਂ ਹਨ। ਹਿੰਦੂ ਨੇਤਾਵਾਂ ਵਿਚੋਂ ਸਭ ਤੋਂ ਸੀਨੀਅਰ ਬ੍ਰਹਮ ਮਹਿੰਦਰਾ ਅਤੇ ਅਨੁਸੂਚਿਤ ਜਾਤੀਆਂ ਵਿਚੋਂ ਮਹਿੰਦਰ ਸਿੰਘ ਕੇ ਪੀ ਦੀ ਅਣਹੋਂਦ ਰੜਕਦੀ ਰਹੇਗੀ। ਸੀਨੀਅਰ ਲੀਡਰਸ਼ਿਪ ਨੂੰ ਅਣਡਿਠ ਕਰਨ ਅਤੇ ਨੌਜਵਾਨਾ ਨੂੰ ਅੱਗੇ ਲਿਆਉਣ ਦੇ ਫਾਰਮੂਲੇ ਦਾ ਨਤੀਜਾ ਤਾਂ ਚੋਣਾ ਮੌਕੇ ਹੀ ਪਤਾ ਲੱਗੇਗਾ ਪ੍ਰੰਤੂ ਇਕ ਗੱਲ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਦੀ ਮਰਜੀ ਅਨੁਸਾਰ ਹੀ ਸਾਰਾ ਕੁਝ ਹੋਇਆ ਹੈ। ਇਸ ਗੱਲ ਦੀ ਹੈਰਾਨੀ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਤੋਂ ਦੂਰ ਪਤਾ ਨਹੀਂ ਕਿਉਂ ਰੱਖਿਆ ਗਿਆ ਹੈ, ਜਦੋਂ ਕਿ ਤਾਲਮੇਲ ਕਮੇਟੀ ਉਪਰ ਰਾਹੁਲ ਗਾਂਧੀ ਦੀ ਛਾਪ ਸਾਫ ਵਿਖਾਈ ਦਿੰਦੀ ਹੈ। ਸਿਆਸੀ ਮਾਹਿਰ ਇਹ ਵੀ ਆਖ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆਂ ਗਾਂਧੀ ਨਰਾਜ਼ ਨਹੀਂ ਕਰਨਾ ਚਾਹੁੰਦੀ ਪ੍ਰੰਤੂ ਦਿੱਲੀ ਲਈ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਕਰਕੇ ਢਾਰਸ ਦੇਣ ਦੀ ਕੋਸਿਸ਼ ਕੀਤੀ ਗਈ ਸੀ। ਇਸ ਕਮੇਟੀ ਦੇ ਬਹੁਤੇ ਸਾਰਥਿਕ ਨਤੀਜੇ ਆਉਣ ਦੀ ਉਮੀਦ ਨਹੀਂ ਕਿਉਂਕਿ ਜਿਹੜੇ ਮੰਤਰੀ ਮੰਤਰੀ ਮੰਡਲ ਦੀ ਮੀਟਿੰਗਾਂ ਅਤੇ ਪਬਲਿਕ ਵਿਚ ਸਰਕਾਰ ਦੀ ਨੁਕਤਾਚੀਨੀ ਕਰਦੇ ਸਨ, ਉਨ੍ਹਾਂ ਨੂੰ ਮੈਂਬਰ ਨਹੀਂ ਬਣਾਇਆ ਗਿਆ। ਇਕ ਮੰਤਰੀ ਨੂੰ ਛੱਡਕੇ ਮੁੱਖ ਮੰਤਰੀ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਮੰਤਰੀ ਕਮੇਟੀ ਦੇ ਮੈਂਬਰ ਬਣਾਏ ਗਏ ਹਨ।