ਲੰਡਨ-ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਵਲੋਂ ਪੰਜਾਬ ਪੁਲਿਸ ਦੇ ਮੁਖੀ ਦੀ ਸਖਤ ਅਲੋਚਨਾ ਕੀਤੀ ਗਈ ਹੈ। ਪੰਜਾਬ ਪੁਲਸ ਦੇ ਡੀ ਜੀ ਪੀ ਦਿਨਕਰ ਗੁਪਤਾ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਗਏ ਵਿਵਾਦਪੂਰਣ ਬਿਆਨ ‘ਤੇ ਸਖਤ ਪ੍ਰਤੀਕਰਮ ਕਰਦਿਆਂ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ ਯੂ ਕੇ ਵਲੋਂ ਪੁਲਿਸ ਅਧਿਕਾਰੀ ਨੂੰ ਸਿਰੇ ਦਾ ਗੈਰ ਜਿੰੰਮੇਵਾਾਰ ਅਤੇ ਫਿਰਕਾਪ੍ਰਸਤ ਕਰਾਰ ਦਿੱਤਾ ਹੈ। ਡੀਜੀਪੀ ਦਿਨਕਰ ਗੁਪਤਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ। ਡੀ,ਜੀ,ਪੀ ਦਿਨਕਰ ਗੁਪਤਾ ਨੇ ਸ਼ੁਕਰਵਾਰ ਨੂੰ ਇਕ ਸਮਾਗਮ ਵਿਚ ਬੋਲਦਿਆਂ ਕਿਹਾ ਸੀ ਕਿ ਸਵੇਰੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲਾ ਸਿੱਖ ਸ਼ਾਮ ਨੂੰ ਵਾਪਸ ਪਰਤਣ ਤਕ ਅੱਤਵਾਦੀ ਬਣ ਸਕਦਾ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਦਾ ਇਹ ਬਿਆਨ ਸਿੱਖਾਂ ਦੇ ਧਾਰਮਕ ਸਥਾਨਾਂ ਨੂੰ ਅੱਤਵਾਦੀ ਅੱਡੇ ਕਰਾਰ ਦੇਣ ਵਾਲਾ ਹੈ ਤੇ ਇਹ ਸਿੱਖਾਂ ਨੂੰ ਦੁਨੀਆ ਵਿਚ ਬਦਨਾਮ ਕਰਨ ਦੀ ਕਿਸੇ ਵੱਡੀ ਸਾਜਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਡੀ,ਜੀ,ਪੀ ਦਿਨਕਰ ਗੁਪਤਾ ਸਿੱਖ ਵਿਰੋਧੀ ਭਾਵਨਾਵਾਂ ਨਾਲ ਲੱਥਪਥ ਵਿਆਕਤੀ ਹੈ ਅਤੇ ਅਜਿਹੇ ਬੰਦੇ ਦਾ ਪੁਲਸ ਮੁਖੀ ਦੇ ਅਹੁਦੇ ‘ਤੇ ਰਹਿਣਾ ਬਹੁਤ ਖਤਰਨਾਕ ਹੈ। ਅਜ ਲੋੜ ਹੈ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਇਸ ਡੀਜੀਪੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਨੇ ਕਿਹਾ ਕਿ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ,ਸਿੱਖ ਸੰਸਥਾਵਾਂ, ਸੰਪਰਦਾਵਾਂ ਨੂੰ ਡੀਜੀਪੀ ਦਿਨਕਰ ਗੁਪਤਾ ਖਿਲਾਫ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰਾਉਣਾ ਚਾਹੀਦਾ ਹੈ ਕਿਉਂਕਿ ਡੀਜੀਪੀ ਦੇ ਬਿਆਨ ਨੇ ਸਮੁੱਚੀ ਦੁਨੀਆ ਵਿਚ ਵਸਦੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਮਾਰੀ ਹੈ।ਇਸ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੇ ਰੂਪ ਵਿੱਚ ਜਿੰਮੇਵਾਰ ਹੈ।