ਨਵੀ ਦਿੱਲੀ – ਭਾਰਤੀ ਵਿਦਿਆਰਥੀ ਸੰਸਦ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਵਧੀਆ ਸ਼ਾਸਨ ਅਤੇ ਵਿਆਪਕ ਵਿਕਾਸ ਦੇ ਲਈ ਕੀਤੇ ਗਏ ਯਤਨਾਂ ਦੇ ਲਈ ਆਦਰਸ਼ ਮੁੱਖਮੰਤਰੀ ਅਵਾਰਡ ਨਾਲ ਸਨਮਾਨਿਤ ਕੀਤਾ। ਬੀਸੀਐਸ ਦੇ ਚਾਰ ਦਿਵਸੀ ਰਾਸ਼ਟਰੀ ਸੰਮੇਲਨ ਦੇ 10ਵੇਂ ਸਮਾਗਮ ਦੇ ਆਖਰੀ ਦਿਨ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਇਹ ਅਵਾਰਡ ਪ੍ਰਣਬ ਮੁੱਖਰਜੀ ਵੱਲੋਂ ਦਿੱਤਾ ਗਿਆ। ਬੀਸੀਐਸ ਨੇ ਉਨ੍ਹਾਂ ਨੇ ਵਿਸ਼ਾਲ ਤਜ਼ਰਬੇ ਅਤੇ ਅਮਲ ਵਿੱਚ ਲਿਆਂਦੀਆਂ ਗਈਆਂ ਨੈਤਿਕ ਕਦਰਾਂ ਕੀਮਤਾਂ ਦੀ ਤਾਰੀਫ਼ ਕੀਤੀ, ਜਿਸ ਦੇ ਫਲਸਰੂਪ ਉਨ੍ਹਾਂ ਨੂੰ ਸਮਾਜ ਵਿੱਚ ਵੱਡੀ ਅਤੇ ਵਿਲੱਖਣ ਪਛਾਣ ਮਿਲੀ।
ਮੁੱਖਮੰਤਰੀ ਨੇ ਇਹ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਕਿਹਾ ਕਿ ਅੱਜ ਜੋ ਮੈਨੂੰ ‘ਆਦਰਸ਼ ਮੁੱਖ ਮੰਤਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਇਹ ਪੁਰਸਕਾਰ ਮੇਰਾ ਨਹੀਂ ਸਗੋਂ ਮੇਰੇ ਪੰਜਾਬ ਤੇ ਪੰਜਾਬ ਵਾਸੀਆਂ ਦਾ ਹੈ। ਚਾਹੇ ਦੇਸ਼ ਦੀ ਸੁਰੱਖਿਆ ਦੀ ਗੱਲ ਹੋਵੇ ਜਾਂ ਫਿਰ ਅਨਾਜ ਦੀ ਤੁਸੀਂ ਸਾਰੇ ਹਮੇਸ਼ਾ ਦੇਸ਼ ਦਾ ਸਾਥ ਦੇਣ ਲਈ ਖੜੇ ਰਹੇ ਹੋ। ਮੈਨੂੰ ਮਾਣ ਹੈ ਕਿ ਅੱਜ ਮੈਨੂੰ ਤੁਹਾਡੇ ਸਾਰਿਆਂ ਵੱਲੋਂ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ ਤੇ ਤੁਹਾਡੇ ਨਾਲ ਮੇਰਾ ਵਾਅਦਾ ਹੈ ਕਿ ਪੰਜਾਬ ਨੂੰ ਖੁਸ਼ਹਾਲ ਤੇ ਸ਼ਾਂਤੀਪੂਰਨ ਬਣਾਉਣ ਲਈ ਅਸੀਂ ਆਪਣੇ ਯਤਨਾਂ ਨੂੰ ਪਹਿਲਾਂ ਨਾਲੋਂ ਹੋਰ ਦੁੱਗਣਾ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਮੈਂ ਭਾਰਤੀ ਵਿਦਿਆਰਥੀ ਸੰਸਦ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਜੋ ਮੈਨੂੰ ਸ਼੍ਰੀ ਪ੍ਰਣਬ ਮੁਖਰਜੀ ਜੀ ਹੱਥੋਂ ‘ਆਦਰਸ਼ ਮੁੱਖ ਮੰਤਰੀ ਪੁਰਸਕਾਰ’ ਨਾਲ ਨਿਵਾਜ਼ਿਆ ਗਿਆ। ਇਹ ਪੁਰਸਕਾਰ ਪੰਜਾਬ ਦੇ ਲੋਕਾਂ ਦੇ ਨਾਮ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਮੇਰੇ ਨਾਲ ਖੜੇ ਰਹੇ ਤੇ ਪੰਜਾਬ ਨੂੰ ਸਭ ਤੋਂ ਬਿਹਤਰੀਨ ਬਣਾਉਣ ਦਾ ਜੋ ਸਾਡਾ ਟੀਚਾ ਹੈ ਉਸ ‘ਤੇ ਅਸੀਂ ਨਿਰੰਤਰ ਕੰਮ ਕਰ ਰਹੇ ਹਾਂ।