ਅੰਮ੍ਰਿਤਸਰ – ‘‘ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਟੀ ਵੀ ਚੈਨਲਾਂ ‘ਤੇ ਬਹਿਸ ਲਈ ਦੂਜਿਆਂ ਨੂੰ ਲਲਕਾਰਨਾ ਇਕ ਬਚਕਾਨਾ ਹਰਕਤ ਹੈ। ਉਸ ਦਾ ਮਾਮਲਾ ਕਿਸੇ ਜਥੇਬੰਦੀ ਜਾਂ ਵਿਅਕਤੀ ਨਾਲ ਨਿੱਜੀ ਨਹੀਂ ਰਿਹਾ, ਪੰਥਕ ਰੂਪ ਲੈ ਚੁੱਕਿਆ ਹੈ। ਜਿਸ ਕਾਰਨ ਇਸ ਮਾਮਲੇ ਨੂੰ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੀ ਰਵਾਇਤੀ ਤਰੀਕੇ ਨਾਲ ਵਿਚਾਰਿਆ ਅਤੇ ਸੁਲਝਾਇਆ ਜਾ ਸਕਦਾ ਹੈ।’’ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਇਸ ਵਕਤ ਢੱਡਰੀਆਂ ਵਾਲੇ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਨਤਕ ਡਿਬੇਟ ਲਈ ਲਲਕਾਰੇ ਜਾਂ ਚੈਲੰਜ ਕਰੇ। ਢੱਡਰੀਆਂ ਵਾਲੇ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਹੋਈ ਹੈ। ਜਿਸ ਕਾਰਨ ਉਹ ਇਸ ਵਕਤ ਇਕ ਮੁਲਜ਼ਮ ਹੈ। ਇਕ ਮੁਲਜ਼ਮ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਜੱਜ ਭਾਵ ਜਥੇਦਾਰ ਨੂੰ ਵਿਚਾਰ ਕਰਨ ਲਈ ਬੁਲਾਵੇ। ਹਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਨਾਲ ਵਿਚਾਰ ਕਰ ਸਕਦਾ ਹੈ ਅਤੇ ਆਪਣੀ ਸਫ਼ਾਈ ਜਾਂ ਪਖ ਸ੍ਰੀ ਅਕਾਲ ਤਖਤ ਸਾਹਿਬ ਕੋਲ ਰਖ ਸਕਦਾ ਹੈ। ਉਨਾਂ ਕਿਹਾ ਕਿ ਸਿੱਖ ਧਰਮ ਦੀ ਸਥਾਪਿਤ ਪਰੰਪਰਾ, ਗੁਰਮਤਿ ਸਿਧਾਂਤ, ਵਿਚਾਰਧਾਰਾ, ਗੁਰ ਇਤਿਹਾਸ, ਗੁਰ ਅਸਥਾਨ ਅਤੇ ਸੰਸਥਾਵਾਂ ਪ੍ਰਤੀ ਸ਼ੰਕਾਵਾਦੀ ਨਜ਼ਰੀਏ ਕਾਰਨ ਪੰਥ ਤੋਂ ਅਲੱਗ ਥਲਗ ਪੈ ਚੁਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹਾਲ ਹੀ ‘ਚ ਜਾਰੀ ਵੀਡੀਓ ਪੂਰੀ ਤਰਾਂ ਗੁਮਰਾਹਕੁਨ ਅਤੇ ਗੈਰ ਮਿਆਰੀ ਹੈ, ਆਪਣੇ ਆਪ ਨੂੰ ਪੀੜਤ ਦੱਸਦਿਆਂ ਲੋਕਾਂ ਤੋਂ ਹਮਦਰਦੀ ਬਟੋਰਨ ਦੀ ਨਾਕਾਮ ਕੋਸ਼ਿਸ਼ ਹੈ। ਮਿਸ਼ਨਰੀ ਸਾਥੀਆਂ ਵੱਲੋਂ ਸਾਥ ਛੱਡ ਜਾਣ ਕਾਰਨ ਨਿਰਾਸ਼ਤਾ ਅਤੇ ਬਿਮਾਰ ਮਾਨਸਿਕਤਾ ਦੀ ਉਪਜ ਹੈ। ਜੋ ਕਿ ਨਿਰਾਸ਼ਾ ਅਤੇ ਬੁਖਲਾਹਟ ਵਿਚ ਦੂਜਿਆਂ ਪ੍ਰਤੀ ਭੜਾਸ ਕੱਢਣ ਤੋਂ ਸਿਵਾ ਕੁੱਝ ਨਹੀਂ।
ਉਨਾਂ ਟੀਵੀ ਚੈਨਲਾਂ ‘ਤੇ ਡਿਬੇਟ ਕਰਨ ਵਾਲੇ ਅਤੇ ਉਸ ਦਾ ਪੱਖ ਨਾ ਪੂਰਨ ਵਾਲੇ ਵਿਦਵਾਨਾਂ ਨੂੰ ‘‘ਨਿਕੰਮੇ ਬੰਦੇ’’ ਕਹਿ ਕੇ ਤੌਹੀਨ ਕਰ ਰਿਹਾ ਹੈ। ਪਰ ਗੁਰੂ ਨਿੰਦਕ ਨੇਕੀ ਨਿਊਜੀਲੈਡ ਇਸ ਦੇ ਲਈ ਇਕ ਵਧੀਆ ਬੰਦਾ ਹੈ। ਕਹਿਣ ਨੂੰ ਭਾਵੇ ਉਸ ਨੂੰ ਕਦੀ ਨਹੀਂ ਮਿਲਿਆ ਪਰ ਭੁਲ ਜਾਂਦਾ ਹੈ ਕਿ 2017 ਦੌਰਾਨ ਉਸ ਨਾਲ ਮੁਲਾਕਾਤ ਹੋਣ ਬਾਰੇ ਆਪ ਹੀ ਪਹਿਲਾਂ ਖੁਲਾਸਾ ਕਰ ਚੁਕਿਆ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਗੁਰ ਅਸਥਾਨਾਂ ਦੇ ਸਤਿਕਾਰ ਦੀ ਗਲ ਕਰਨ ਵਾਲੇ ਨੂੰ ਇਹ ਵੀ ਯਾਦ ਨਹੀਂ ਹੋਣਾ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਖ਼ਰੀ ਵਾਰ ਕਦੋਂ ਗਿਆ। ਉਸ ਦੇ ਆਫੀਸ਼ਲ ਬੁਲਾਰੇ ਵੱਲੋਂ ਇਕ ਟੀ ਵੀ ਡਿਬੇਟ ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਹਿਜ਼ ਬਿਲਡਿੰਗ ਕਹਿਣ ਤੋਂ ਹੀ ਗੁਰ ਅਸਥਾਨਾਂ ਪ੍ਰਤੀ ਉਸ ਦੇ ਨਜ਼ਰੀਏ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ। 50 ਮਨਫੀ 20 ਬਾਕੀ ਰਹਿ ਗਏ 80 ਵਾਲੇ ‘‘ਯੂਟਿਊਬ ਬਾਬਾ ’’ ਕਹਿਣ ਨੂੰ ਭਾਈ ਪਰ ਆਪਣੇ ਡੇਰੇ ‘ਚ ਮਹਾਰਾਜ ਜੀ ਕਹਿਲਾ ਰਿਹਾ ਹੈ। ਲੋਕਾਂ ਨੂੰ ਹੱਥੀਂ ਕਿਰਤ ਕਰਨ ਦਾ ਉਪਦੇਸ਼ ਦੇਣ ਵਾਲੇ ਤੋਂ ਆਪਣੀ ਗਡੀ ਦੀ ਬਾਰੀ ਵੀ ਕੋਈ ਹੋਰ ਖ਼ੋਲ ਕੇ ਦੇਵੇ ਅਤੇ ਗਡੀ ‘ਚ ਬੈਠਣ ਸਮੇਂ ਪੈਰਾਂ ਹੇਠ ਤੌਲੀਆ ਵਿਛਾਉਣ ਵਾਲੇ ਨੂੰ ਕੋਈ ਪੁੱਛੇ ਪੁਜਾਰੀ ਵਾਦ ਕਿਸ ਬੱਲਾ ਦਾ ਨਾਮ ਹੈ? ਐਸ਼ਪ੍ਰਸਤੀ ਹੋਰ ਕਿਵੇਂ ਕੀਤੀ ਜਾਂਦੀ ਹੈ? ਗੁਰੂ ਡੰਮ੍ਹ ਦੇ ਹੋਰ ਕੀ ਅਰਥ ਹਨ? ਗੋਲਕ ਦਾ ਧਨ ਖਾਣ ਵਾਲੇ ਪੁਜਾਰੀ ਹੈ ਤਾਂ ਢੱਡਰੀਆਂ ਵਾਲਾ ਕਿਥੇ ਹੱਲ ਚਲਾਉਂਦਾ ਦਸੇ? ਕਹਿੰਦਾ ਚੜ੍ਹਾਵੇ ਦਾ 10 ਵਾਂ ਹਿੱਸਾ ਆਪਣੇ ਖਰਚੇ ਲਈ ਰਖਦਾ ਹਾਂ ਅਤੇ ਬਾਕੀ 90 ਫ਼ੀਸਦੀ ਸੰਗਤ ਦੇ ਕੰਮ ਲਈ ਖ਼ਰਚ ਕਰਦਾ ਹਾਂ। ਕਮਾਲ ਹੈ ਕਿ ਇਕ ਵਡੀ ਰਕਮ ਆਪਣੇ ‘ਤੇ ਖ਼ਰਚ ਕਰ ਕੇ ਵੀ ਢੱਡਰੀਆਂ ਵਾਲਾ ਆਪਣੇ ਆਪ ਨੂੰ ਪੁਜਾਰੀ ਨਹੀਂ ਕਹਾਉਂਦਾ। ਆਪਣੇ ਨਾਮ ਕੋਈ ਪ੍ਰਾਪਰਟੀ ਨਾ ਹੋਣ ਪ੍ਰਤੀ ਝੂਠ ਦਾ ਪਰਦਾ ਪਹਿਲਾਂ ਹੀ ਫਾਸ ਹੋ ਚੁੱਕਿਆ ਹੈ। ਪਰ ਅਜ ਤਕ ਵੀ ਉਹ ਦੋ ਕਿੱਲੇ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਿਉਂ ਨਹੀ ਲਗਵਾਈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ 30 ਕਿੱਲੇ ਜ਼ਮੀਨ ਲਵਾਉਣ ਦਾ ਦਾਅਵਾ ਕਰਨ ਵਾਲਾ ਕੀ ਫ਼ਰਦਾਂ ਪੇਸ਼ ਕਰਨ ਦੀ ਖੇਚਲ ਕਰੇਗਾ ਵੀ? ਸਾਧਾਂ ਸੰਤਾਂ ਨੂੰ ਛੱਡ ਕੇ ਮਿਸ਼ਨਰੀ ਜਮਾਤ ਨਾਲ ਜੋਟੀਆਂ ਪਾਉਣ ਦੇ ਬਾਵਜੂਦ ਉਹ ਵੀ ਇਸ ਦਾ ਸਾਥ ਛੱਡ ਚੁਕੇ ਹਨ ਤਾਂ ਇਸ ਵਰਤਾਰੇ ਪ੍ਰਤੀ ਢੱਡਰੀਆਂ ਵਾਲੇ ਨੂੰ ਅੰਤਰ ਝਾਤ ਮਾਰਨੀ ਚਾਹੀਦੀ ਹੈ। ਅਖੀਰ ‘ਚ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਢੱਡਰੀਆਂ ਵਾਲੇ ਨੂੰ ਇਸ ਵਕਤ ਕਿਸੇ ਨੂੰ ਟੀ ਵੀ ਚੈਨਲਾਂ ‘ਤੇ ਡਿਬੇਟ ਲਈ ਵੰਗਾਰਨ ਤੋਂ ਪਹਿਲਾਂ ਮਾਮਲੇ ਦੇ ਹੱਲ ਲਈ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕਰਨੀ ਚਾਹੀਦੀ ਹੈ। ਉਪਰੰਤ ਕਿਸੇ ਨਾਲ ਵੀ ਡਿਬੇਟ ਕਰ ਲਵੇ। ਚੈਨਲਾਂ ‘ਤੇ ਡਿਬੇਟ ਰਾਹੀਂ ਇਸ ਮਾਮਲੇ ਦਾ ਹੱਲ ਨਹੀਂ ਕਢਿਆ ਜਾ ਸਕਦਾ।