ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉੱਤਰਾਖੰਡ ਯੂਨਿਟ ਵੱਲੋਂ ਲੰਮੇਂ ਸਮੇਂ ਤੋਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਗੁਰਦੁਆਰਾ ਗਿਆਨ ਗੋਦੜੀ ਦੀ ਗੁਰੂਘਰ ਦੀ ਜੋ ਜ਼ਮੀਨ ਹੁਕਮਰਾਨਾਂ ਨੇ ਸਾਜ਼ਿਸ ਰਾਹੀ ਕੁਝ ਸਮਾਂ ਪਹਿਲੇ ਆਪਣੇ ਅਧੀਨ ਕਰ ਲਈ ਸੀ, ਉਸਦੀ ਕਾਨੂੰਨੀ ਤੌਰ ਤੇ ਪ੍ਰਾਪਤੀ ਲਈ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਇਸ ਸੰਬੰਧੀ ਹਾਈਕੋਰਟ ਤੇ ਸੁਪਰੀਮ ਕੋਰਟ ਵਿਚ ਪਟੀਸ਼ਨ ਵੀ ਦਾਖਲ ਕੀਤੀ ਜਾ ਰਹੀ ਹੈ । ਇਸ ਇਤਿਹਾਸਿਕ ਕੌਮੀ ਜ਼ਮੀਨ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਦੁਆਰਾ ਸਿੰਘ ਸਭਾ ਦਿਨਾਰਪੁਰ, ਹਰਿਦੁਆਰ (ਉਤਰਾਖੰਡ) ਵਿਚ ਮਿਤੀ 13 ਮਾਰਚ 2020 ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ ਅਤੇ 15 ਮਾਰਚ 2020 ਨੂੰ ਭੋਗ ਪਾਏ ਜਾਣਗੇ, ਉਪਰੰਤ ਸਮੁੱਚੀ ਕੌਮ ਦੀ ਸੰਜ਼ੀਦਾ ਲੀਡਰਸ਼ਿਪ ਦੀ ਅਗਵਾਈ ਹੇਠ ਪੰਥਕ ਸਮਾਗਮ ਹੋਵੇਗਾ । ਜਿਸ ਵਿਚ ਸਭ ਪੰਥਕ, ਬੁੱਧੀਜੀਵੀ ਕੌਮ ਦਾ ਦਰਦ ਰੱਖਣ ਵਾਲੀਆ ਸਖਸ਼ੀਅਤਾਂ ਆਪੋ-ਆਪਣੇ ਵਿਚਾਰਾਂ ਰਾਹੀ ਇਸ ਦਿਸ਼ਾ ਵੱਲ ਪੰਥਕ ਰਣਨੀਤੀ ਤਹਿ ਕਰਨਗੀਆ ਅਤੇ ਹੋਏ ਸਰਬਸੰਮਤੀ ਦੇ ਫੈਸਲੇ ਅਨੁਸਾਰ ਅਗਲਾ ਐਕਸ਼ਨ ਪ੍ਰੋਗਰਾਮ ਐਲਾਨਿਆ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਥ ਦਾ ਡੂੰਘਾਂ ਦਰਦ ਰੱਖਣ ਵਾਲੇ ਸਿੱਖਾਂ ਅਤੇ ਕੌਮ ਵਿਚ ਵਿਚਰਣ ਵਾਲੀਆ ਸਖਸ਼ੀਅਤਾਂ, ਪੰਥਕ ਜਥੇਬੰਦੀਆਂ ਦੇ ਆਗੂਆਂ ਅਤੇ ਸਿੱਖ ਕੌਮ ਨੂੰ 15 ਮਾਰਚ 2020 ਨੂੰ ਉਪਰੋਕਤ ਗੁਰੂਘਰ ਵਿਖੇ ਪਹੁੰਚਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕੌਮ ਨੂੰ ਇਹ ਵੀ ਸੰਦੇਸ਼ ਦਿੱਤਾ ਕਿ ਗੁਰਦੁਆਰਾ ਗਿਆਨ ਗੋਦੜੀ ਦੀ ਹੁਕਮਰਾਨਾਂ ਵੱਲੋਂ ਖੋਹੀ ਜ਼ਮੀਨ ਨੂੰ ਪ੍ਰਾਪਤ ਕਰਨਾ ਸਿੱਖ ਕੌਮ ਲਈ ਇਕ ਚੁਣੋਤੀ ਦੇ ਰੂਪ ਵਿਚ ਹੈ । ਕਿਉਂਕਿ ਅਸੀਂ ਇਸ ਸੰਬੰਧੀ ਜਮਹੂਰੀਅਤ ਤੇ ਅਮਨਮਈ ਤਰੀਕੇ ਜਿਥੇ ਅਗਲਾ ਫੈਸਲਾਕੁੰਨ ਸੰਘਰਸ਼ ਵਿੱਢਣ ਜਾ ਰਹੇ ਹਾਂ, ਉਥੇ ਇਸ ਦਿਸ਼ਾ ਵੱਲ ਕਾਨੂੰਨੀ ਚਾਰਜੋਈ ਕਰਦੇ ਹੋਏ ਉਤਰਾਖੰਡ ਦੀ ਹਾਈਕੋਰਟ ਅਤੇ ਸੁਪਰੀਮ ਕੋਰਟ ਵਿਚ ਪਟੀਸ਼ਨਾਂ ਦਾਖਲ ਕਰਨ ਦੀ ਕੌਮੀ ਜ਼ਿੰਮੇਵਾਰੀ ਵੀ ਨਿਭਾਉਣ ਜਾ ਰਹੇ ਹਾਂ । ਜਿਸ ਲਈ ਕੌਮੀ ਫੰਡਾਂ ਦੀ ਸਖ਼ਤ ਜ਼ਰੂਰਤ ਉਤਪੰਨ ਹੋਣੀ ਕੁਦਰਤੀ ਹੈ । ਇਸ ਲਈ ਜਿਥੇ ਸਿੱਖ ਕੌਮ ਉਪਰੋਕਤ ਕਾਨਫਰੰਸ ਵਿਚ ਪਹੁੰਚਣ ਦੀ ਜ਼ਿੰਮੇਵਾਰੀ ਨਿਭਾਵੇ, ਉਥੇ ਆਪੋ-ਆਪਣੇ ਗੁਰੂ ਦੇ ਬਖਸ਼ਿਸ਼ ਕੀਤੇ ਗਏ ਖਜ਼ਾਨੇ ਵਿਚੋਂ ਦਸਵੰਧ ਕੱਢਕੇ ਉਪਰੋਕਤ ਕੌਮੀ ਨੇਕ ਉਦਮ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੰਜਾਬ ਐਂਡ ਸਿੰਧ ਬੈਂਕ ਫ਼ਤਹਿਗੜ੍ਹ ਸਾਹਿਬ ਦੇ ਖਾਤਾ ਨੰਬਰ 102595 ਅਤੇ IFSC Code: PSIB0000039 ਵਿਚ ਭੇਜਣ ਦੀ ਕਿਰਪਾਲਤਾ ਵੀ ਕਰਨ ਤਾਂ ਕਿ ਇਸ ਦਿਸ਼ਾ ਵੱਲ ਆਪਾ ਸਭਨਾਂ ਨੂੰ ਕੌਮੀ ਮਾਇਆ ਦੀ ਘਾਟ ਬਿਲਕੁਲ ਮਹਿਸੂਸ ਨਾ ਹੋਵੇ ਅਤੇ ਆਪਾ ਇਸ ਮਿਸ਼ਨ ਨੂੰ ਆਪਸੀ ਸਹਿਯੋਗ ਰਾਹੀ ਫ਼ਤਹਿ ਕਰਨ ਵਿਚ ਕਾਮਯਾਬ ਹੋ ਸਕੀਏ ।