ਨਵੀਂ ਦਿੱਲੀ – 1985 ਵਿੱਚ ਦਿੱਲੀ ਵਿੱਚ ਹੋਏ ਸੀਰੀਅਲ ਟਰਾਂਜਿਸਟਰ ਬੰਬ ਕਾਂਡ ਦੇ ਸਾਰੇ ਆਰੋਪੀਆਂ ਨੂੰ ਸਾਕੇਤ ਕੋਰਟ ਨੇ ਅੱਜ ਬਰੀ ਕਰ ਦਿੱਤਾ।ਫੈਸਲੇ ਉੱਤੇ ਖੁਸ਼ੀ ਜਤਾਉਂਦੇ ਹੋਏ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਇਹ ਕੌਮ ਦੀ ਅਣਖ ਅਤੇ ਸਿੱਖਾਂ ਦੀ ਇਨਸਾਫ ਉੱਤੇ ਭਰੋਸੇ ਦੀ ਜਿੱਤ ਹੈ। ਇਹ ਪੁਲਿਸ ਦੀ ਗੈਰ ਸੰਵੇਦਨਸ਼ੀਲ ਥਿਊਰੀ ਦੀ ਹਾਰ ਹੈ। ਜੋ ਕਿ ਅਦਾਲਤ ਵਿੱਚ ਆਰੋਪੀਆਂ ਦੇ ਖਿਲਾਫ ਫੋਟੋਸਟੇਟ ਕੇਸ ਡਾਇਰੀ ਉੱਤੇ ਹੀ ਦਲੀਲਾਂ ਦਿੰਦੀ ਰਹੀ। ਇਸ ਲਈ ਸਿੱਖੀ ਵਿੱਚ ਅਡੋਲ ਰਹਿ ਕੇ ਸਮਾਜਿਕ ਅਤੇ ਕਾਨੂੰਨੀ ਸੰਘਰਸ਼ ਲੜਨ ਵਾਲੇ ਇਹਨਾਂ ਯੋਧਿਆਂ ਨੂੰ ਮੈ ਸਿਰ ਝੁਕਾ ਕੇ ਸਲਾਮ ਕਰਦਾ ਹਾਂ।
ਜੀਕੇ ਨੇ ਸਾਫ਼ ਕਿਹਾ ਕਿ 1984 ਸਿੱਖ ਕਤਲੇਆਮ ਦੇ ਬਾਅਦ ਦਿੱਲੀ ਵਿੱਚ ਸਿੱਖਾਂ ਦੀ ਮੱਠੀ ਪਈ ਅਣਖ ਨੂੰ ਜੇਕਰ ਕਿਸੇ ਨੇ ਵਾਪਸ ਬਹਾਲ ਕਰਵਾਇਆ ਤਾਂ ਉਸ ਵਿੱਚ ਇਹਨਾਂ 51 ਲੋਕਾਂ ਦੀ ਵੱਡੀ ਭੂਮਿਕਾ ਸੀ।ਜਿਨ੍ਹਾਂ ਨੇ ਸਿੱਖੀ ਵਿੱਚ ਆਪਣੇ ਅਡੋਲ ਭਰੋਸੇ ਨੂੰ ਪੁਲਿਸੀਆ ਦਮਨ ਦੇ ਅੱਗੇ ਕਮਜੋਰ ਨਹੀਂ ਪੈਣ ਦਿੱਤਾ। ਸਗੋਂ 35 ਸਾਲ ਤੱਕ ਜਿਆਦਾਤਰ ਨੇ ਇਨਸਾਫ ਪਸੰਦ ਸ਼ਹਿਰੀ ਦੇ ਤੌਰ ਉੱਤੇ ਆਪਣੀ ਬੇਗੁਨਾਹੀ ਦੀ ਲੜਾਈ ਨੂੰ ਅਦਾਲਤਾਂ ਵਿੱਚ ਲੜਿਆ। ਜੀਕੇ ਨੇ ਖੁਲਾਸਾ ਕੀਤਾ ਕਿ ਇਸ ਕੇਸ ਵਿੱਚ ਉਹ ਖੁਦ ਵੀ ਗ੍ਰਿਫਤਾਰ ਹੋਏ ਸਨ ਪਰ ਸਬੂਤਾਂ ਦੀ ਅਣਹੋਂਦ ਵਿੱਚ ਪੁਲਿਸ ਨੇ 2 ਦਿਨ ਬਾਅਦ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਸੀ। ਇਸ ਕੇਸ ਦੇ ਮੁੱਖ ਆਰੋਪੀਆਂ ਕਰਤਾਰ ਸਿੰਘ ਨਾਰੰਗ,ਮਹਿੰਦਰ ਸਿੰਘ ਓਬਰਾਏ, ਇੰਦਰਪਾਲ ਸਿੰਘ ਖਾਲਸਾ, ਮਨਜੀਤ ਸਿੰਘ ਗੋਬਿੰਦਪੁਰੀ, ਹਰਚਰਨ ਸਿੰਘ ਗੁਲਸ਼ਨ, ਗੁਰਮੀਤ ਸਿੰਘ ਫੇਡਰੇਸ਼ਨ ਅਤੇ ਕੁਲਬੀਰ ਸਿੰਘ ਆਦਿਕ ਨੂੰ ਮਰਜੀਵੜੇ ਦੱਸਦੇ ਹੋਏ ਜੀਕੇ ਨੇ ਕਮੇਟੀ ਵੱਲੋਂ ਇਨ੍ਹਾਂ ਦਾ ਕੇਸ ਲੜਨ ਵਾਲੇ ਵਕੀਲਾਂ ਦਾ ਵੀ ਧੰਨਵਾਦ ਕੀਤਾ।
ਜਾਣਕਾਰੀ ਅਨੁਸਾਰ ਇਸ ਕੇਸ ਵਿੱਚ ਕੁਲ 51 ਆਰੋਪੀ ਸਨ, ਜਿਸ ਵਿਚੋਂ 5 ਫਰਜੀ ਮੁਕਾਬਲੇ ਵਿੱਚ ਮਾਰੇ ਗਏ ਅਤੇ 15 ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 31 ਅੱਜ ਬਰੀ ਹੋਏ ਹਨ। ਇੱਥੇ ਦੱਸ ਦੇਈਏ ਕੀ ਜੀਕੇ ਦੇ ਕਮੇਟੀ ਪ੍ਰਧਾਨ ਰਹਿੰਦੇ ਸਾਰੇ ਆਰੋਪੀਆਂ ਨੂੰ ਕਮੇਟੀ ਵੱਲੋਂ ਵਕੀਲ ਦਿੱਤੇ ਗਏ ਸਨ। ਨਾਲ ਹੀ ਆਰਥਿਕ ਮਦਦ ਵੀ ਸਾਰੇ ਆਰੋਪੀਆਂ ਨੂੰ ਦਿੱਤੀ ਜਾਂਦੀ ਸੀ।