ਨਵੀਂ ਦਿੱਲੀ – ਰੇਟਿੰਗ ਏਜੰਸੀ ਮੂਡੀਜ ਨੇ ਇੱਕ ਮਹੀਨੇ ਵਿੱਚ ਦੂਸਰੀ ਵਾਰ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਦਿੱਤਾ ਹੈ। ਭਾਰਤ ਦੀ ਗਰੋਥ ਰੇਟ ਨੂੰ 2020 ਦੇ ਲਈ 5.3 ਫੀਸਦੀ ਰਹਿਣ ਦਾ ਅਨੁਮਾਨ ਜਾਹਿਰ ਕੀਤਾ ਹੈ। ਇਸ ਤੋਂ ਪਹਿਲਾਂ 17 ਫਰਵਰੀ ਨੂੰ ਇਸ ਵਿਕਾਸ ਦਰ ਨੂੰ 6.6 ਫੀਸਦੀ ਤੋਂ ਘਟਾ ਕੇ 5.4 ਕਰ ਦਿੱਤਾ ਸੀ। ਰੇਟਿੰਗ ਏਜੰਸੀ ਦਾ ਅਨੁਮਾਨ ਹੈ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਣ ਦੁਨੀਆਂਭਰ ਵਿੱਚ ਘਰੇਲੂ ਮੰਗ ਵਿੱਚ ਕਮੀ ਆਵੇਗੀ।
ਇਸ ਸਮੇਂ ਇਹ ਵਾਇਰਸ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਰਿਹਾ ਹੈ। ਅਗਰ ਇਸ ਨੂੰ ਜਲਦੀ ਕੰਟਰੋਲ ਕਰ ਵੀ ਲਿਆ ਗਿਆ ਤਾਂ ਵੀ ਇਸ ਸਾਲ ਦੀ ਦੂਸਰੀ ਤਿਮਾਹੀ ਵਿੱਚ ਦੁਨੀਆਂਭਰ ਦੀਆਂ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ। ਏਜੰਸੀ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਰੋਨਾ ਵਾਇਰਸ ਤੇ ਜਲਦੀ ਕਾਬੂ ਨਾ ਪਾਇਆ ਗਿਆ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ।
ਮੂਡੀਜ ਨੇ ਚੀਨ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਵੀ 5.2 ਫੀਸਦੀ ਤੋਂ ਘਟਾ ਕੇ 4.8 ਫੀਸਦੀ ਕਰ ਦਿੱਤਾ ਹੈ। ਅਮਰੀਕਾ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਵੀ 1.7 ਫੀਸਦੀ ਤੋਂ ਘਟਾ ਕੇ 1[5 ਫੀਸਦੀ ਕਰ ਦਿੱਤਾ ਹੈ। ਮੂਡੀਜ ਨੇ ਜੀ-20 ਦੇਸ਼ਾਂ ਦੀ ਵਿਕਾਸ ਦਰ 2020 ਵਿੱਚ 2.1 ਰਹਿਣ ਦਾ ਅਨੁਮਾਨ ਜਤਾਇਆ ਹੈ, ਜੋ ਕਿ ਪਹਿਲਾਂ ਦੇ ਅਨੁਮਾਨ ਤੋਂ 0.3 ਫੀਸਦੀ ਘੱਟ ਹੈ।