ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪੰਜਾਬ ਵਿਚ ਕਰਫਿਊ ਲਾ ਦਿੱਤਾ ਹੈ। ਇਹ ਕਰਫਿਊ 31 ਮਾਰਚ ਤੱਕ ਲਾਗੂ ਰਹੇਗਾ ਅਤੇ ਇਸ ਵਿਚ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਦਿੱਤੀ ਜਾਵੇਗੀ। ਇਹ ਢਿੱਲ ਤਾਂ ਹੀ ਦਿਤੀ ਜਾਵੇਗੀ ਜੇਕਰ ਕੋਈ ਬਹੁਤ ਹੀ ਜ਼ਰੂਰੀ ਵਜ੍ਹਾ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਹ ਫ਼ੈਸਲਾ ਸੋਮਵਾਰ ਦੀ ਅੱਧੀ ਰਾਤ ਨੂੰ ਲਿਆ ਗਿਆ। ਇਸ ਫੈ਼ਸਲੇ ਵਿੱਚ ਕਿਹਾ ਗਿਆ ਹੈ ਕਿ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਜਾਣਕਾਰੀ ਇਕ ਟਵੀਟ ਰਾਹੀਂ ਦਿੰਦਿਆਂ ਲਿਿਖਆ ਕਿ ਪੰਜਾਬ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧਣ ਦੇ ਬਾਵਜੂਦ ਲੋਕ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਉਪਾਅ ਲੋਕਾਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਹਨ। ਮੈਂ ਖੁਸ਼ ਹਾਂ ਕਿ ਲੋਕ ਸਹਿਯੋਗ ਦੇ ਰਹੇ ਹਨ। ਕੁਝ ਲੋਕਾਂ ਵਲੋਂ ਸਾਰਿਆਂ ਦੀ ਜਿ਼ੰਦਗ਼ੀ ਨੂੰ ਖ਼ਤਰੇ ਵਿੱਚ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਰਫਿਊ ਵਿਚ ਕਿਸੇ ਵਿਅਕਤੀ ਨੂੰ ਖ਼ਾਸ ਹਾਲਾਤ ਵਿਚ ਹੀ ਢਿੱਲ ਦਿੱਤੀ ਜਾਵੇਗੀ। ਨਿਅਮਾਂ ਨੂੰ ਤੋੜਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੋਮ ਕਵਾਰੰਟਾਈਨ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਕੇਂਦਰ ਸ਼ਾਸਿਤ ਚੰਡੀਗੜ੍ਹ ਦੇ ਐਡਮਨਿਸਟ੍ਰੇਟਰ ਵੀ ਪੀ ਸਿੰਘ ਬਦਨੋਰ ਨੇ ਵੀ ਕਿਹਾ ਕਿ ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਇਹ ਫ਼ੈਸਲਾ ਲਿਆ ਗਿਆ ਹੈ।
ਜਿ਼ਕਰਯੋਗ ਹੈ ਕਿ ਇਸਤੋਂ ਪਹਿਲਾਂ ਪੰਜਾਬ ਵਿੱਚ ਧਾਰਾ 144 ਲਾਈ ਗਈ ਸੀ ਅਤੇ ਫਿਰ ਲਾਕਡਾਊਨ ਕਰ ਦਿੱਤਾ ਗਿਆ ਸੀ। ਲੇਕਨ ਇਸਦਾ ਕੋਈ ਅਸਰ ਦਿਖਾਈ ਨਹੀਂ ਸੀ ਦਿੱਤਾ ਗਿਆ ਅਤੇ ਹੋਰ ਨਵੇਂ ਕੇਸ ਸਾਹਮਣੇ ਆ ਰਹੇ ਸਨ। ਇਸਤੋਂ ਬਾਅਦ ਸਰਕਾਰ ਵਲੋਂ ਕਰਫਿਊ ਲਾਉਣ ਦਾ ਫ਼ੈਸਲਾ ਲਿਆ ਗਿਆ। ਸੋਮਵਾਰ ਸਵੇਰੇ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਮੁੱਖ ਸਕੱਤਰ ਅਤੇ ਸੂਬੇ ਦੇ ਡੀਜੀਪੀ ਨਾਲ 3 ਘੰਟੇ ਤੱਕ ਮੀਟਿੰਗ ਕੀਤੀ ਅਤੇ ਇਸ ਦੌਰਾਨ ਇਹ ਚਰਚਾ ਹੋਈ ਕਿ ਲੋਕੀਂ ਅਜੇ ਵੀ ਲਾਕਡਾਊਨ ਨੂੰ ਨਹੀਂ ਮੰਨ ਰਹੇ, ਇਸ ਲਈ ਕਰਫਿਊ ਲਾਊਣਾ ਜ਼ਰੂਰੀ ਹੈ। ਦੂਜਾ ਕਾਰਣ ਇਹ ਹੈ ਕਿ ਸੂਬੇ ਵਿਚ ਕਈ ਲੋਕ ਵਿਦੇਸ਼ਾਂ ਤੋਂ ਆ ਰਹੇ ਹਨ। ਪਿਛਲੇ ਦਿਨੀਂ ਵਿਦੇਸ਼ਾਂ ਤੋਂ ਪੰਜਾਬ ਵਿਚ ਕਈ ਲੋਕ ਪਰਤੇ ਜੋ ਟ੍ਰੇਸ ਨਹੀਂ ਕੀਤੇ ਜਾ ਸਕੇ। ਇਨ੍ਹਾਂ ਚੋਂ ਕਈਆਂ ਨੇ ਆਪਣੇ ਪਤੇ ਅਤੇ ਫੋਨ ਨੰਬਰ ਗ਼ਲਤ ਲਿਖਵਾਏ ਹਨ। ਇੱਕਲੇ ਜਲੰਧਰ ਜਿ਼ਲ੍ਹੇ ਵਿੱਚ 13 ਹਜ਼ਾਰ ਐਨਆਰਆਈ ਹਨ ਜਿਨ੍ਹਾਂ ਦੀ ਟ੍ਰੇਸਿੰਗ ਨਹੀਂ ਹੋ ਸਕੀ।