ਦੁਨੀਆਂ ਇਸ ਸਮੇਂ ਮਹਾਮਾਰੀ ਵਾਂਗ ਫ਼ੈਲ ਰਹੀ ਬਿਮਾਰੀ ਕਰੋਨਾ ਵਾਇਰਸ ਦੇ ਦਹਿਸ਼ਤ ਦੀ ਮਾਰ ਹੇਠ ਆਈ ਹੋਈ ਹੈ। ਜਿਸ ‘ਤੇ ਕਾਬੂ ਪਾਊਣ ਲਈ ਸਾਰੀ ਦੁਨੀਆਂ ਹਰ ਮੁਮਕਿਨ ਉਪਰਾਲੇ ਕਰ ਰਹੀ ਹੈ। ਦੁਨੀਆਂ ਦੇ ਸਾਇੰਸਦਾਨ, ਡਾਕਟਰ ਅਤੇ ਬਿਮਾਰੀਆਂ ਦੇ ਮਾਹਿਰ ਆਪਣੀਆਂ ਪੂਰੀਆਂ ਕੋਸਿ਼ਸ਼ਾਂ ਕਰ ਰਹੇ ਹਨ ਕਿ ਇਸ ਜਾਨਲੇਵਾ ਬਿਮਾਰੀ ‘ਤੇ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ। ਦੁਨੀਆਂ ਭਰ ਦੇ ਦੇਸ਼ਾਂ ਵਲੋਂ ਆਪਣੇ ਨਾਗਰਿਕਾਂ ਹਰ ਪ੍ਰਕਾਰ ਦੀਆਂ ਨੂੰ ਸਿਹਤ ਸਬੰਧੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸਦੇ ਤਹਿਤ ਉਨ੍ਹਾਂ ਦਾ ਡਾਕਟਰੀ ਮੁਆਇਨਾਂ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਮਰੀਜ਼ ਦੇ ਪਾਜੇਟਿਵ ਆਉਣ ਦੀ ਸੂਰਤ ਵਿਚ ਉਨ੍ਹਾਂ ਨੂੰ 14 ਦਿਨਾਂ ਲਈ ਸਿਹਤਮੰਦ ਲੋਕਾਂ ਤੋਂ ਪਾਸੇ ਰੱਖਿਆ ਜਾ ਰਿਹਾ ਹੈ ਤਾਂ ਜੋ ਇਹ ਮਾਰੂ ਬਿਮਾਰੀ ਹੋਰਨਾਂ ਸਿਹਤਮੰਦ ਲੋਕਾਂ ਨੂੰ ਆਪਣੀ ਗਰਿਫ਼ਤ ਵਿਚ ਨਾ ਲੈ ਸਕੇ।
ਇਸ ਬਿਮਾਰੀ ਦੇ ਸਭ ਤੋਂ ਭਿਆਨਕ ਨਤੀਜੇ ਅਜੇ ਤੱਕ ਚੀਨ, ਇਟਲੀ, ਸਪੇਨ ਅਤੇ ਇਰਾਨ ਜਿਹੇ ਦੇਸ਼ਾਂ ਵਿਚ ਵੇਖਣ ਨੂੰ ਮਿਲੇ ਹਨ। ਇਸ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਆਏ ਮਰੀਜ਼ਾਂ ਦੀ ਗਿਣਤੀ ਇਸ ਵੇਲੇ 372,698 ਤੋਂ ਵੱਧ ਪਹੁੰਚ ਚੁੱਕੀ ਹੈ, ਜਿਨ੍ਹਾਂ ਚੋਂ 101,383 ਕੇਸ ਠੀਕ ਕੀਤੇ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵੀ ਇਸ ਵੇਲੇ ਲਗਭੱਗ 16,314 ਤੋਂ ਵੱਧ ਪਹੁੰਚ ਚੁੱਕੀ ਹੈ। ਮੌਜੂਦਾ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਇਸ ਬਿਮਾਰੀ ਦੀ ਗਰਿਫਤ ਵਿਚ ਆਉਣ ਵਾਲਿਆਂ ਦੀ ਗਿਣਤੀ 42,076, ਰਿਕਵਰ ਹੋਇਆਂ ਦੀ ਗਿਣਤੀ 178 ਅਤੇ ਮਰਨ ਵਾਲਿਆਂ ਦੀ ਗਿਣਤੀ 570 ਹੈ। ਚੀਨ ਵਿੱਚ ਸਾਹਮਣੇ ਆਏ ਮਾਮਲੇ 81,093 ਹਨ, ਰਿਕਵਰ ਹੋਏ 72703 ਅਤੇ ਮਰਨ ਵਾਲੇ 3,270 ਹਨ। ਇਟਲੀ ਵਿਚ ਇਸ ਮਹਾਮਾਰੀ ਦੀ ਦਹਿਸ਼ਤ ਅਤੇ ਵੀ ਕਾਇਮ ਹੈ। ਮੌਜੂਦਾ ਸਮੇਂ ਉਥੇ 63,928 ਕੇਸ ਸਾਹਮਣੇ ਆਏ ਹਨ, 7,432 ਰਿਕਵਰ ਹੋਏ ਹਨ ਅਤੇ 6,078 ਮਰੇ ਹਨ। ਸਪੇਨ ਵਿਚ ਸਾਹਮਣੇ ਆਏ ਮਾਮਲੇ 66,089, ਰਿਕਵਰ ਮਾਮਲੇ 3,355 ਅਤੇ ਮਰਨ ਵਾਲੇ 2,206 ਲੋਕ ਹਨ। ਇਰਾਨ ਵਿਚ ਵੀ 23,049 ਮਾਮਲੇ ਕਨਫਰਮ ਹੋ ਚੁੱਕੇ ਹਨ।
ਚੀਨ ਵਲੋਂ ਇਸ ਬਿਮਾਰੀ ‘ਤੇ ਕਾਬੂ ਪਾਊਣ ਲਈ ਆਪਣੇ ਸਾਰੇ ਸ਼ਹਿਰਾਂ, ਕਸਬਿਆਂ ਆਦਿ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਇਸ ਦੌਰਾਨ ਕੋਈ ਵੀ ਸ਼ਖ਼ਸ ਭਾਵੇਂ ਉਹ ਬਿਮਾਰ ਹੋਵੇ ਜਾਂ ਤੰਦਰੁਸਤ ਘਰੋਂ ਬਾਹਰ ਨਹੀਂ ਸੀ ਨਿਕਲ ਸਕਦਾ। ਸਾਰੀਆਂ ਸੜਕਾਂ ਸੁੰਨ ਮਸੁੰਨ ਪਈਆਂ ਸਨ, ਬਜ਼ਾਰਾਂ ਵਿਚ ਕੋਈ ਵੀ ਦਿਖਾਈ ਨਹੀਂ ਸੀ ਦੇ ਰਿਹਾ। ਇਹੀ ਹਾਲਾਤ ਹੋਰ ਦੁਨੀਆਂ ਦੇ ਦੇਸ਼ਾਂ ਵਿਚ ਵੀ ਪੈਦਾ ਹੋ ਚੁੱਕੇ ਹਨ। ਕਈ ਦੇਸ਼ਾਂ ਵਲੋਂ ਚੀਨ, ਇਟਲੀ, ਇਰਾਨ ਅਤੇ ਹੋਰਨਾਂ ਦੇਸ਼ਾਂ ਚੋਂ ਆਉਣ ਵਾਲਿਆਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਸਾਰੇ ਦੀ ਦੇਸ਼ਾਂ ਦੇ ਮੁੱਖੀਆਂ ਵਲੋਂ ਆਪਣੇ ਨਾਗਰਿਕਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਉਹ ਕਿਵੇਂ ਇਸ ਭਿਆਨਕ ਬਿਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਨ। ਇਹ ਹੀ ਨਹੀਂ ਕਈ ਦੇਸ਼ਾਂ ਵਲੋਂ ਆਪਣੀ ਦੂਰਦ੍ਰਿਸ਼ਟੀ ਵਿਖਾਉਂਦਿਆਂ ਹੋਇਆਂ ਆਪਣੇ ਨਾਗਰਿਕਾਂ ਨੂੰ ਖਾਣ-ਪੀਣ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ, ਕਈਆਂ ਦੇਸ਼ਾਂ ਵਲੋਂ ਮਾਇਕ ਸਹਾਇਤਾ ਲਈ ਪੈਕੇਜ਼ ਦਿੱਤੇ ਜਾ ਰਹੇ ਹਨ।
ਇਸ ਸਭ ਦੇ ਉਲਟ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਾੜੀਆਂ ਅਤੇ ਥਾਲੀਆਂ ਵਜਾਕੇ ਇਸ ‘ਤੇ ਕਾਬੂ ਪਾਉਣ ਦਾ ਨਵਾਂ ਮੰਤਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਮਨੋਬਲ ਵਧਾਉਣ ਲਈ ਤਾੜੀਆਂ ਜਾਂ ਥਾਲੀਆਂ ਵਜਾਕੇ ਬਿਮਾਰੀ ‘ਤੇ ਕਾਬੂ ਪਾਉਣ ਦਾ ਇਹ ਨਿਰਾਲਾ ਤਰੀਕਾ ਸਮਝ ਵਿਚ ਨਹੀਂ ਆ ਰਿਹਾ। ਇਸ ਦੌਰਾਨ ਇਕ ਦੂਜੇ ਨੂੰ ਸੰਪਰਕ ਵਿਚ ਆਉਣ ਤੋਂ ਬਚਾਉਣ ਲਈ ਹਿਦਾਇਤਾਂ ਜਾਰੀ ਕਰਨੀਆਂ ਵਧੇਰੇ ਜ਼ਰੂਰੀ ਹਨ ਨਾ ਕਿ ਤਾੜੀਆਂ ਅਤੇ ਥਾਲੀਆਂ ਹੱਥਾਂ ਵਿਚ ਫੜਕੇ ਮੀਡੀਆ ਭਾਵ ਟੀਵੀ ਅਤੇ ਅਖ਼ਬਾਰਾਂ ਵਿੱਚ ਫੋਟੋ ਖਿਚਵਾਉਣ ਲਈ ਤਮਾਸ਼ੇ ਕਰਨਾ ਵਧੇਰੇ ਜ਼ਰੂਰੀ ਹੈ। ਇਸਦਾ ਇਕ ਨਮੂਨਾ ਇਹ ਹੈ ਕਿ ਪੰਜਾਬ ਦੇ ਪਟਿਆਲਾ ਜਿ਼ਲੇ ਵਿੱਚ 30 ਤੋਂ ਵਧੇਰੇ ਲੋਕਾਂ ਵਲੋਂ ਇੱਕਠਿਆਂ ਹੋਕੇ ਤਾੜੀਆਂ ਅਤੇ ਥਾਲੀਆਂ ਵਜਾਈਆਂ ਗਈਆਂ ਸਨ। ਇਹ ਕਿੱਸਾ ਉਥੋਂ ਦੇ ਧਰਮਪੁਰਾ ਇਲਾਕੇ ਦਾ ਹੈ।
ਇਸਦੇ ਉਲਟ ਸ੍ਰੀਮਾਨ ਮੋਦੀ ਨੂੰ ਆਪਣੇ ਸਹਾਇਤਾ ਫੰਡ ਦੇ ਮੂੰਹ ਖੋਲ੍ਹਦਿਆਂ ਹੋਇਆਂ ਇਹ ਕਹਿਣਾ ਚਾਹੀਦਾ ਸੀ ਕਿ ਇਸ ਬਿਪਤਾ ਦੀ ਘੜੀ ਵਿੱਚ ਸਰਕਾਰੀ ਮਦਦ ਵਜੋਂ ਜਦੋਂ ਮੈਂ ਤੁਹਾਡੀਆਂ ਥਾਲੀਆਂ ਵਿੱਚ ਖਜ਼ਾਨਿਆਂ ਦੇ ਅੰਬਾਰ ਲਾ ਦਿਆਂਗਾ, ਉਦੋਂ ਤੁਸੀਂ ਤਾੜੀਆਂ ਵਜਾਇਉ। ਕਿਉਂਕਿ ਇਸ ਸਮੇਂ ਬੇਰੁਜ਼ਗਾਰ ਹੋਏ ਭੁੱਖੇ ਢਿੱਡਾਂ ਨੂੰ ਥਾਲੀਆਂ ਵਜਾਉਣ ਨਹੀਂ ਸਗੋਂ ਖਾਲੀ ਥਾਲੀਆਂ ਵਿੱਚ ਭੋਜਨ ਦੀ ਲੋੜ ਹੈ।
ਇਸਦੇ ਉਲਟ ਅਮਰੀਕਾ, ਕੈਨੇਡਾ, ਬ੍ਰਿਟੇਨ, ਫਰਾਂਸ ਅਤੇ ਹੋਰਨਾਂ ਦੇਸ਼ਾਂ ਵਲੋਂ ਆਪਣੇ ਨਾਗਰਿਕਾਂ ਨੂੰ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਇੱਕਠਿਆਂ ਹੋ ਕੇ ਨਾ ਰਹਿਣ। ਇਕ ਦੂਜੇ ਨਾਲ ਗੱਲਬਾਤ ਕਰਦਿਆਂ 6 ਫੁੱਟ ਤੋਂ ਵੱਧ ਦਾ ਫ਼ਾਸਲਾ ਰੱਖਣ, ਮੂੰਹ ਮਾਸਕ ਨਾ ਢੱਕ ਕੇ ਰੱਖਣ। ਛਿੱਕ ਆਉਣ ਦੀ ਹਾਲਤ ਵਿਚ ਮੂੰਹ ਕਿੱਸੇ ਪੇਪਰ ਟਾਵਲ ਜਾਂ ਨੈਪਕਿਨ ਨਾਲ ਢੱਕ ਲੈਣ ਜੇਕਰ ਪੇਪਰ ਟਾਵਲ ਆਦਿ ਨਾ ਹੋਵੇ ਤਾਂ ਆਪਣੀ ਬਾਂਹ ਮੂੰਹ ਅੱਗੇ ਕਰ ਲੈਣ। ਕਿਸੇ ਨਾਲ ਹੱਥ ਨਾ ਮਿਲਾਉਣ ਜਾਂ ਜੱਫ਼ੀ ਨਾ ਪਾਉਣ। ਇਥੇ ਇਹ ਵੀ ਵਰਣਨਯੋਗ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਜੱਫੀਆਂ ਪਾਉਣ ਦਾ ਬੜਾ ਸ਼ੌਕ ਹੈ ਇਥੋਂ ਤੱਕ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਆਏ ਤਾਂ ਸ੍ਰੀਮਾਨ ਮੋਦੀ ਵਲੋਂ ਉਨ੍ਹਾਂ ਨੂੰ ਜੱਫੀਆਂ ਪਾਈਆਂ ਗਈਆਂ। ਆਪਣੇ ਹੱਥ ਵੱਧ ਤੋਂ ਵੱਧ ਵਾਰ ਸਾਬਣ ਨਾਲ ਧੋਣ ਅਤੇ ਅੰਦਾਜ਼ਨ ਵੀਹ ਸੈਕੰਡ ਤੱਕ ਆਪਣੇ ਹੱਥ ਧੋਂਦੇ ਰਹਿਣ।
ਇਥੇ ਮੈਂ ਇਹ ਕਹਿਣਾ ਚਾਹਾਂਗਾ ਲੋਕਾਂ ਨੂੰ ਵੱਧ ਤੋਂ ਵੱਧ ਪਰਹੇਜ਼ ਵਰਤਣ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ ਨਾਕਿ ਉਨ੍ਹਾਂ ਨੂੰ ਬਜ਼ਾਰਾਂ ਵਿੱਚ ਅਤੇ ਘਰਾਂ ਦੀ ਖਿੜਕੀਆਂ ਸਾਹਮਣੇ ਖੜਿਆਂ ਹੋਕੇ ਤਾੜੀਆਂ ਅਤੇ ਥਾਲੀਆਂ ਲਈ ਹਿਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਮੌਜੂਦਾ ਸਮੇਂ ਜੇਕਰ ਕੋਈ ਗਲੀ ਵਿਚ ਆਪਣੇ ਘਰ ਦੀ ਖਿੜਕੀ ਵਿਚ ਖੜਿਆਂ ਹੋਕੇ ਤਾੜੀਆਂ ਵਜਾਉਂਦਾ ਹੈ ਤਾਂ ਹੋ ਸਕਦਾ ਹੈ ਉਹ ਖੁਲ੍ਹੀ ਖਿੜਕੀ ਰਾਹੀਂ ਇਸ ਬਿਮਾਰੀ ਕਰੋਨਾ ਦੇ ਵਾਇਰਸਾਂ ਨੂੰ ਸੱਦਾ ਦੇ ਰਿਹਾ ਹੋਵੇ, ਸਗੋਂ ਉਨ੍ਹਾਂ ਨੂੰ ਇਹ ਪ੍ਰੇਰਣਾ ਦਿੱਤੀ ਜਾਣੀ ਚਾਹੀਦੀ ਹੈ ਕਿ ਰਾਹ ਚਲਦੇ ਰਾਹਗੀਰਾਂ ਵਿੱਚ ਸੰਪਰਕ ਵਿਚ ਆਉਣ ਤੋਂ ਸੰਕੋਚ ਕੀਤਾ ਜਾਵੇ। ਹੋ ਸਕਦਾ ਜਿਹੜੀ ਥਾਲੀ ਤੁਸੀਂ ਵਜਾ ਰਹੇ ਹੋ ਉਸੇ ਤਾੜੀ ‘ਤੇ ਕਿਸੇ ਕਰੋਨਾ ਵਾਇਰਸ ਪੀੜਤ ਵਲੋਂ ਤੁਹਾਡੀ ਥਾਲੀ ‘ਤੇ ਹੱਥ ਮਾਰਕੇ ਇਸ ਵਾਇਰਸ ਦਾ ਤੋਹਫਾ ਤੁਹਾਨੂੰ ਭੇਂਟ ਕਰ ਦਿੱਤਾ ਜਾਵੇ। ਇਹ ਮੌਕਾ ਇਹੋ ਜਿਹਾ ਹੈ ਕਿ ਜੇਕਰ ਤੁਸੀਂ ਆਪਣੇ ਕਿਸੇ ਪਿਆਰੇ ਬੱਚੇ, ਰਿਸ਼ਤੇਦਾਰ ਜਾਂ ਮਿੱਤਰ ਲਈ ਆਪਣੀਆਂ ਸ਼ੁਭਕਾਮਨਾਵਾਂ ਰੱਖਦੇ ਹੋ ਤਾਂ ਉਨ੍ਹਾਂ ਤੋਂ ਥੋੜ੍ਹੀ ਦੂਰੀ ਬਣਾਈ ਰੱਖੋ ਕਿਉਂਕਿ ਇਸ ਵਾਇਰਸ ਦਾ ਅਸਰ 14 ਦਿਨਾਂ ਬਾਅਦ ਵੀ ਕਿਸੇ ਵਿਅਕਤੀ ‘ਤੇ ਹੋ ਸਕਦਾ ਹੈ। ਹੋ ਸਕਦਾ ਹੈ ਮੌਜੂਦਾ ਸਮੇਂ ਕੋਈ ਵਿਕਅਤੀ ਇਸ ਵੇਲੇ ਸਿਹਤਮੰਦ ਦਿਖਾਈ ਦੇ ਰਿਹਾ ਹੋਵੇ ਪਰੰਤੂ ਇਹ ਵੀ ਚੇਤੇ ਰੱਖੋ ਕਿ ਇਸਦਾ ਅਸਰ 14 ਦਿਨਾਂ ਵਿਚ ਕਿਸੇ ਵੇਲੇ ਵੀ ਦਿਖਾਈ ਦੇ ਸਕਦਾ ਹੈ। ਕਿਸੇ ਦੀ ਹੌਸਲਾ ਅਫ਼ਜ਼ਾਈ ਕਰਨੀ ਹੈ ਤਾਂ ਇਨ੍ਹਾਂ ਪਰਹੇਜ਼ਾਂ ਨੂੰ ਅਪਨਾਉਣ ਵਾਲਿਆਂ ਦੀ ਕਰੋ ਅਤੇ ਕਹੋ ਕਿ ਤੂੰ ਮੈਥੋਂ ਦੂਰ ਰਹਿਕੇ ਗੱਲ ਕਰ ਰਿਹਾ ਏਂ ਤੂੰ ਮੇਰਾ ਸਭ ਤੋਂ ਵੱਡਾ ਦੋਸਤ ਏਂ, ਜੇਕਰ ਤੂੰ ਇਨ੍ਹਾਂ ਪਰਹੇਜ਼ਾਂ ਨੂੰ ਨਾ ਮੰਨਕੇ ਮੈਨੂੰ ਜੱਫੀਆਂ ਪਾ ਰਿਹਾ ਏਂ ਤਾਂ ਤੂੰ ਮੇਰਾ ਸਭ ਤੋਂ ਵੱਡਾ ਦੁਸ਼ਮਣ ਏਂ।
ਮੌਜੂਦਾ ਸਮਾਂ ਅਜੇਹਾ ਚਲ ਰਿਹਾ ਹੈ ਕਿ ਜਿੰਨਾ ਅਸੀਂ ਕਿਸੇ ਨਾਲ ਸੰਪਰਕ ਵਿੱਚ ਆਉਣ ਤੋਂ ਪਰਹੇਜ਼ ਕਰਾਂਗੇ ਉਨਾਂ ਹੀ ਉਹ ਸਾਡੇ, ਸਾਡੇ ਪ੍ਰਵਾਰ, ਸਾਡੇ ਦੋਸਤਾਂ ਮਿੱਤਰਾਂ, ਸਾਡੇ ਜਿ਼ਲੇ, ਸੂਬੇ, ਦੇਸ਼ ਭਾਵ ਸਮੁੱਚੀਆਂ ਦੁਨੀਆਂ ਲਈ ਬੇਹਤਰ ਹੈ। ਇਸ ਤੋਂ ਡਰਨ ਦੀ ਲੋੜ ਨਹੀਂ ਸਗੋਂ ਮੁਕਾਬਲਾ ਕਰਨ ਦੀ ਲੋੜ ਹੈ। ਇਹ ਮੁਕਾਬਲਾ ਅਸੀਂ ਡਾਕਟਰਾਂ ਵਲੋਂ ਦਿੱਤੀਆਂ ਹਿਦਾਇਤਾਂ ਮੰਨਕੇ ਹੀ ਪੂਰੀਆਂ ਕਰ ਸਕਦੇ ਹਾਂ। ਮੇਰੇ ਵੀਰੋ! ਭੈਣੋ! ਦੋਸਤੋ! ਸਾਰਿਆਂ ਦੀ ਇੱਛਾ ਹੁੰਦੀ ਹੈ ਕਿ ਉਹ ਖੂਬ ਪਾਰਟੀਆਂ ਕਰੇ, ਮੇਲਿਆਂ ਵਿਚ ਜਾਵੇ। ਮੌਜੂਦਾ ਸਮੇਂ ਜੇਕਰ ਅਸੀਂ ਆਪਣੇ ਮਨਾਂ ਨੂੰ ਮਾਰਕੇ ਕੁਝ ਦਿਨ ਘਰ ਬੈਠ ਜਾਵਾਂਗੇ ਤਾਂ ਅਗਾਂਹ ਅਨੇਕਾਂ ਸਮਾਗਮਾਂ, ਪਾਰਟੀਆਂ ਵਿਚ ਸ਼ਾਮਲ ਹੋ ਸਕਣ ਦੇ ਮੌਕੇ ਮਿਲਦੇ ਰਹਿਣਗੇ। ਇਸ ਸਮੇਂ ਤੁਹਾਡੇ ਭਾਈਚਾਰੇ, ਸਮਾਜ ਅਤੇ ਦੇਸ਼ ਦੀ ਰਾਖੀ ਇਸੇ ਵਿਚ ਹੈ ਕਿ ਕੁਝ ਸਮਾਂ ਇਨ੍ਹਾਂ ਤੋਂ ਦੂਰ ਰਿਹਾ ਜਾਵੇ। ਮੈਂ ਤਾਂ ਬਸ ਇਹੀ ਅਪੀਲ ਕਰ ਸਕਦਾ ਹਾਂ ਬਾਕੀ ਵਾਹਿਗੁਰੂ ਰਾਖਾ।