ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਬੇਗੁਨਾਹ ਲੋਕਾਂ ਤੇ ਸਿਖ ਸੰਗਤਾਂ ਉਤੇ ਕੀਤੇ ਗਏ ਜਾਨ ਲੇਵਾ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ। ਉਨਾਂ ਭਾਰਤ ਸਰਕਾਰ ਨੂੰ ਉਕਤ ਹਮਲੇ ਪ੍ਰਤੀ ਗੰਭੀਰਤਾ ਦਿਖਾਉਣ ਅਤੇ ਅਫ਼ਗਾਨਿਸਤਾਨ ਦੀ ਸਰਕਾਰ ‘ਤੇ ਉਥੋਂ ਦੇ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਬਾਅ ਪਾਉਣ ਲਈ ਕਿਹਾ। ਉਹਨਾਂ ਦੇਸ਼ ਵਿਦੇਸ਼ ਦੀਆਂ ਸਿਖ ਸੰਗਤਾਂ ਨੂੰ ਅਫਗਾਨੀ ਸਿਖਾਂ ‘ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਕੌਮਾਂਤਰਾਂ ਪਧੱਰ ‘ਤੇ ਅਵਾਜ ਬੁਲਾਂਦ ਕਰਨ ਦੀ ਵੀ ਅਪੀਲ ਕੀਤੀ।
ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਦਮਦਮੀ ਟਕਸਾਲ ਦੇ ਮੁੱਖੀ ਨੇ ਇਸ ਨੂੰ ਅਮਾਨਵੀ ਤੇ ਵਹਿਸ਼ੀ ਕਾਰੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਵਿਸ਼ਵ ਦੀ ਸਮੂਹ ਸਿਖ ਸੰਗਤ ਅਫਗਾਨੀ ਸਿਖਾਂ ਨਾਲ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਰਬਤ ਦਾ ਭਲਾ ਮੰਗਣ ਵਾਲਾ ਅਤੇ ਹਰ ਸਮੇ ਲੋੜਵੰਦਾਂ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ। ਜਿਸ ਦਾ ਕਿਸੇ ਵੀ ਜਾਤ ਜਾਂ ਫਿਰਕੇ ਨਾਲ ਕੋਈ ਵੈਰ ਵਿਰੋਧ ਨਹੀਂ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਹਿਤਾਂ ਅਤੇ ਵਿਕਾਸ ਵਿਚ ਉਥੋਂ ਦੇ ਸਿਖ ਭਾਈਚਾਰੇ ਦੀ ਵੱਡੀ ਭੂਮਿਕਾ ਅਤੇ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ‘ਚ ਸਿੱਖ ਭਾਈਚਾਰੇ ‘ਤੇ ਇਹ ਪਹਿਲਾ ਹਮਲਾ ਨਹੀਂ ਹੈ ਇਸ ਤੋਂ ਪੂਰਵ ਸਿਖ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਚੁਕਿਆ ਹੈ। ਅਸੁਰੱਖਿਆ ਦੀ ਭਾਵਨਾ ਨਾਲ ਸੈਕੜਿਆਂ ਦੀ ਗਿਣਤੀ ਵਿਚ ਅਫ਼ਗਾਨੀ ਸਿਖ ਆਪਣੇ ਵਤਨ ਤੋਂ ਹਿਜ਼ਰਤ ਕਰਨ ਲਈ ਮਜਬੂਰ ਹਨ। ਉਨਾਂ ਭਾਰਤ ਸਰਕਾਰ ਅਤੇ ਅਫ਼ਗਾਨਿਸਤਾਨ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ ਹੈ।