ਪਰਮਜੀਤ ਸਿੰਘ ਬਾਗੜੀਆ, 21ਵੀਂ ਸਦੀ ਵਿਚ ਪਹਿਲੀ ਵਾਰ ਫੈਲੀ ਵਿਸ਼ਵ ਵਿਆਪੀ ਮਹਾਂਮਾਰੀ ਦਾ ਕਾਰਨ ਬਣੇ ਖਤਰਨਾਕ ਕਰੋਨਾ ਵਾਇਰਸ ਦੇ ਇਲਾਜ ਲਈ ਭਾਵੇਂ ਅਜੇ ਤੱਕ ਕਿਸੇ ਵੀ ਦੇਸ਼ ਕੋਲ ਇਸਦੀ ਰੋਕਥਾਮ ਲਈ ਦਵਾਈ ਜਾਂ ਵੈਕਸੀਨ ਨਹੀਂ ਹੈ, ਆਏ ਦਿਨ ਇਸ ਮਾਰੂ ਵਾਇਰਸ ਤੋਂ ਪ੍ਰਭਾਵਿਤ ਹੋਣ ਅਤੇ ਮਰਨ ਵਾਲਿਆਂ ਦੀ ਵਧਦੀ ਜਾ ਰਹੀ ਗਿਣਤੀ ਨੇ ਮਨੁੱਖਤਾ ਦੀ ਹੋਂਦ ਲਈ ਸਵਾਲ ਖੜ੍ਹੇ ਕਰ ਦਿੱਤੇ ਹਨ। ਨਾਲ ਹੀ ਇਸ ਵਾਇਰਸ ਦਾ ਪ੍ਰਭਾਵ ਜਿਉਂ ਹੀ ਚੀਨ ਤੋਂ ਬਾਅਦ ਉੱਨਤ ਪੱਛਮੀ ਦੇਸ਼ਾਂ ਅਮਰੀਕਾ, ਫਰਾਂਸ, ਇਟਲੀ, ਜਰਮਨ ਅਤੇ ਸਪੇਨ ਆਦਿ ਦੇਸ਼ਾਂ ਸਮੇਤ ਇਰਾਨ ਤੇ ਭਾਰਤ ਵਿਚ ਵਧਿਆ ਤਾਂ ਇਸ ਦੀ ਰੋਕਥਾਮ ਲਈ ਵੈਕਸੀਨੇਸ਼ਨ ਤਿਆਰ ਕਰਨ ਦੀ ਦੌੜ ਵੀ ਲੱਗ ਗਈ।
ਸਭ ਤੋਂ ਪਹਿਲਾਂ ਅਮਰੀਕਾ ਨੇ ਇਸ ਘਾਤਕ ਵਾਇਰਸ ਦਾ ਤੋੜ ਲੱਭਣ ਲਈ ਵੈਕਸੀਨ ਤਿਆਰ ਕਰਨ ਲਈ ਸਿੱਧੀ ਮਨੁੱਖਾਂ ‘ਤੇ ਹੀ ਅਜਮਾਇਸ਼ ਆਰੰਭ ਕੀਤੀ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਅਨੁਸਾਰ ਕਰੋਨਾ ਦੀ ਰੋਕਥਾਮ ਲਈ 40 ਵੱਖ ਵੱਖ ਤਰਾਂ ਦੇ ਵੈਕਸੀਨ ਤਿਆਰ ਕਰਨ ਦੀ ਪ੍ਰੀਕ੍ਰਿਆ ਭਾਰਤ ਸਮੇਤ, ਅਮਰੀਕਾ, ਫ੍ਰਾਂਸ, ਜਰਮਨੀ, ਆਸਟ੍ਰੇਲੀਆ ਅਤੇ ਚੀਨ ਵਿਚ ਆਰੰਭ ਹੋ ਚੁੱਕੀ ਹੈ। ਚੀਨ ਵਿਚ 5 ਹਜਾਰ ਵਿਆਕਤੀ ਇਸ ਤਿਆਰ ਕੀਤੇ ਜਾਣ ਵਾਲੇ ਵੈਕਸੀਨ ਦੀ ਪਰਖ ਲਈ ਆਪਾ ਪੇਸ਼ ਕਰਨ ਲਈ ਰਜਿਸਟਰਡ ਹੋਏ ਹਨ ਜਿਨਾਂ ‘ਤੇ ਵੈਕਸੀਨ ਦੀ ਪਰਖ ਕਰਦਿਆਂ ਇਸਦੇ ਨਤੀਜਿਆਂ ਦੀ ਲਗਾਤਾਰ ਪੜਚੋਲ ਕੀਤੀ ਜਾਵੇਗੀ।
ਕਈ ਨਾਮੀ ਫਾਰਮਾ ਕੰਪਨੀਆਂ ਵੀ ਇਸ ਦੌੜ ਵਿਚ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ। ਅਮਰੀਕਾ ਦੀ ਬਾਇਓਟੈਕ ਅਧਾਰਧ ਫਾਰਮਾ ਕੰਪਨੀ ‘ਮਾਡਰਨਾ’ ਵੀ ਵੈਕਸੀਨ ਦੇ ਮਨੁੱਖੀ ਪਰਖ ਲਈ ਤਿਆਰ ਹੈ। ਭਾਰਤੀ ਕੰਪਨੀਆਂ ਵੀ ਦੌੜ ਵਿਚ ਬਰਾਬਰ ਸ਼ਾਮਲ ਹਨ। ਹੈਦਰਾਬਾਦ ਅਧਾਰਤ ਕੰਪਨੀਆਂ ‘ਭਾਰਤ ਬਾਇਓਟੈਕ’ ਅਤੇ ‘ਬਾਇਓਲੌਜੀਕਲ ਈ’ ਸਮੇਤ ਪੂਨੇ ਅਧਾਰਤ ‘ਸੀਰਮ ਇੰਸਟੀਚਿਊਟ ਆਫ ਇੰਡੀਆ’ ਵੀ ਵੈਕਸੀਨ ਤਿਆਰੀ ਲਈ ਮਹੱਤਵਪੂਰਨ ਪੜਾਅ ‘ਤੇ ਹਨ। ਇਸੇ ਦੌਰਾਨ ਹੀ ਫਰਾਂਸ ਦੀ ਕੰਪਨੀ ‘ਸਨੋਫੀ’ ਦੁਆਰਾ ਤਿਆਰ ਡਰੱਗ ‘ਫ਼ੳਥੂਓਂੀL’ ਜੋ ਡੀ.ਅੇਨ.ਏ. ਵਿਕਸਤ ਕਰਨ ਲਈ ਵਰਤੋਂ ਵਿਚ ਆਉਣ ਵਾਲੀ ਦਵਾਈ ਹੈ, ਨੇ ਕਰੋਨਾ ਵਾਇਰਸ ਇਲਾਜ ਮਾਮਲੇ ਵਿਚ ਉਤਸ਼ਾਹਜਨਕ ਨਤੀਜੇ ਦਿਤੇ ਹਨ।
ਇਸ ਦੌਰਾਨ ਹੀ ਕੈਨਡਾ ਦੀ ਕਿਉਬੈਕ ਸਥਿਤ ਪੈਟਾਗਨ ਦੁਆਰਾ ਫੰਡਿਡ ਫਾਰਮਾ ਕੰਪਨੀ ‘ਮੈਡੀਕਾਗੋ’ ਦਾ ਵੀ ਦਾਅਵਾ ਹੈ ਕਿ ਉਸਨੇ ਇਸ ਵਾਇਰਸ ਦੀ ਜੈਨੇਟਿਕ ਕੋਡਿੰਗ ਜਾਨਣ ਦੇ 20 ਦਿਨਾਂ ਅੰਦਰ ਹੀ ਵੈਕਸੀਨ ਤਿਆਰ ਕਰ ਲਿਆ ਸੀ ਜੋ ਯੂ.ਐਸ. ਦੀ ਐਫ.ਡੀ.ਏ.(ਫੂਡ ਐਂਡ ਡਰੱਗ ਐਡਮਿਸਟ੍ਰੇਸ਼ਨ) ਦੀ ਪ੍ਰਵਾਨਗੀ ਲਈ ਭੇਜਿਆ ਹੋਇਆ ਹੈ। ਕੰਪਨੀ ਦੇ ਸੀ.ਈ.ਓ. ਬਰੁਸ ਕਲਾਰਕ ਅਨੁਸਾਰ ਜੇ ਪ੍ਰਵਾਨਗੀ ਮਿਲਦੀ ਹੈ ਤਾਂ ਉਹ 10 ਮਿਲੀਅਨ ਭਾਵ 1 ਕਰੋੜ ਵੈਕਸੀਨ ਇਕ ਮਹੀਨੇ ਵਿਚ ਤਿਆਰ ਕਰਨ ਦੇ ਸਮਰਥ ਹੈ।
ਦੇਸ਼ ਦੀ ਪ੍ਰਮੁੱਖ ਖੋਜ ਲੈਬਾਰਟਰੀ ‘ਡਾਕਟਰ ਰੈਡੀ’ਜ ਲੈਬ’ ਦੇ ਐਮ.ਡੀ. ਸ੍ਰੀ ਜੀ.ਵੀ. ਪ੍ਰਸਾਦ ਅਨੁਸਾਰ ਕਰੋਨਾ ਬਿਮਾਰੀ ਕਾਬੂ ਕਰਨ ਲਈ ਵੈਕਸੀਨ ਤਿਆਰ ਹੋਣ ਨੂੰ ਅਜੇ 12 ਤੋਂ 18 ਮਹੀਨੇ ਤੱਕ ਦਾ ਸਮਾਂ ਲੱਗੇਗਾ ਪਰ ਕੁਝ ਦਵਾਈਆਂ ਦੇ ਕਰੋਨਾ ਪੀੜਤ ਮਰੀਜਾਂ ਦੇ ਇਲਾਜ ਦੌਰਾਨ ਅਸਰਦਾਰ ਪ੍ਰਭਾਵ ਵੀ ਸਾਹਮਣੇ ਆਏ ਹਨ। ਇਸ ਲਈ ਕਰੋਨਾ ਵਾਇਰਸ ਇਲਾਜ ਲਈ ਤਿਆਰ ਵੈਕਸੀਨ ਦੇ ਆਮ ਲੋਕਾਂ ਤੱਕ ਪੁੱਜਣ ਨੂੰ ਅਜੇ ਲਗਭਗ ਡੇਢ ਤੋਂ 2 ਸਾ ਦਾ ਸਮਾਂ ਲੱਗ ਸਕਦਾ ਹੈ ਪਰ ਦੁਨੀਆ ਭਰ ਵਿਚ ਦਸਤਕ ਦੇ ਚੁੱਕੀ ਅਤੇ ਹੁਣ ਤੱਕ 20 ਹਜਾਰ ਜਾਨਾਂ ਲੈ ਚੁੱਕੀ ਬਿਮਾਰੀ ਕੋਵਿਡ-19 ਦੇ ਖਾਤਮੇ ਲਈ ਵੈਕਸੀਨ ਤਿਆਰ ਕਰਨ ਦੀ ਦੌੜ ਵਿਚ ਦਿਨ ਰਾਤ ਖੋਜ ‘ਤੇ ਲੱਗੇ ਦੇਸ਼ਾਂ ਅਤੇ ਮਸ਼ਹੂਰ ਫਾਰਮਾ ਕੰਪਨੀਆਂ ਦੇ ਸਿਰੜ ਤੋਂ ਲਗਦਾ ਹੈ ਕਿ ਉਹ ਜਲਦੀ ਹੀ ਕਰੋਨਾ ਵਾਇਰਸ ਵਿਰੁੱਧ ਕਾਰਗਰ ਇਲਾਜ ਲਈ ਲੋੜੀਦੇਂ ਵੈਕਸੀਨ ਤਿਆਰ ਕਰ ਹੀ ਲੈਣਗੇ।