ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਫੋਨ ਤੇ ਗੱਲਬਾਤ ਕਰਨ ਤੋਂ ਆਪਣੇ ਤੇਵਰ ਬਹੁਤ ਹਦ ਤੱਕ ਬਦਲ ਲਏ ਹਨ। ਹੁਣ ਤੱਕ ‘ਚੀਨੀ ਵਾਇਰਸ’ ਦੱਸਣ ਵਾਲੇ ਡੋਨਲਡ ਟਰੰਪ ਨੇ ਹੁਣ ਇਸ ਨੂੰ ਕੋਰੋਨਾ ਵਾਇਰਸ ਹੀ ਨਹੀਂ ਕਿਹਾ,ਸਗੋਂ ਇਸ ਮਹਾਂਮਾਰੀ ਨਾਲ ਨਜਿੱਠਣ ਦੇ ਲਈ ਚੀਨ ਵੱਲੋਂ ਕੀਤੇ ਗਏ ਯਤਨਾਂ ਦੀ ਬਹੁਤ ਤਾਰੀਫ਼ ਵੀ ਕੀਤੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਜਿਆਦਾਤਰ ਬੀਜਿੰਗ ਪ੍ਰਸ਼ਾਸਨ ਦੀ ਆਲੋਚਨਾ ਹੀ ਕਰਦੇ ਰਹੇ ਹਨ।
ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਵਾਰਤਾ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਟਵੀਟ ਕਰ ਕੇ ਕਿਹਾ, ‘ਹੁਣੇ-ਹੁਣੇ ਮੇਰੀ ਚੀਨੀ ਰਾਸ਼ਟਰਪਤੀ ਨਾਲ ਬਹੁਤ ਚੰਗੀ ਗੱਲਬਾਤ ਹੋਈ ਹੈ। ਅਸਾਂ ਆਪਸ ਵਿੱਚ ਕੋਰੋਨਾ ਵਾਇਰਸ ਸਬੰਧੀ ਗੱਲ ਕੀਤੀ ਜਿਸ ਨਾਲ ਵਿਸ਼ਵਭਰ ਦੇ ਜਿਆਦਾਤਰ ਦੇਸ਼ ਪ੍ਰਭਾਵਿਤ ਹੋਏ ਹਨ। ਚੀਨ ਨੇ ਇਸ ਵਾਇਰਸ ਬਾਰੇ ਬਹੁਤ ਕੰਮ ਕੀਤਾ ਹੈ ਅਤੇ ਚੰਗੀ ਸਮਝਦਾਰੀ ਵਿਖਾਈ ਹੈ। ਅਸੀਂ ਮਿਲ ਕੇ ਕੰਮ ਕਰ ਰਹੇ ਹਾਂ। ਮੈਂ ਇਸ ਦਾ ਸਨਮਾਨ ਕਰਦਾ ਹਾਂ।’
ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਦਾ ਚੀਨ ਦੇ ਖਿਲਾਫ਼ ਸਦਾ ਹਮਲਾਵਰ ਵਤੀਰਾ ਹੀ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਕਹਿਰ ਤੇ ਜਾਣਕਾਰੀ ਸਾਂਝੀ ਕਰਨ ਦੀ ਬਜਾਏ ਇਸ ਨੂੰ ਛੁਪਾ ਕੇ ਰੱਖਿਆ। ਉਨ੍ਹਾਂ ਨੇ ਕਿਹਾ ਕਿ ਜੇ ਚੀਨ ਨੇ ਇਸ ਖਤਰੇ ਬਾਰੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੁੰਦੀ ਤਾਂ ਅਮਰੀਕਾ ਅਤੇ ਪੂਰੀ ਦੁਨੀਆਂ ਇਸ ਖ਼ਤਰੇ ਨਾਲ ਜੂਝਣ ਲਈ ਚੰਗੇ ਢੰਗ ਨਾਲ ਤਿਆਰ ਹੁੰਦਾ।