ਨਿਊਯਾਰਕ – ਯੂਐਨ ਦੇ ਮੁੱਖ ਸਕੱਤਰ ਐਂਟੋਨੀE ਗੁਟੇਰਿਸ ਨੇ ਯੂਐਨ ਦੀ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਤੋਂ ਦੁਨੀਆਂਭਰ ਵਿੱਚ ਸੱਭ ਨੂੰ ਖ਼ਤਰਾ ਹੈ। ਅਰਥਵਿਵਸਥਾ ਤੇ ਵੀ ਇਸ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ, ਜਿਸ ਨਾਲ ਮੰਦੀ ਆਵੇਗੀ। ਇਸ ਨਾਲ ਅਸਥਿਰਤਾ, ਅਸ਼ਾਂਤੀ ਅਤੇ ਸੰਘਰਸ਼ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੂਸਰੇ ਵਿਸ਼ਵਯੁੱਧ ਦੇ ਬਾਅਦ ਇਹ ਸੱਭ ਤੋਂ ਵੱਡੀ ਚੁਣੌਤੀ ਹੈ।
ਯੂਐਨ ਮੁੱਖੀ ਨੇ ਕਿਹਾ ਕਿ ਕੋਰੋਨਾ ਨਾਲ ਮਜ਼ਬੂਤੀ ਅਤੇ ਅਸਰਦਾਇਕ ਢੰਗ ਨਾਲ ਨਜਿੱਠਣ ਦੀ ਲੋੜ ਹੈ। ਅਜਿਹਾ ਤਦ ਹੀ ਸੰਭਵ ਹੋਵੇਗਾ ਜਦੋਂ, ਸਾਰੇ ਦੇਸ਼ ਰਾਜਨੀਤੀ ਛੱਡ ਕੇ ਇੱਕਠੇ ਹੋਣ ਅਤੇ ਇਹ ਸਮਝਣ ਕਿ ਇਸ ਨਾਲ ਮਨੁੱਖਤਾ ਨੂੰ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ਦੇ ਨੇਤਾਵਾਂ ਦੇ ਸੰਪਰਕ ਵਿੱਚ ਹਨ। ਇਸ ਸਮੇਂ ਸਾਰੀ ਦੁਨੀਆਂ ਇਸ ਬਿਮਾਰੀ ਦੀ ਮਾਰ ਹੇਠ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕ ਸਾਥ ਮਿਲ ਕੇ ਹੀ ਇਸ ਤੋਂ ਬਾਹਰ ਆਉਣਾ ਹੋਵੇਗਾ। ਗੁਟੇਰਿਸ ਅਨੁਸਾਰ ਇਸ ਮਹਾਂਮਾਰੀ ਨੂੰ ਹਰਾਉਣਾ ਹੈ ਅਤੇ ਲੋਕਾਂ ਦੀ ਮੱਦਦ ਕਰਨ ਲਈ ਸਾਨੂੰ ਹੋਰ ਵੀ ਬਹੁਤ ਕੁਝ ਕਰਨਾ ਹੋਵੇਗਾ।
ਉਨ੍ਹਾਂ ਨੇ ਕਿਹਾ ਵਿਕਸਤ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਵਿਕਾਸਸ਼ੀਲ ਦੇਸ਼ਾਂ ਦੀ ਸਹਾਇਤਾ ਕਰਨ। ਜੇ ਅਜਿਹਾ ਨਾ ਹੋਇਆ ਤਾਂ ਕੋਰੋਨਾ ਦੁਨੀਆਂ ਦੇ ਦੱਖਣੀ ਖੇਤਰ ਵਿੱਚ ਅੱਗ ਦੀ ਤਰ੍ਹਾਂ ਫੈਲੇਗਾ ਅਤੇ ਲੱਖਾਂ ਲੋਕਾਂ ਦੀ ਮੌਤ ਹੋਵੇਗੀ। ਇਸ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲਿਆਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਣਾ ਹੋਵੇਗਾ।