ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਕਰੋਨਾ ਵਾਇਰਸ ਦੀ ਮਹਾਮਾਰੀ ਨਾਲ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੇ ਆਖ਼ਰੀ ਸਾਹ ਵੀਰਵਾਰ ਤੜਕੇ ਲਿਆ। ਉਨ੍ਹਾਂ ਨੂੰ ਮੰਗਲਵਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭਰਤੀ ਕੀਤਾ ਗਿਆ ਸੀ। ਭਾਈ ਨਿਰਮਲ ਸਿੰਘ ਦੀ ਕਰੋਨਾ ਰਿਪੋਰਟ ਪਾਜਿ਼ਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਸੋਲੇਸ਼ਨ ਵਾਰਡ ਵਿਖੇ ਸਿ਼ਫ਼ਟ ਕੀਤਾ ਗਿਆ ਸੀ। ਜਿ਼ਕਰਯੋਗ ਹੈ ਕਿ ਉਨ੍ਹਾਂ ਨੂੰ ਅਸਥਮਾ ਦੀ ਸਿ਼ਕਾਇਤ ਸੀ ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਸੀ ਲੇਕਨ ਬਾਅਦ ਵਿਚ ਉਨ੍ਹਾਂ ਦੀ ਕਰੋਨਾ ਵਾਇਰਸ ਰਿਪੋਰਟ ਪਾਜਿ਼ਟਿਵ ਆਈ ਸੀ।
ਇਸਤੋਂ ਉਪਰੰਤ ਉਨ੍ਹਾਂ ਦੇ ਸੰਪਰਕ ਵਿਚ ਆਈ ਉਨ੍ਹਾਂ ਦੀ ਸੁਪਤਨੀ, ਦੋਵੇਂ ਬੇਟੀਆਂ, ਬੇਟੇ, ਡਰਾਈਵਰ, ਦੋ ਸੇਵਾਦਾਰਾਂ ਅਤੇ ਉਨ੍ਹਾਂ ਦੇ ਸਾਥੀ ਦੋ ਸਾਥੀ ਰਾਗੀਆਂ ਸਮੇਤ ਪ੍ਰਵਾਰ ਦੇ ਦੋ ਹੋਰ ਮੈਂਬਰਾਂ ਨੂੰ ਵੀ ਆਈਸੋਲੇਟ ਕੀਤਾ ਗਿਆ ਸੀ। ਉਨ੍ਹਾਂ ਦੇ ਇਕ ਸਾਥੀ ਰਾਗੀ ਦੇ ਪ੍ਰਵਾਰ ਦੇ ਪੰਜ ਮੈਂਬਰਾਂ ਨੂੰ ਵੀ ਕਵਾਰੈਂਟਾਈਨ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਸਤੋਂ ਉਪਰੰਤ ਪ੍ਰਸ਼ਾਸਨ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ।
ਭਾਈ ਨਿਰਮਲ ਸਿੰਘ ਦੀ ਮਿਰਤਕ ਦੇਹ ਨੂੰ ਪਿੰਡ ਵਾਲਿਆਂ ਨੇ ਕਿਸੇ ਸ਼ਮਸ਼ਾਨਘਾਟ ਵਿਖੇ ਸੰਸਕਾਰ ਨਹੀਂ ਕਰਨ ਦਿੱਤਾ ਇਸਤੋਂ ਉਪਰੰਤ ਉਨ੍ਹਾਂ ਦੀ ਦੇਹ ਨੂੰ ਪਿੰਡ ਤੋਂ 12 ਮੀਲ ਦੂਰ ਖੇਤਾਂ ਵਿਚ ਅਗਨ ਭੇਟ ਕੀਤਾ ਗਿਆ। ਇਸ ਸਬੰਧੀ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸੰਸਕਾਰ ਤੋਂ ਉਪਰੰਤ ਉਨ੍ਹਾਂ ਦੀ ਸੁਆਹ ਨਾਲ ਉਹ ਵੀ ਕਰੋਨਾ ਵਾਇਰਸ ਨਾਲ ਬਿਮਾਰ ਹੋ ਸਕਦੇ ਹਨ। ਪ੍ਰਸ਼ਾਸਨ ਉਨ੍ਹਾਂ ਦਾ ਅੰਤਮ ਸੰਸਕਾਰ ਪਹਿਲਾਂ ਵੇਰਕਾ ਵਿਖੇ ਅਤੇ ਇਸਤੋਂ ਬਾਅਦ ਪਿੰਡ ਦੇ ਫਤਿਹਗੜ੍ਹ ਸ਼ੁਕਰਚੱਕ ਵਿਖੇ ਸ਼ਮਸ਼ਾਨਘਾਟ ਵਿਖੇ ਕਰਨ ਦਾ ਪ੍ਰਬੰਧ ਕੀਤਾ ਸੀ। ਇਸਦੀ ਖ਼ਬਰ ਮਿਲਦਿਆਂ ਹੀ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ਲਈ ਹਰੇਕ ਸ਼ਮਸ਼ਾਨਘਾਟ ‘ਤੇ ਲਾਕਡਾਊਨ ਦੀ ਪ੍ਰਵਾਹ ਕੀਤੇ ਬਿਨਾਂ 200 ਦੇ ਕਰੀਬ ਬੈਠੇ ਹੋਏ ਸਨ।
ਭਾਈ ਨਿਰਮਲ ਸਿੰਘ ਜੀ ਜਲੰਧਰ ਜਿ਼ਲ੍ਹੇ ਦੇ ਪਿੰਡ ਲੋਹੀਆਂ ਤੋਂ ਸਨ। 1979 ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਬਣਨ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਅੰਮ੍ਰਿਤਸਰ ਵਿਖੇ ਹੋ ਗਈ ਸੀ। ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ 2009 ਵਿਚ ਪਦਮ ਸ੍ਰੀ ਨਾਲ ਸਨਮਾਨਿਤ ਗਿਆ ਸੀ।