ਅੱਜ ਮੁਖਤਿਆਰ ਗਿਆਨ ਕੌਰ ਨੂੰ ਆਪਣੇ ਸਕੂਟਰ ਦੇ ਮਗਰ ਬੈਠਾਈ ਦਿਲਪ੍ਰੀਤ ਦੇ ਪਿੰਡ ਵੱਲ ਨੂੰ ਜਾ ਰਿਹਾ ਸੀ। ਉਸ ਦੇ ਮਨ ਵਿਚ ਤਰ੍ਹਾਂ ਤਰਾਂ ਦੇ ਵਿਚਾਰ ਆ ਰਹੇ ਸਨ ਕਿ ਪਤਾ ਨਹੀ ਗੱਲ ਸਿਰੇ ਚੜੇਗੀ ਜਾ ਖਤਮ ਹੋ ਜਾਵੇਗੀ। ਵੈਸੇ ਤਾਈ ਗਿਆਨ ਕੌਰ ਨਾਲ ਗੱਲਾਂ ਕਰਕੇ ਉਸ ਦੇ ਮਨ ਵਿਚ ਇਹ ਹੀ ਵਿਚਾਰ ਬਣਿਆ ਸੀ ਕਿ ਦਿਲਪ੍ਰੀਤ ਅਤੇ ਦੀਪੀ ਦਾ ਵਿਆਹ ਕਰ ਦਿੱਤਾ ਜਾਵੇ। ਅੱਜ ਤਾਂ ਉਸ ਦਾ ਦਿਲ ਕਰਦਾ ਸੀ ਕਿ ਵਿਆਹ ਦੀ ਤਾਰੀਕ ਰੱਖ ਹੋ ਜਾਵੇ ਤਾਂ ਹੀ ਠੀਕ ਹੈ, ਪਰ ਉਹ ਚੁੱਪ-ਚਾਪ ਸਕੂਟਰ ਚਲਾਉਂਦਾ ਜਾ ਰਿਹਾ ਸੀ। ਗਿਆਨ ਕੌਰ ਨੇ ਆਪ ਹੀ ਗੱਲ ਛੇੜੀ, “ਮੁਖਤਿਆਰ, ਮੈਂ ਤਾਂ ਕਹਿੰਦੀ ਆਂ ਜੇ ਉਹ ਜਿਹੜੀ ਵੀ ਵਿਆਹ ਦੀ ਤਾਰੀਕ ਦੇਣ ਤਾਂ ਸਾਨੂੰ ਲੈ ਲੈਣੀ ਚਾਹੀਦੀ ਆ।”
“ਤਾਈ, ਮਨ ਤਾਂ ਮੇਰਾ ਵੀ ਇਹ ਹੀ ਕਹਿੰਦਾ ਆ।”
“ਜਦੋਂ, ਮਨ ਦੇ ਧੁਰ ਅੰਦਰੋਂ ਅਵਾਜ਼ ਆਵੇ ਤਾਂ ਉਸ ਨੂੰ ਅਣਗੋਲਿਆ ਨਹੀਂ ਕਰਨਾ ਚਾਹੀਦਾ।” ਗਿਆਨ ਕੌਰ ਨੇ ਕਿਹਾ, “ਬਾਕੀ ਗਲ ਸੰਜੋਗਾਂ ਦੀ ਆ।” “ਹੁਣ ਭਾਪਾ ਜੀ ਨੇ ਵੀ ਜੇਲ ਤੋਂ ਆ ਜਾਣਾ ਹੈ।” ਮੁਖਤਿਆਰ ਨੇ ਦੱਸਿਆ, “ਪਿਛਲੀ ਵਾਰੀ ਜਦੋਂ ਮਿਲਣ ਗਿਆ ਸੀ ਤਾਂ ਉਹਨਾ ਦੀ ਸਿਹਤ ਬਹੁਤੀ ਚੰਗੀ ਨਹੀ ਸੀ, ਪਰ ਮੈਂ ਘਰ ਕਿਸੇ ਨੂੰ ਦੱਸਿਆ ਨਹੀਂ, ਨਹੀਂ ਤਾਂ ਬੀਬੀ ਨੇ ਐਵੇਂ ਫਿਕਰ ਕਰਨ ਲਗ ਪੈਣਾ ਸੀ।”
“ਜੇ ਸਿਹਤ ਚੰਗੀ ਨਹੀਂ ਸੀ ਤਾਂ, ਤੂੰ ਇੰਦਰ ਸਿੰਘ ਨੂੰ ਲੈ ਕੇ ਕਿਉਂ ਨਹੀਂ ਆਇਆ।”
“ਮੈ ਤਾਂ ਬਥੇਰਾ ਕਿਹਾ ਕਿ ਘਰ ਨੂੰ ਚਲੋ, ਪਰ ਉਹ ਮੰਨੇ ਹੀ ਨਹੀਂ।”
“ਜੇਲ ਵਿਚ ਤਾਂ ਉਸ ਨੇ ਹੋਰ ਵੀ ਢਿੱਲਾ ਹੋ ਜਾਣਾਂ ਏ।”
“ਮੈ ਉਹਨਾਂ ਨੂੰ ਕਹਿ ਕੇ ਆਇਆ ਸੀ ਕਿ ਜੇ ਤੁਹਾਡੀ ਸਿਹਤ ਨੂੰ ਫ਼ਰਕ ਨਹੀਂ ਪਿਆ ਤਾਂ ਅਗਲੀ ਵਾਰ ਜਦੋਂ ਮੈਂ ਆਇਆ ਤਾਂ ਤਹਾਨੂੰ ਲੈ ਕੇ ਮੁੜਾਂਗਾ।”
“ਕਾਕਾ, ਘਰ ਜਾਣ ਤੋਂ ਪਹਿਲਾਂ ਆਪਾਂ ਹਵੇਲੀ ਵਿਚ ਦੀ ਨਾ ਲੰਘ ਜਾਈਏ।” ਗਿਆਨ ਕੌਰ ਨੇ ਸਲਾਹ ਦਿੱਤੀ, “ਬਹੁਤੀ ਵਾਰੀ ਹਰਜਿੰਦਰ ਸਿੰਹੁ ਤੇ ਤੋਸ਼ੀ ਹਵੇਲੀ ਹੀ ਹੁੰਦੇ ਆ।”
“ਚਲੋ, ਹਵੇਲੀ ਵੱਲ ਦੀ ਚਲੇ ਜਾਂਦੇ ਹਾਂ।”
ਹਵੇਲੀ ਦਾ ਅੱਧਾ ਗੇਟ ਖੁੱਲ੍ਹਾ ਹੋਇਆ ਸੀ ਅਤੇ ਇਕ ਮਜ੍ਹਬਨ ਜ਼ਨਾਨੀ ਹਵੇਲੀ ਦੇ ਵਿਹੜੇ ਵਿਚ ਝਾੜੂ ਲਾ ਰਹੀ ਸੀ। ਉਹਨਾ ਨੂੰ ਦੇਖ ਕੇ ਜ਼ਨਾਨੀ ਨੇ ਝਾੜੂ ਲਾਉਣਾ ਬੰਦ ਕਰ ਦਿੱਤਾ ਅਤੇ ਸਤਿ ਸ੍ਰੀ ਅਕਾਲ ਬਲਾਉਂਦੀ ਹੋਈ ਖੜੀ ਹੋ ਗਈ।
“ਤੌਸ਼ੀ ਜਾਂ ਹਰਜਿੰਦਰ ਸਿੰਹੁ ਹੈਗਾ ਕੋਈ ਇੱਥੇ।” ਗਿਆਨ ਕੌਰ ਨੇ ਪੁੱਛਿਆ।
“ਸਰਦਾਰ ਜੀ, ਪਹਿਲਾਂ ਤਾਂ ਇੱਥੇ ਹੀ ਸੀ, ਹੁਣੇ ਘਰ ਵੱਲ ਨੂੰ ਗਏ ਆ।”
“ਚੱਲ ਮੁਖਤਿਆਰ ਘਰ ਨੂੰ ਚੱਲਦੇ ਹਾਂ।” ਗਿਆਨ ਕੌਰ ਨੇ ਕਿਹਾ, ” ਸਕਟੂਰ ਭਾਵੇਂ ਇੱਥੇ ਖੜਾ ਕਰ ਦੇ, ਤੁਰ ਕੇ ਚਲੇ ਜਾਂਦੇ ਹਾਂ।”
ਘਰ ਦੇ ਦਰਵਾਜ਼ੇ ਤੇ ਲਗੀ ਘੰਟੀ ਵਜਦੀ ਸੁਣੀ ਤਾਂ ਹਰਜਿੰਦਰ ਸਿੰਘ ਨੇ ਭੀੜਿਆ ਹੋਇਆ ਦਰਵਾਜ਼ਾ ਖੋਲਿਆ ਤਾਂ ਮੁਖਤਿਆਰ ਅਤੇ ਗਿਆਨ ਕੌਰ ਨੂੰ ਦੇਖ ਕੇ ਹੈਰਾਨ ਰਹਿ ਗਿਆ।
“ਸਤਿ ਸ੍ਰੀ ਅਕਾਲ।” ਮੁਖਤਿਆਰ ਨੇ ਹੱਥ ਮਿਲਾਉਂਦੇ ਕਿਹਾ, “ਤੁਸੀ ਸੋਚਦੇ ਹੋਣੇ ਓ ਕਿ ਚੁੱਪ-ਚਾਪ ਹੀ ਆ ਗਏ, ਦੱਸਿਆ ਹੀ ਨਹੀਂ।”
“ਇਹ ਤੁਹਾਡਾ ਆਪਣਾ ਘਰ ਆ, ਜਦੋਂ ਮਰਜ਼ੀ ਆਉ।” ਹਰਜਿੰਦਰ ਸਿੰਘ ਨੇ ਗਿਆਨ ਕੌਰ ਦੇ ਗੋਡਿਆਂ ਨੂੰ ਹੱਥ ਲਾਉਂਦੇ ਕਿਹਾ, “ਜੀ ਆਇਆਂ ਨੂੰ।”
ਹਰਜਿੰਦਰ ਸਿੰਘ ਉਹਨਾ ਨੂੰ ਲੈ ਕੇ ਬੈਠਕ ਵੱਲ ਨੂੰ ਤੁਰ ਪਿਆ ਅਤੇ ਨਾਲ ਹੀ ਉਸ ਨੇ ਨਸੀਬ ਕੌਰ ਨੂੰ ਅਵਾਜ਼ ਮਾਰੀ, “ਨਸੀਬ ਕੌਰ ਕਿੱਥੇ ਆਂ ਤੁਸੀਂ, ਪਰਾਹੁਣੇ ਆਏ ਨੇ।”
ਹਰਜਿੰਦਰ ਸਿੰਘ ਦੀ ਗੱਲ ਸੁਣ ਕੇ ਮਿੰਦੀ ਅਤੇ ਨਸੀਬ ਇਕ ਦਮ ਰਸੋਈ ਵਿਚੋਂ ਬਾਹਰ ਆਈਆਂ ਅਤੇ ਹੈਰਾਨੀ ਨਾਲ ਪਰਾਹੁਣਿਆ ਨੂੰ ਦੇਖਣ ਲੱਗੀਆਂ। ਉਹਨਾ ਨੂੰ ਦੇਖ ਕੇ ਮਿੰਦੀ ਨੂੰ ਥੌੜੀ ਚਿੰਤਾ ਵੀ ਹੋਈ ਕਿ ਸਭ ਕੁਝ ਠੀਕ-ਠਾਕ ਹੋਵੇ। ਉਹਨਾ ਨੂੰ ਮਿਲਣ ਤੋਂ ਬਾਅਦ ਨਸੀਬ ਕੌਰ ਤਾਂ ਉਹਨਾ ਕੋਲ ਬੈਠਕ ਵਿਚ ਹੀ ਬੈਠ ਗਈ ਅਤੇ ਮੰਦੀ ਰਸੋਈ ਵਿਚ ਚਾਹ-ਪਾਣੀ ਦੇ ਆਹਰ ਜਾ ਲੱਗੀ। ਬੇਬੇ ਜੀ ਆਪਣੇ ਕਮਰੇ ਵਿਚੋਂ ਹੀ ਅਵਾਜ਼ਾਂ ਮਾਰ ਰਹੇ ਸਨ, “ਕੁੜੇ, ਕੌਣ ਆਇਆ ਆ, ਮੈਨੂੰ ਵੀ ਕੁਝ ਦੱਸੋ।”
“ਨਸੀਬ ਕੌਰੇ, ਬੇਬੇ ਜੀ ਨੂੰ ਇੱਥੇ ਹੀ ਲੈ ਆ।” ਹਰਜਿੰਦਰ ਸਿੰਘ ਨੇ ਕਿਹਾ, “ਨਹੀਂ ਤਾਂ ਉਹਨੀ ਪੁੱਛੀ ਜਾਣਾ ਕੌਣ ਆਇਆ ਆ, ਕਿੱਥੋਂ ਆਇਆ।”
“ਕੋਈ ਨਹੀ ਅਸੀਂ ਜਾ ਕੇ ਮਿਲ ਲੈਂਦੇ ਹਾਂ।” ਮੁਖਤਿਆਰ ਆਪਣੀ ਕੁਰਸੀ ਤੋਂ ਉਠਦਾ ਬੋਲਿਆ, “ਆ ਜਾਉ ਤਾਈ, ਆਪਾਂ ਜਾ ਕੇ ਮਿਲ੍ਹ ਆਈਏ।”
“ਬੇਬੇ ਜੀ, ਭੂਆ ਗਿਆਨ ਕੌਰ ਅਤੇ ਭਾਅ ਜੀ ਮੁਖਤਿਆਰ ਆਏ ਨੇਂ।” ਨਸੀਬ ਕੌਰ ਨੇ ਦੱਸਿਆ।
“ਕੁੜੇ ਗਿਆਨ ਕੌਰੇ, ਤੈਨੂੰ ਕਿਵੇਂ ਇਸ ਘਰ ਦਾ ਬੂਹਾ ਲੱਭਿਆ?” ਬੇਬੇ ਜੀ ਮੰਜੇ ਤੋਂ ਉਠਦੇ ਬੋਲੇ, “ਮੈਂ ਤਾਂ ਸੋਚਦੀ ਸਾਂ ਕਿ ਤੂੰ ਸਾਡਾ ਚੇਤਾ ਹੀ ਭੁਲਾ ਦਿੱਤਾ।”
“ਕੋਈ ਨਹੀਂ, ਪਏ ਰਹੋ।” ਮੁਖਤਿਆਰ ਬੇਬੇ ਜੀ ਦੇ ਪੈਰਾਂ ਵੱਲ ਝੁੱਕਦਾ ਬੋਲਿਆ, “ਅਸੀ ਘਰ ਦੇ ਹੀ ਬੰਦੇ ਹਾਂ।”
“ਭੈਣ ਜੀ, ਤੁਹਾਡਾ ਕੀ ਹਾਲ-ਚਾਲ ਆ” ਗਿਆਨ ਕੌਰ ਨੇ ਉਸ ਨੂੰ ਜੱਫੀ ਪਾਉਂਦੇ ਕਿਹਾ, “ਹੁਣ ਤਾਂ ਨਹੀ ਗੋਡੇ ਬਹੁਤੇ ਦੁੱਖਦੇ?”
ਥੌੜੀ ਦੇਰ ਸਾਰੇ ਬੇਬੇ ਜੀ ਕੋਲ ਬੈਠੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ। ਜਦੋਂ ਚਾਹ ਬਣ ਗਈ ਤਾਂ ਮਿੰਦੀ ਨੇ ਨਸੀਬ ਕੌਰ ਨੂੰ ਅਵਾਜ਼ ਮਾਰੀ, “ਭੈਣ ਜੀ, ਭੂਆ ਹੋਰਾਂ ਨੂੰ ਬੈਠਕ ਵਿਚ ਹੀ ਲੈ ਆਉ, ਚਾਹ ਪੀ ਲੈਣ।”
ਚਾਹ ਪੀਣ ਤੋਂ ਬਾਅਦ ਗਿਆਨ ਕੌਰ ਨੇ ਗੱਲ ਸ਼ੁਰੂ ਕੀਤੀ, “ਤੋਸ਼ੀ ਨਹੀ ਦਿੱਸਦਾ, ਕਿਧਰੇ ਗਿਆ ਆ।”
“ਖੇਤਾਂ ਵੱਲ ਹੀ ਗਿਆ ਹੈ।” ਹਰਜਿੰਦਰ ਸਿੰਘ ਨੇ ਦੱਸਿਆ, ” ਜੇ ਕਹਿੰਦੇ ਹੋ ਤਾਂ ਬੁਲਾ ਲੈਂਨੇ ਆਂ।”
“ਭਾਅ ਜੀ ਉਹ ਆਉਣ ਵਾਲੇ ਹੀ ਆ।” ਮਿੰਦੀ ਨੇ ਦੱਸਿਆ, “ਕਹਿ ਕੇ ਗਏ ਸਨ ਕਿ ਘੰਟੇ ਤਕ ਮੁੜ ਕੇ ਆਉਂਦਾ ਆਂ, ਕਾਕਾ ਵੀ ਨਾਲ ਹੀ ਗਿਆ ਹੈ।”
“ਹੁਣ ਤਾਂ ਤੁਰਨ ਲੱਗ ਪਿਆ ਹੋਣਾ ਏ ਕਾਕਾ।” ਗਿਆਨ ਕੌਰ ਨੇ ਪੁੱੱਛਿਆ।
“ਲੈ, ਹੁਣ ਤਾਂ ਸੁੱਖ ਨਾਲ ਨੱਠਾ ਭੱਜਾ ਫਿਰਦਾ ਆ।” ਨਸੀਬ ਕੌਰ ਨੇ ਕਿਹਾ।
ਉਹ ਗੱਲਾਂ ਹੀ ਕਰਦੇ ਸਨ ਕਿ ਤੋਸ਼ੀ ਆਪਣਾ ਸਾਈਕਲ ਦਰਵਾਜ਼ੇ ਵਿਚ ਲੰਘਾਉਂਦਾ ਨਜ਼ਰ ਆਇਆ ਤੇ ਕਾਕਾ ਸਾਈਕਲ ਦੇ ਡੰਡੇ ਤੇ ਬੈਠਾ ਮੁਸਕ੍ਰਾ ਰਿਹਾ ਸੀ। ਰਸਮੀ ਸਤ ਸਲਾਮ ਤੋ ਬਾਅਦ ਤੋਸ਼ੀ ਵੀ ਉਹਨਾ ਕੋਲ ਬੈਠ ਗਿਆ ਅਤੇ ਕਾਕਾ ਹਰਜਿੰਦਰ ਸਿੰਘ ਦੀ ਬੁਕਲ ਵਿਚ ਵੜ ਗਿਆ। ਗਿਆਨ ਕੌਰ ਨੇ ਫਿਰ ਦੁਬਾਰਾ ਗੱਲ ਸ਼ੁਰੂ ਕੀਤੀ, “ਹਰਜਿੰਦਰ ਸਿੰਹਾਂ, ਸਾਨੂੰ ਪਤਾ ਲੱਗਾ ਹੈ ਕਿ ਦਿਲਪ੍ਰੀਤ ਮੁੰਡਿਆਂ ਨਾਲ ਰਲ੍ਹ ਗਿਆ ਆ, ਕੀ ਇਹ ਗੱਲ ਠੀਕ ਆ?”
“ਭੂਆ ਜੀ, ਉਹ ਆਪ ਤਾਂ ਸਾਨੂੰ ਇਹਦੇ ਬਾਰੇ ਕੁਝ ਵੀ ਨਹੀਂ ਦੱਸਦਾ।” ਹਰਜਿੰਦਰ ਸਿੰਘ ਨੇ ਸਾਫ ਗੱਲ ਕਰਦਿਆਂ ਕਿਹਾ, “ਪਰ, ਸ਼ੱਕ ਸਾਨੂੰ ਵੀ ਇਹ ਹੀ ਆ।”
“ਫਿਰ ਤੁਹਾਡੀ ਹੁਣ ਕੀ ਸਲਾਹ ਆ?” ਗਿਆਨ ਕੌਰ ਨੇ ਪੁੱਛਿਆ।
“ਭੂਆ ਜੀ, ਜੋ ਤੁਹਾਡੀ ਸਲਾਹ ਹੈ, ਉਹ ਹੀ ਸਾਡੀ ਹੋਵੇਗੀ।” ਹਰਜਿੰਦਰ ਸਿੰਘ ਨੇ ਕਿਹਾ, “ਅਸੀ ਕਿਤੇ ਤੁਹਾਥੋਂ ਬਾਹਰੇ ਆਂ।”
“ਦਿਲਪ੍ਰੀਤ ਘਰ ਕਦੋਂ ਆਉਂਦਾ ਆ”? ਮੁਖਤਿਆਰ ਨੇ ਪੁੱਛਿਆ। “ਵੀਰ, ਉਹਦਾ ਕੋਈ ਪੱਕਾ ਟਾਈਮ ਤਾਂ ਹੈ ਨਹੀ।” ਐਤਕੀ ਨਸੀਬ ਕੌਰ ਨੇ ਜ਼ਵਾਬ ਦਿੱਤਾ, “ਜਦੋਂ ਕਿਤੇ ਕੰਮ ਤੇ ਛੁੱਟੀ ਹੋਵੇ ਤਾਂ ਆ ਹੀ ਜਾਂਦਾ ਆ।”
“ਵਿਆਹ ਬਾਰੇ ਉਹਦਾ ਕੀ ਖਿਆਲ ਆ?” ਮੁਖਤਿਆਰ ਨੇ ਕਿਹਾ।
“ਪਿਛਲੀ ਵਾਰੀ ਜਦੋਂ ਆਇਆ ਸੀ ਤਾਂ ਅਸੀਂ ਪੁੱਛਿਆ ਸੀ।” ਹਰਜਿੰਦਰ ਸਿੰਘ ਨੇ ਦੱਸਿਆ, “ੳਦੋਂ ਤਾਂ ਕਹਿੰਦਾ ਸੀ ਜਰਾ ਠਹਿਰ ਜਾਉ।”
“ਮੁਖਤਿਆਰ, ਕਾਕਾ ਤੂੰ ਗੱਲ ਲੰੰਮੀ ਨਾਂ ਪਾ।” ਗਿਆਨ ਕੌਰ ਵਿਚ ਹੀ ਬੋਲੀ, “ਤੈਂਨੂੰ ਸਾਰੀ ਗੱਲ ਦਾ ਪਤਾ ਤਾਂ ਲੱਗ ਹੀ ਗਿਆ ਹੈ, ਤੂੰ ਆਪਣਾ ਮਨ ਬਣਾ ਕੇ ਦੱਸ ਕਿ ਤੂੰ ਕੀ ਕਰਨਾ ਚਾਹੁੰਦਾ ਆਂ।”
“ਧੀ ਦਾ ਬਾਪ ਆਂ, ਡਰਦਾ ਹਾਂ ਕਿ ਮੇਰੀ ਧੀ…।”
“ਤੁਹਾਡੀ ਧੀ ਸਾਡੀ ਧੀ ਹੈ।” ਹਰਜਿੰਦਰ ਸਿੰਘ ਨੇ ਕਿਹਾ, “ਜਿਵੇਂ ਤੁਸੀਂ ਫਿਕਰ ਕਰਦੇ ਹੋ ਉਸ ਤਰ੍ਹਾਂ ਸਾਨੂੰ ਵੀ ਚਿੰਤਾ ਹੈ।”
“ਮੇਰਾ ਵਿਚ ਬੋਲਣ ਦਾ ਕੋਈ ਹੱਕ ਤਾਂ ਨਹੀ ਬਣਦਾ।” ਤੋਸ਼ੀ ਨੇ ਕਿਹਾ, “ਮੇਰਾ ਤਾਂ ਖਿਆਲ ਹੈ ਕਿ ਤਹਾਨੂੰ ਸਾਰਿਆਂ ਨੂੰ ਅਚਿੰਤ ਰਹਿਣਾ ਚਾਹੀਦਾ ਹੈ, ਦਿਲਪ੍ਰੀਤ ਕਦੀ ਵੀ ਕੋਈ ਐਸੀ ਗੱਲ ਨਹੀਂ ਕਰੇਗਾ, ਜਿਸ ਵਿਚ ਤੁਹਾਡੀ ਕਿਸੇ ਦੀ ਵੀ ਹੇਠੀ ਹੋਵੇਗੀ। ਉਹ ਸੱਚ ਦਾ ਪੁਜਾਰੀ ਹੈ, ਜਿਸ ਰਸਤੇ ਤੇ ਵੀ ਉਹ ਚੱਲੇਗਾ, ਉਹ ਸੱਚ ਵੱਲ ਹੀ ਜਾਂਦਾ ਹੋਵੇਗਾ ਇਹ ਮੇਰਾ ਸ਼ੱਕ ਨਹੀ ਸਗੋ ਯਕੀਨ ਹੈ।”
“ਜੇ ਤਹਾਨੂੰ ਆਪਣੇ ਮੁੰਡੇ ਤੇ ਐਨਾ ਯਕੀਨ ਹੈ ਤਾਂ ਸਾਨੂੰ ਵਿਆਹ ਦੀ ਤਾਰੀਖ ਦੱਸ ਦੇਵੋ।” ਮੁਖਤਿਆਰ ਨੇ ਸਿੱਧਾ ਹੀ ਪੁੱਛ ਲਿਆ, “ਆਉਣ ਵਾਲੇ ਦੋ ਮਹੀਨਿਆ ਵਿਚੋ ਕੋਈ ਵੀ ਤਾਰੀਖ ਰੱਖ ਦਿਉ।”
ਗਿਆਨ ਕੌਰ ਨੇ ਮੁਖਤਿਆਰ ਦੇ ਮੂੰਹ ਵੱਲ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਮੁਖਤਿਆਰ ਸੁੱਚ-ਮੁਚ ਹੀ ਅੰਚਿਤ ਦਿਸਿਆ। ਜਿਵੇ ਪ੍ਰਮਾਤਮਾ ਨੇ ਉਸ ਵਿਚ ਕੋਈ ਨਵੀ ਰੂਹ ਫੂਕ ਦਿੱਤੀ ਹੋਵੇ। ਉਸ ਨੂੰ ਸਮਝ ਨਹੀ ਆ ਰਹੀ ਸੀ ਕਿ ਮੁਖਤਿਆਰ ਨੇ ਇਹ ਗੱਲ ਕਿਵੇਂ ਕਹਿ ਦਿੱਤੀ।
ਨਸੀਬ ਕੌਰ ਨੇ ਕਿਹਾ, “ਤਾਰੀਕ ਤਾਂ ਰੱਖ ਲੈਂਦੇ ਆਂ, ਪਰ ਫਿਰ ਵੀ ਦਿਲਪ੍ਰੀਤ ਨਾਲ ਗੱਲ ਤਾਂ ਕਰਨੀ ਹੀ ਪੈਣੀ ਆਂ।”
“ਭਾਬੀ ਜੀ, ਤੁਸੀਂ ਇਸ ਗੱਲ ਦਾ ਫਿਕਰ ਨਾਂ ਕਰੋ।” ਤੋਸ਼ੀ ਨੇ ਕਿਹਾ, “ਤੁਸੀਂ ਤਾਰੀਖ ਬੰਨ ਲਉ, ਦਿਲਪ੍ਰੀਤ ਨਾਲ ਮੈਂ ਆਪੇ ਹੀ ਗੱਲ ਕਰ ਲਵਾਂਗਾ।”
ਸਾਰਿਆਂ ਨੇ ਸਲਾਹ ਕਰਕੇ ਜੂਨ ਮਹੀਨੇ ਦਾ ਵਿਆਹ ਰੱਖ
ਲਿਆ। ੳਦੋਂ ਕਣਕਾਂ ਸਾਂਭ ਕੇ ਜਿੰਮੀਦਾਰ ਵਿਹਲੇ ਵੀ ਹੁੰਦੇ ਨੇ ਅਤੇ ਘਰ ਵਿਚ ਫਸਲ ਦਾ ਪੈਸਾ ਵੀ ਆਇਆ ਹੁੰਦਾ ਹੈ। ਵਿਆਹ ਦੀਆਂ ਹੋਰ ਵੀ ਕਈ ਸਲਾਹਾਂ ਕਰਕੇ ਗਿਆਨ ਕੌਰ ਅਤੇ ਮੁਖਤਿਆਰ ਸਿੰਘ ਰੋਟੀ ਖਾ ਕੇ ਸ਼ਾਮ ਨੂੰ ਆਪਣੇ ਪਿੰਡ ਵੱਲ ਮੁੜ ਗਏ।
ਹੱਕ ਲਈ ਲੜਿਆ ਸੱਚ – (48)
This entry was posted in ਹੱਕ ਲਈ ਲੜਿਆ ਸੱਚ.