ਚੰਡੀਗੜ੍ਹ – ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ਭਰ ਵਿੱਚ ਲਾਕਡਾਊਨ ਹੋਣ ਕਰਕੇ ਆਵਾਜਾਈ ਦੇ ਸਾਰੇ ਸਾਧਨ ਬੰਦ ਹੋਣ ਕਰਕੇ ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਿੱਖ ਸ਼ਰਧਾਲੂਆਂ ਦਾ ਵਾਪਿਸ ਆਉਣਾ ਬਹੁਤ ਹੀ ਕਠਿਨ ਸੀ। ਪੰਜਾਬ ਸਰਕਾਰ ਦੁਆਰਾ ਉਠਾਏ ਗਏ ਯੋਗ ਕਦਮਾਂ ਕਾਰਣ ਹੀ ਇਹ ਸੰਭਵ ਹੋ ਰਿਹਾ ਹੈ ਕਿ ਉਥੇ ਫਸੇ ਹੋਏ ਲੋਕ ਆਪਣੇ ਘਰਾਂ ਨੂੰ ਵਾਪਿਸ ਪਰਤ ਸਕਣਗੇ।
ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਆਖਿਰਕਾਰ ਕੇਂਦਰ ਵੱਲੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਲੰਬੇ ਸਮੇਂ ਤੋਂ ਫਸੇ ਸ਼ਰਧਾਲੂਆਂ ਨੂੰ ਪੰਜਾਬ ਭੇਜੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਮੈਂ ਸਬੰਧਿਤ ਅਧਿਕਾਰੀਆਂ ਨੂੰ ਇਸ ਸਬੰਧੀ ਸਾਰੀਆਂ ਹਦਾਇਤਾਂ ਦੇ ਦਿੱਤੀਆਂ ਹਨ ਤੇ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਹੁਣੇ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਜੀ ਦਾ ਫ਼ੋਨ ਆਇਆ ਤੇ ਉਨ੍ਹਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਿਸ ਪੰਜਾਬ ਭੇਜੇ ਜਾਣ ਦੀ ਜੋ ਸਾਡੀ ਅਪੀਲ ਸੀ ਉਸਨੂੰ ਮੰਨ ਲਿਆ ਗਿਆ ਹੈ। ਮੈਂ ਆਪਣੇ ਚੀਫ਼ ਸਕੱਤਰ ਨੂੰ ਇਸ ਸਭ ਲਈ ਟਰਾਂਸਪੋਰਟੇਸ਼ਨ ਦਾ ਇੰਤਜ਼ਾਮ ਕਰਨ ਲਈ ਕਿਹਾ ਹੈ ਤੇ ਸੂਬਾ ਸਰਕਾਰ ਇਸ ਸਭ ਦਾ ਖਰਚਾ ਖੁਦ ਚੁੱਕੇਗੀ। ਮੈਂ ਸਾਰਿਆਂ ਦਾ ਮਦਦ ਲਈ ਧੰਨਵਾਦ ਕਰਦਾ ਹਾਂ।