ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੰਨਾ ਥਾਣੇ ਵਿਚ ੧੦ ਮਹੀਨੇ ਪਹਿਲਾਂ ਥਾਣਾ ਮੁਖੀ ਵੱਲੋਂ ਜ਼ਮੀਨ ਦੇ ਇਕ ਮਾਮੂਲੀ ਝਗੜੇ ਵਿਚ ਖੇਤਾਂ ਵਿਚ ਕੰਮ ਕਰਦੇ ਕਿਸਾਨ ਤੇ ਅੰਮ੍ਰਿਤਧਾਰੀ ਗੁਰਸਿਖ ਸਾਬਕਾ ਸਰਪੰਚ ਜਗਪਾਲ ਸਿੰਘ ਜੋਗੀ ਵਾਸੀ ਪਿੰਡ ਦਹੇੜੂ ਅਤੇ ਉਸ ਦੇ ਨਾਬਾਲਗ ਪੁੱਤਰ ਸਮੇਤ ਨੌਕਰ ਨੂੰ ਝੂਠੇ ਕੇਸ ਵਿਚ ਫਸਾ ਕੇ ਅਣਮਨੁੱਖੀ ਤਸ਼ੱਦਦ ਕਰਨ ਤੋਂ ਇਲਾਵਾ ਉਨ੍ਹਾਂ ਦੇ ਕੇਸਾਂ ਕਕਾਰਾਂ ਦੀ ਬੇਅਦਬੀ ਕਰਨ ਅਤੇ ਤਿੰਨਾਂ ਨੂੰ ਹੀ ਨਗਨ ਕਰਦਿਆਂ ਦੀ ਜ਼ਲਾਲਤ ਪੂਰਨ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਗੰਭੀਰ ਮਾਮਲੇ ‘ਚ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਤੁਰੰਤ ਦਖ਼ਲ ਦੇਣ ਲਈ ਕਿਹਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਮੁਖ ਮੰਤਰੀ ਨੂੰ ਕਿਹਾ ਕਿ ਥਾਣੇ ‘ਚ ਵਾਪਰਿਆ ਵਰਤਾਰਾ ਅਤਿ ਨਿੰਦਣਯੋਗ ਹੈ। ਕੇਸ ਦੀ ਉਚ ਪੱਧਰੀ ਨਿਰਪੱਖ ਪੜਤਾਲ ਕਰਾਉਂਦਿਆਂ ਦੋਸ਼ੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਨੂੰ ਅੰਜਾਮ ਦੇਣ ਤਾਂ ਕਿ ਭਵਿਖ ਦੌਰਾਨ ਕੋਈ ਵੀ ਅਧਿਕਾਰੀ ਮਾਨਵੀ ਕਦਰਾਂ ਕੀਮਤਾਂ ਨੂੰ ਸਿੱਕੇ ਢੰਗਣ ਦੀ ਜੁੱਰਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਉਕਤ ਕਾਰੇ ਬਾਬਤ ਵਾਇਰਲ ਵੀਡੀਓ ਬਾਰੇ ਸਹੀ ਹੋਣ ਦੀ ਲੁਧਿਆਣਾ ਰੇਂਜ ਦੇ ਆਈ. ਜੀ. ਜਸਕਰਨ ਸਿੰਘ ਵੱਲੋਂ ਕੀਤੀ ਗਈ ਤਸਦੀਕ ਅਤੇ ਕੇਸ ਦੇ ਸਾਹਮਣੇ ਆਉਣ ਦੇ ਦੋ ਹਫ਼ਤੇ ਬਾਅਦ ਵੀ ਸੰਬੰਧਿਤ ਨਾਮਜ਼ਦ ਦੋਸ਼ੀ ਥਾਣਾ ਮੁਖੀ ਬਲਜਿੰਦਰ ਸਿੰਘ ਦਾ ਕੇਵਲ ਤਬਾਦਲਾ ਕਰਨਾ ਮਾਮਲੇ ਦੀ ਸੰਜੀਦਗੀ ਮੁਤਾਬਿਕ ਨਿਆਇਕ ਨਹੀਂ ਕਿਹਾ ਜਾ ਸਕਦਾ। ਦੋਸ਼ੀ ਗਵਾਹਾਂ ਅਤੇ ਤੱਥਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਕਿਸੇ ਵੀ ਸਿਆਸੀ ਦਬਾਅ ਅਧੀਨ ਦਬਾਉਣ ਦੀ ਥਾਂ ਨਿਆਂ ਲਈ ਕਾਨੂੰਨ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਥਾਣੇ ਅੰਦਰ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੇ ਨੰਗੇ ਨਾਚ ਲਈ ਦੋਸ਼ੀਆਂ ‘ਤੇ ਪਰਚਾ ਦਰਜ ਕਰਦਿਆਂ ਤੁਰੰਤ ਬਰਖ਼ਾਸਤ ਕਰਨੇ ਚਾਹੀਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਥਾਣਾ ਮੁਖੀ ਨੇ ਵਧੀਕੀ ਕਰਦਿਆਂ ਆਪਣੇ ਰੁਤਬੇ – ਪਦਵੀ ਦੀ ਗਲਤ ਵਰਤੋਂ ਨਹੀਂ ਕੀਤੀ ਅਤੇ ਇਹ ਪੁਲੀਸ ਦੀ ਭੂਮਿਕਾ ‘ਤੇ ਸਵਾਲ ਖੜਾ ਕਰਨਾ ਨਹੀਂ ਹੈ?। ਕੀ ਇਹ ਅਨੁਸ਼ਾਸਨਹੀਣਤਾ ਬਰਦਾਸ਼ਤ ਨਾ ਕਰਨ ਵਾਲੀ ਪੁਲੀਸ ਦੇ ਅਕਸ ਨੂੰ ਖ਼ਰਾਬ ਕਰਨਾ ਨਹੀਂ ਹੈ?। ਉਕਤ ਤਸ਼ੱਦਦ ਅਤੇ ਹਿਰਦੇਵੇਧਕ ਕਾਰੇ ਨਾਲ ਪੀੜਤ ਪਰਿਵਾਰ ਨੂੰ ਮਾਨਸਿਕ ਪਰੇਸ਼ਾਨੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਇਨਸਾਫ਼ ਨਾ ਮਿਲਣ ਦੀ ਸੂਰਤ ਪੀੜਤਾਂ ਨੂੰ ਗਲਤ ਰਾਹੇ ਤੋਰਨ ਦਾ ਸਬੱਬ ਬਣ ਸਕਦਾ ਹੈ। ਕਿਸੇ ਹੋਰ ਅਣਚਾਹੇ ਦੁਖਾਂਤ ਨੂੰ ਟਾਲਣ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦਮਦਮੀ ਟਕਸਾਲ ਮੁਖੀ ਨੇ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਐੱਸ ਸੀ ਕਮਿਸ਼ਨ ਤੋਂ ਇਲਾਵਾ ਅੰਮ੍ਰਿਤਧਾਰੀ ਗੁਰਸਿਖ ਦੇ ਕੇਸਾਂ ਕਕਾਰਾਂ ਦੀ ਬੇਅਦਬੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਤੁਰੰਤ ਢੁਕਵੀਂ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ।