ਮੁੰਬਈ- ਫ਼ਿਲਮ ਜਗਤ ਦੇ ਹਰਮਨ ਪਿਆਰੇ ਅਭਿਨੇਤਾ ਰਿਸ਼ੀ ਕਪੂਰ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਵੀਰਵਾਰ ਸਵੇਰੇ 8 ਵੱਜ ਕੇ 45 ਮਿੰਟ ਤੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਨੀਤੂ ਆਖਰੀ ਸਮੇਂ ਉਨ੍ਹਾਂ ਦੇ ਕੋਲ ਮੌਜੂਦ ਸਨ। ਉਹ ਲੰਬੇ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਅਮਰੀਕਾ ਤੋਂ ਕੈਂਸਰ ਦਾ ਇਲਾਜ ਕਰਵਾ ਕੇ ਪਿੱਛਲੇ ਸਾਲ ਸਤੰਬਰ ਵਿੱਚ ਹੀ ਵਾਪਿਸ ਆਏ ਸਨ। 67 ਸਾਲਾ ਰਿਸ਼ੀ ਕਪੂਰ ਨੇ ਐਚ[ਐਨ[ ਰਿਲਾਇੰਸ ਹਸਪਤਾਲ ਵਿੱਚ ਆਪਣੇ ਆਖਰੀ ਸਵਾਸ ਪੂਰੇ ਕੀਤੇ। ਉਹ ਇਲਾਜ ਦੌਰਾਨ ਦੋ ਵੱਖ-ਵੱਖ ਮਹਾਂਦੀਪਾਂ ਵਿੱਚ ਰਹੇ ਅਤੇ ਸਦਾ ਜਿੰਦਗੀ ਜੀਊਣ ਦੀ ਇੱਛਾ ਨਾਲ ਭਰਪੂਰ ਰਹੇ।
ਕਪੂਰ ਪਰਿਵਾਰ ਵੱਲੋਂ ਜਾਰੀ ਕੀਤੇ ਗਏ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਪੂਰੀ ਦੁਨੀਆਂ ਇਸ ਸਮੇਂ ਬਹੁਤ ਹੀ ਮੁਸ਼ਕਿਲ ਅਤੇ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਲੋਕਾਂ ਦੇ ਆਉਣ ਜਾਣ ਅਤੇ ਇੱਕਠੇ ਹੋਣ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ। ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਲੋਕ ਕਾਨੂੰਨ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਭੀੜ ਇੱਕਠੀ ਨਾ ਕਰਨ। ਕਪੂਰ ਫੈਮਿਲੀ ਦੇ ਮੈਂਬਰ ਹਸਪਤਾਲ ਪਹੁੰਚ ਰਹੇ ਹਨ। ਕਰੀਨਾ ਕਪੂਰ ਆਪਣੇ ਪਤੀ ਸੈਫ਼ ਸਮੇਤ ਹਸਪਤਾਲ ਪਹੁੰਚ ਗਈ ਹੈ।
ਦਿੱਲੀ ਪੁਲਿਸ ਨੇ ਰਿਸ਼ੀ ਕਪੂਰ ਦੀ ਫੈਮਿਲੀ ਨੂੰ ਰਾਹਤ ਦਿੰਦੇ ਹੋਏ ਪ੍ਰੀਵਾਰ ਦੇ ਪੰਜ ਲੋਕਾਂ ਨੂੰ ਮੂਵਮੈਂਟ ਪਾਸ ਜਾਰੀ ਕੀਤੇ ਹਨ। ਰਿਸ਼ੀ ਦੀ ਬੇਟੀ ਰਿਿਦਮਾ ਲਾਕਡਾਉਨ ਕਰਕੇ ਦਿੱਲੀ ਵਿੱਚ ਹੀ ਸੀ। ਉਹ ਦਿੱਲੀ ਤੋਂ ਸੜਕ ਦੇ ਰਸਤੇ 1400 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਮੁੰਬਈ ਪਹੁੰਚ ਰਹੀ ਹੈ।