ਫ਼ਤਹਿਗੜ੍ਹ ਸਾਹਿਬ – “ਪਿਛਲੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕੁਝ ਪੁਲਿਸ ਮੁਲਾਜ਼ਮਾਂ ਸਮੇਤ ਸੋਸ਼ਲ ਮੀਡੀਏ ਉਤੇ ਵਾਈਰਲ ਹੋਈ ਏ.ਕੇ.47 ਦੀ ਕੀਤੀ ਗਈ ਫਾਈਰਿੰਗ ਦੀ ਵੀਡੀਓ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਨੋਟਿਸ ਲੈਦੇ ਹੋਏ ਅੱਜ ਮਾਨਯੋਗ ਐਸ.ਐਸ.ਪੀ. ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਦਰਖਾਸਤ ਦਿੱਤੀ ਗਈ । ਜਿਸ ਵਿਚ ਸ. ਹਰਜੀਤ ਸਿੰਘ ਗੱਗੜਵਾਲ ਕੌਮੀ ਮੀਤ ਪ੍ਰਧਾਨ ਕਿਸਾਨ ਵਿੰਗ ਅਤੇ ਸ. ਬਲਿਹਾਰ ਸਿੰਘ ਸਿੱਲ੍ਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦਰਖਾਸਤ ਵਿਚ ਦੱਸਿਆ ਗਿਆ ਕਿ ਇਹ ਕਰਫਿਊ ਅਤੇ ਲਾਕਡਾਊਨ ਅਤੇ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦਾ ਉਲੰਘਣ ਕਰਦੇ ਹੋਏ ਜੋ ਇਹ ਕਾਰਨਾਮਾਂ ਕੀਤਾ ਹੈ, ਇਹ ਅਸਰ-ਰਸੂਖ ਰੱਖਣ ਵਾਲੇ ਵਿਅਕਤੀ ਵੱਲੋਂ ਬਿਨ੍ਹਾਂ ਕਿਸੇ ਮੰਨਜੂਰੀ ਦੇ ਸਮਾਜ ਵਿਚ ਭੜਕਾਹਟ ਪੈਦਾ ਕਰਕੇ ਆਪਣੇ ਧੋਸ ਜਮਾਉਣ ਲਈ ਅਜਿਹੀ ਗੈਰ-ਕਾਨੂੰਨੀ ਕਾਰਵਾਈ ਕੀਤੀ ਗਈ ਹੈ । ਆਗੂਆਂ ਨੇ ਕਿਹਾ ਕਿ ਜੋ ਇਹ ਸਿੱਧੂ ਮੂਸੇਵਾਲਾ ਹੈ, ਨਾ ਤਾਂ ਉਹ ਕੋਈ ਪੁਲਿਸ ਦਾ ਜਵਾਨ ਹੈ ਅਤੇ ਨਾ ਹੀ ਪੁਲਿਸ ਦੀ ਕੋਈ ਟ੍ਰੇਨਿੰਗ ਲੈ ਰਿਹਾ ਹੈ । ਫਿਰ ਵੀ ਇਸ ਵਿਅਕਤੀ ਨੂੰ ਪਾਬੰਦੀਸੁਦਾ ਹਥਿਆਰ ਨੂੰ ਵਰਤਣ ਦੀ ਕਿਸ ਨੇ ਆਗਿਆ ਦਿੱਤੀ ? ਜਿਸ ਸਥਾਨ ਤੇ ਇਹ ਫਾਇਰਿੰਗ ਹੋਈ ਹੈ, ਉਹ ਨਾ ਤਾਂ ਅਧਿਕਾਰਿਤ ਰੇਜ ਹੈ ਅਤੇ ਜੋ ਹਥਿਆਰ ਇਸ ਵੀਡੀਓ ਵਿਚ ਵਰਤਿਆ ਗਿਆ ਹੈ ਉਹ ਕਿਸ ਦੇ ਨਾਮ ਜਾਰੀ ਕੀਤਾ ਹੈ ਅਤੇ ਕਾਰਤੂਸ ਕਿਸ ਲਾਟ ਦੇ ਹਨ ? ਅੱਗੇ ਲੱਗਿਆ ਹੋਇਆ 11 ਨੰਬਰ ਟਾਰਗੇਟ ਕਿਥੋਂ ਅਤੇ ਕਿਵੇ ਲਿਆਂਦਾ ਗਿਆ ?”
ਆਗੂਆਂ ਨੇ ਐਸ.ਐਸ.ਪੀ. ਸਾਹਿਬ ਨੂੰ ਮਿਲਦੇ ਹੋਏ ਅੱਗੇ ਕਿਹਾ ਕਿ ਜਿਥੇ ਇਹ ਸਮਾਜ ਵਿਚ ਭੜਕਾਹਟ ਪੈਦਾ ਕਰਕੇ ਦਹਿਸਤ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ, ਉਥੇ ਹੀ ਕਿਸੇ ਜਾਨੀ ਨੁਕਸਾਨ ਹੋਣ ਦਾ ਕਾਰਨ ਬਣ ਸਕਦਾ ਸੀ । ਆਗੂਆਂ ਨੇ ਜਾਣਕਾਰੀ ਦਿੱਤੀ ਕਿ ਜੋ ਇਨ੍ਹਾਂ ਵਿਅਕਤੀਆ ਖਿਲਾਫ਼ ਬਰਨਾਲਾ ਵਿਖੇ ਮੁਕੱਦਮਾ ਦਰਜ ਹੋਇਆ ਹੈ, ਉਹ ਮਾਮੂਲੀ ਧਰਾਵਾਂ ਤਹਿਤ ਦਰਜ ਹੋਇਆ ਹੈ । ਉਨ੍ਹਾਂ ਅੱਗੇ ਕਿਹਾ ਕਿ ਜਦੋਂ ਇਸ ਕਰਫਿਊ ਦੌਰਾਨ ਲੋੜਵੰਦ ਪਰਿਵਾਰ ਆਪਣੇ ਖਾਣ-ਪੀਣ ਦਾ ਸਮਾਨ ਲੈਣ ਜਾ ਰਹੇ ਸਨ ਤਾਂ ਪੁਲਿਸ ਵੱਲੋਂ ਕਈ ਸਥਾਨਾਂ ਤੇ ਉਨ੍ਹਾਂ ਦੀ ਅੰਨ੍ਹੇਵਾਹ ਕੁੱਟਮਾਰ ਵੀ ਕੀਤੀ ਅਤੇ ਉਪਰੋਕਤ ਧਰਾਵਾਂ ਤਹਿਤ ਮੁਕੱਦਮੇ ਵੀ ਦਰਜ ਕੀਤੇ ਗਏ ਅਤੇ ਸਾਡੀ ਜਾਣਕਾਰੀ ਮੁਤਾਬਿਕ ਪਟਿਆਲਾ ਵਿਖੇ ਇਕ ਵਿਅਕਤੀ ਆਪਣੇ ਪਰਿਵਾਰ ਲਈ ਦੁੱਧ ਲੈਣ ਗਿਆ ਸੀ, ਜਿਸ ਨੂੰ ਪੁਲਿਸ ਨੇ ਐਨਾ ਜ਼ਲੀਲ ਕੀਤਾ ਕਿ ਉਹ ਵਿਅਕਤੀ ਨੂੰ ਘਰੇ ਜਾ ਕੇ ਆਪਣੀ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਆਪਣੀ ਜਿੰਦਗੀ ਦਾ ਅੰਤ ਕਰ ਲਿਆ। ਜੇਕਰ ਇਕ ਆਮ ਵਿਅਕਤੀ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਅਤੇ ਸਿੱਧੂ ਮੂਸੇਵਾਲਾ, ਪੁਲਿਸ ਅਧਿਕਾਰੀਆਂ ਵੱਲੋਂ ਐਨਾ ਵੱਡਾ ਕਾਰਾ ਕਰਨ `ਤੇ ਬਰਾਬਰ ਧਰਾਵਾਂ ਤਹਿਤ ਮੁਕੱਦਮੇ ਦਰਜ ਹੋਣੇ ਹਨ, ਫਿਰ ਇਨਸਾਫ਼ ਦਾ ਪੈਮਾਨਾ ਕੀ ਰਹਿ ਗਿਆ ਹੈ ?
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਸਿੱਧੂ ਮੂਸੇਵਾਲਾ, ਪੁਲਿਸ ਮੁਲਾਜ਼ਮਾ ਖਿਲਾਫ਼ ਅਸਲਾ ਐਕਟ ਅਤੇ ਸੂਬੇ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਅਧੀਨ ਸਖਤ ਧਰਾਵਾਂ ਲਗਾਕੇ ਮੁਕੱਦਮਾ ਦਰਜ ਕਰਕੇ ਇਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆ ਜਾਣ । ਜਿੰਨਾ ਚਿਰ ਇਨ੍ਹਾਂ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਨਾ ਸਮਾਂ ਨਿਰਪੱਖ ਜਾਂਚ ਨਹੀਂ ਹੋ ਸਕਦੀ । ਕਿਉਂਕਿ ਇਨ੍ਹਾਂ ਵਿਚ ਕਈ ਪੁਲਿਸ ਅਫ਼ਸਰ ਅਤੇ ਅਸਰ-ਰਸੂਖ ਰੱਖਣ ਵਾਲੇ ਵਿਅਕਤੀ ਹਨ, ਜੋ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ । ਇਸ ਲਈ ਇਨ੍ਹਾਂ ਦੀ ਤੁਰੰਤ ਗ੍ਰਿਫ਼ਤਾਰੀ ਬਹੁਤ ਜ਼ਰੂਰੀ ਹੈ । ਤਾਂ ਜੋ ਸੂਬੇ ਦੇ ਲੋਕਾਂ ਦਾ ਕਾਨੂੰਨ ਤੇ ਵਿਸ਼ਵਾਸ ਬਣਿਆ ਰਹੇ ਅਤੇ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰਹੇ ।