ਪੰਜਾਬੀ ਹਾਂ, ਪੰਜਾਬੀ ਹੋਣ ਤੇ ਮਾਣ ਕਰਦਾ ਹਾਂ, ਮੇਰੀ ਮਾਂ ਬੋਲੀ ਪੰਜਾਬੀ ਹੈ, ਜਿਸ ਨੂੰ ਲਿਖ ਬੋਲ ਕੇ ਰੱਜ ਮਹਿਸੂਸ ਕਰਦਾ ਹਾਂ। ਆਪਣੇ ਗੁਰੂਆਂ ਦੀ ਸਿੱਖਿਆ ਮੁਤਾਬਿਕ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਥੋੜ੍ਹਾ ਮਾਇਆ ਰੂਪੀ ਅਤੇ ਬਹੁਤਾ ਸਮੇਂ ਦਾ ਦਸਵੰਧ ਕੱਢਦਾ ਹਾਂ।
ਇਹ ਉਪਰੋਕਤ ਗੱਲਾਂ ਦੱਸਣਾ ਜਾਂ ਇਹ ਲੇਖ ਲਿਖਣ ਦਾ ਮਤਲਬ ਕੋਈ ਵਡਿਆਈ ਲੈਣਾ ਨਹੀਂ ਹੈ। ਬੱਸ ਮਾਂ ਬੋਲੀ ਪ੍ਰਤੀ ਆਪਣੀ ਪੀੜ ਅਤੇ ਨਿਸ਼ਠਾ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜੇਕਰ ਇਸ ਲੇਖ ਦੇ ਕਿਸੇ ਇਕ ਪਾਠਕ ਨੂੰ ਵੀ ਮੈਂ ਹਲੂਣਾ ਦੇਣ ‘ਚ ਕਾਮਯਾਬ ਹੋ ਗਿਆ ਤਾਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ।
ਮੈਂ ਸ਼ੁਰੂ ‘ਚ ਲਿਖਿਆ ‘ਪੰਜਾਬੀ ਹਾਂ।’ ਬਿਲਕੁਲ ਪੰਜਾਬੀ ਹਾਂ ਪਰ ਉਹ ਪੰਜਾਬੀ ਹਾਂ ਜਿਸ ਨੇ ਦੋ ਬਾਰ ਵੰਡ ਹੰਢਾਈ। ਜਿਨ੍ਹਾਂ ਨੇ ਇਕ ਬਾਰ ਵੰਡ ਹੰਢਾਈ, ਪੀੜ ਉਨ੍ਹਾਂ ਕੋਲ ਵੀ ਬਹੁਤ ਹੈ ਪਰ ਜਿਨ੍ਹਾਂ ਮੇਰੇ ਵਰਗਿਆਂ ਨੇ ਦੋ ਬਾਰ ਵੰਡ ਹੰਢਾਈ ਉਨ੍ਹਾਂ ਦੀ ਪੀੜ ਦੀ ਗੱਲ ਇਸ ਲੇਖ ‘ਚ ਕਰਾਂਗਾ। ਪਹਿਲੀ ਵੰਡ 1947 ਦੀ ਜਿਸ ‘ਚ ਪੰਜਾਬ ਜੋ ਕਿ ਮਹਾਂ ਪੰਜਾਬ ਸੀ ਉਹ ‘ਚੜ੍ਹਦਾ’ ਤੇ ‘ਲਹਿੰਦਾ’ ਬਣ ਕੇ ਰਹਿ ਗਿਆ। ਉਸ ਵਕਤ ਸਰਮਾਏ ਦੇ ਨਾਲ ਖ਼ੂਨ ਵੀ ਵੰਡਿਆ ਗਿਆ ਪਰ ਇਕ ਸਕੂਨ ਦੀ ਗੱਲ ਇਹ ਕਿ ਉਨ੍ਹਾਂ ਕੋਲੋਂ ਉਨ੍ਹਾਂ ਦੀ ਮਾਂ ਬੋਲੀ ਨਹੀਂ ਖੁੱਸੀ ਜਾ ਖੋਹੀ ਗਈ ਸੀ। ਪਰ ਦੂਜੀ ਵੰਡ 1966 ਦੀ ਹੈ ਜਿਸ ਨੇ ਸਾਥੋਂ ਸਾਡਾ ਪੰਜਾਬ ਵੀ ਖੋਹ ਲਿਆ ਤੇ ਪੰਜਾਬ ਦਾ ਪੁੱਤ ਕਹਾਉਣ ਦਾ ਹੱਕ ਵੀ। ਪੰਜਾਬੀ ਸੂਬੇ ਦੀ ਮੰਗ ਹੋ ਸਕਦਾ ਸਮੇਂ ਦੇ ਨੇਤਾਵਾਂ ਨੇ ਖੌਰੇ ਮਾਂ ਬੋਲੀ ਦੇ ਭਲੇ ਲਈ ਹੀ ਮੰਗੀ ਹੋਵੇਗੀ। ਪਰ ਮੇਰੇ ਜਿਹੇ ਪਤਾ ਨਹੀਂ ਕਿੰਨਿਆਂ ਕੁ ਨੂੰ ਨਾਸੂਰ ਦੇ ਗਈ।
ਭਾਵੇਂ ਮੇਰਾ ਜਨਮ ਦੂਜੀ ਵੰਡ ਤੋਂ ਤਿੰਨ ਸਾਲ ਬਾਅਦ ਦਾ ਹੈ। ਪਰ ਜਦੋਂ ਮੈਂ ਅੱਖ ਖੋਲ੍ਹੀ ਤਾਂ ਮਾਂ ਨੇ ‘ਪੰਜਾਬੀ’ ਬੋਲੀ ਦੀ ਗੁੜ੍ਹਤੀ ਦਿੱਤੀ। ਦਾਦੀ ਨੇ ਮਾਂ ਬੋਲੀ ‘ਚ ਲੋਰੀਆਂ ਸੁਣਾਈਆਂ, ਭੈਣਾਂ ਅਤੇ ਭਰਾਵਾਂ ਨਾਲ ਨਿੱਕੀਆਂ ਨਿੱਕੀਆਂ ਲੜਾਈਆਂ ਮਾਂ ਬੋਲੀ ‘ਚ ਲੜੀਆਂ। ਬਾਪ ਨੇ ਸ਼ੁੱਧ ਮਾਂ ਬੋਲੀ ਦੀਆਂ ਗਾਲ੍ਹਾਂ ਨਾਲ ਛਿੱਤਰ ਫੇਰਿਆ। ਦਾਦੇ ਨੇ ਮਾਂ ਬੋਲੀ ‘ਚ ਨਸੀਹਤਾਂ ਦਿੱਤੀਆਂ ਅਤੇ ਹਾਣੀਆ ਨਾਲ ਰਲ ਕੇ ਮਾਂ ਬੋਲੀ ‘ਚ ਹੀ ਗਲੀਆਂ ‘ਚ ਖੇਡਾਂ ਖੇਡੀਆਂ ਅਤੇ ਬੁੱਲ੍ਹੇ ਲੁੱਟੇ।
ਮੇਰਾ ਪਿੰਡ ‘ਦੇਸੂ ਮਲਕਾਨਾ’, ਜਿਸ ਨੂੰ ਜਦੋਂ ਵੀ ਮੈਂ ਨਕਸ਼ੇ ਤੇ ਦੇਖਦਾ ਹਾਂ ਤਾਂ ਮੈਨੂੰ ਉਸ ਦੀ ਹਾਲਤ ਉਸ ਬੱਲੇਬਾਜ਼ ਵਰਗੀ ਲੱਗਦੀ ਹੈ ਜੋ ਕਿ ਨੜ੍ਹਿਨਵੇਂ ਤੇ ਰਨ ਆਊਟ ਹੋ ਗਿਆ ਹੋਵੇ। ਕਿਉਂਕਿ ਮੇਰੇ ਪਿੰਡ ਦੀ ਇਕ ਵੱਟ ਪੰਜਾਬ ਨਾਲ ਲਗਦੀ ਹੈ ਤੇ ਮੇਰੇ ਪਿੰਡ ‘ਚ ਇਕ ਵੀ ਘਰ ਇਹੋ ਜਿਹਾ ਨਹੀਂ ਸੀ ਜੋ ਪੰਜਾਬੀ ਤੋਂ ਛੁੱਟ ਹੋਰ ਭਾਸ਼ਾ ਬੋਲਦਾ ਹੋਵੇ। ਫੇਰ ਵੀ ਪਤਾ ਨਹੀਂ ਕਿਉਂ ਸਮੇਂ ਦੇ ਹਾਕਮਾਂ ਨੂੰ ਤਰਸ ਨਹੀਂ ਆਇਆ ਉਸ ਪਿੰਡ ਨਾਲ ਮਤਰੇਆ ਸਲੂਕ ਕਰਨ ਲੱਗਿਆ?
ਪੰਜਾਬੀ ਮਾਂ ਬੋਲੀ ਦੇ ਚੁਗਿਰਦੇ ‘ਚ ਪਲਿਆ ਇਕ ਜੁਆਕ ਜਦੋਂ ਸਕੂਲ ਦੇ ਦਰਵਾਜ਼ੇ ਮੂਹਰੇ ਅੱਖਰ ਗਿਆਨ ਤੋਂ ਕੋਰਾ ਉਹ ਤਸਵੀਰਾਂ ਦੇਖਦਾ ਹੈ ਤੇ ਆਪਣੇ ਬਾਪ ਤੋਂ ਪੁੱਛਦਾ ਹੈ ਕਿ ਇਹ ਕੀ ਲਿਖਿਆ ਹੈ। ਤਾਂ ਉਹ ਕਹਿੰਦੇ ਲਿਖਿਆ ਹੈ ਕਿ “ਸ਼ਿੱਖਸ਼ਾ ਕੇ ਲੀਏ ਆਏਂ ਔਰ ਸੇਵਾ ਕੇ ਲੀਏ ਜਾਏਂ।” ਭਾਸ਼ਾ ਗਿਆਨ ਤੋਂ ਕੋਰੇ ਅਤੇ ਅਣਭੋਲ ਦਿਮਾਗ਼ ਦੇ ਖ਼ਾਨੇ ਨਹੀਂ ਵੜੀ ਇਹ ਗੱਲ। ਮਾਂ ਨੇ ਤਾਂ ਇਹੋ ਜਿਹੀਆਂ ਗੱਲਾਂ ਕਦੇ ਦੱਸੀਆਂ ਨਹੀਂ ਸਨ!
ਚਲੋ! ਪੜ੍ਹਾਈ ਸ਼ੁਰੂ ਹੋ ਗਈ ਤੇ ਇਹ ਸਿੱਖ ਗਏ ਕੇ “ਦੇਸਾਂ ਮੈਂ ਦੇਸ਼ ਹਰਿਆਣਾ ਜਿਤ ਦੂਧ ਦਹੀਂ ਕਾ ਖਾਣਾ।” ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਥੇ ਇਹ ਗੱਲ ਸਾਫ਼ ਕਰ ਦੇਵਾਂ ਕਿ ਮੈਨੂੰ ਨਾ ਹਰਿਆਣੇ ਨਾਲ ਅਤੇ ਨਾ ਕਿਸੇ ਭਾਸ਼ਾ ਨਾਲ ਕੋਈ ਵੀ ਸ਼ਿਕਵਾ ਹੈ। ਬੱਸ ਸ਼ਿਕਵਾ ਹੈ ਤਾਂ ਇਹ ਹੈ ਕਿ ਜਿਨ੍ਹਾਂ ਸੰਘਰਸ਼ ਮੇਰੇ ਜਿਹੇ ਅਣਗਿਣਤ ਲੋਕਾਂ ਨੂੰ ਆਪਣੀ ਮਾਂ ਬੋਲੀ ਨੂੰ ਆਪਣੇ ਕੋਲ ਰੱਖਣ ਲਈ ਕਰਨਾ ਪਿਆ ਉੱਨੇ ‘ਚ ਤਾਂ ਜ਼ਿੰਦਗੀ ਰਾਹ ਪੈ ਸਕਦੀ ਸੀ।
ਭਾਵੇਂ ਘਰਦਿਆਂ ਨੇ ਊੜੇ ਅਤੇ ਜੂੜੇ ਨਾਲ ਜੋੜਨ ਦਾ ਆਪਣੇ ਵੱਲੋਂ ਸਿਰ ਤੋੜ ਯਤਨ ਕੀਤਾ ਪਰ ਅਧਿਕਾਰਤ ਸਿੱਖਿਆ ਸੰਸਥਾਨ ਨੇ ਕਿਤੇ ਜਾ ਕੇ ਸੱਤਵੀਂ ਜਮਾਤ ‘ਚ ਊੜੇ ਦੇ ਦਰਸ਼ਨ ਕਰਵਾਏ। ਦਸਵੀਂ ਤੱਕ ਜਾਂਦੇ-ਜਾਂਦੇ ਚਾਰ ਸਾਲਾਂ ‘ਚ ਚੌਥੀ ਜਮਾਤ ਦੇ ਨਿਆਣੇ ਜਿੰਨੀ ਗੁਰਮੁਖੀ ਦਾ ਗਿਆਨ ਹਾਸਿਲ ਹੋਇਆ। ਦਸਵੀਂ ਤੱਕ ਛੇ ਕੁ ਜਮਾਤਾਂ ਅੰਗਰੇਜ਼ੀ ਮਾਧਿਅਮ ਰਾਹੀ ਪੜ੍ਹੀਆਂ ਤੇ ਬਾਕੀ ਚਾਰ ਹਿੰਦੀ ਮਾਧਿਅਮ ‘ਚ ਪੜ੍ਹ ਕੇ ਉੱਚ ਸਿੱਖਿਆ ਪੰਜਾਬ ‘ਚ ਲੈਣ ਦੀ ਜ਼ਿੱਦ ਕੀਤੀ। ਮੇਰੇ ਪਿੰਡ ਤੋਂ ਉੱਨੀ ਕੁ ਦੂਰ ਮੇਰਾ ਜ਼ਿਲ੍ਹਾ ਸਿਰਸਾ ਅਤੇ ਉੱਨੀ ਕੁ ਦੂਰ ਬਠਿੰਡਾ ਸੀ। ਉਸ ਵਕਤ ਗਿਆਰ੍ਹਵੀਂ ਨੂੰ ਪਰੈਪ ਕਿਹਾ ਜਾਂਦਾ ਸੀ ਤੇ ਪੰਜਾਬੀ ਮਾਧਿਅਮ ਚੁਣ ਕੇ ਮੈਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾ ਲਿਆ। ਪੜ੍ਹਾਈ ਕਾਲਜ ਦੀ ਤੇ ਗਿਆਨ ਚਾਰ ਜਮਾਤਾਂ ਦਾ। ਸਭ ਕੁਝ ਆਉਂਦੇ ਹੋਏ ਵੀ ਇਮਤਿਹਾਨ ‘ਚ ਕੁਝ ਲਿਖ ਨਾ ਪਾਉਂਦਾ। ਜਦੋਂ ਕੁਝ ਲਿਖਦਾ ਤਾਂ ਵਿਚ ਧੱਕੇ ਨਾਲ ਹੀ ਹਮ ਕੋ ਤੁਮ ਕੋ ਲਿਖਿਆ ਜਾਂਦਾ। ਬਹੁਤ ਪੀੜਾ ਸਹੀ। ਪਰ ਪੰਜਾਬੀ ਮੇਰੀ ਮਾਂ ਦੀ ਬੋਲੀ ਸੀ ਉਸ ਨੇ ਤਰਸ ਦੇ ਆਧਾਰ ਤੇ ਛੇਤੀ ਉਂਗਲ ਫੜ ਲਈ।
ਗੱਲ ਇੱਥੇ ਖ਼ਤਮ ਹੋਣ ਵਾਲੀ ਨਹੀਂ ਸੀ। ਲੋਕ ਜ਼ਿੰਦਗੀ ਦੇ ਇੱਕੋ ਮੈਦਾਨ ‘ਚ ਵੱਖੋ-ਵੱਖਰੀਆਂ ਲੜਾਈਆਂ ਲੜਦੇ ਹਨ। ਪਰ ਮੇਰੀ ਤ੍ਰਾਸਦੀ ਇਹ ਰਹੀ ਕਿ ਜਦੋਂ ਵੀ ਜ਼ਿੰਦਗੀ ਨੇ ਜੰਗ ਦੇ ਮੈਦਾਨ ‘ਚ ਭੇਜਿਆ। ਉੱਥੇ ਮੁੱਦਾ ਨਹੀਂ ਬਦਲਿਆ ਬੱਸ ਮੈਦਾਨ ਬਦਲ ਦਿੱਤਾ।
ਭਾਸ਼ਾ ਦੀ ਪਹਿਲੀ ਲੜਾਈ ਹਰਿਆਣੇ ‘ਚ ਲੜੀ, ਦੂਜੀ ਪੰਜਾਬ ‘ਚ ਤੇ ਤੀਜੀ ਲਈ ਮੈਦਾਨ-ਏ-ਜੰਗ ਵਿਦੇਸ਼ ਦੀ ਧਰਤੀ ਯਾਨੀ ਆਸਟ੍ਰੇਲੀਆ ਬਣ ਗਿਆ। ਤਕਰੀਬਨ ਪਿਛਲੇ ਚੌਦਾਂ ਵਰ੍ਹਿਆਂ ਤੋਂ ਇੱਥੇ ਆਪਣੀ ਮਤਰੇਈ ਮਾਂ ਯਾਨੀ ਕਿ ਅੰਗਰੇਜ਼ੀ ਨਾਲ ਦੋ ਦੋ ਹੱਥ ਕਰ ਰਿਹਾ ਹਾਂ।
ਸ਼ੁਰੂ ‘ਚ ਆਪਣੀ ਮਾੜੀ ਅੰਗਰੇਜ਼ੀ ਤੇ ਸ਼ਰਮ ਆਉਂਦੀ ਸੀ ਪਰ ਫੇਰ ਇੱਕ ਫ਼ਿਕਰਾ ਰਟ ਲਿਆ। ਜਿੱਥੇ ਵੀ ਕਿਤੇ ਅੰਗਰੇਜ਼ੀ ਨਾਲ ਪੰਗਾ ਲੈਣਾ ਹੁੰਦਾ ਤਾਂ ਗੱਲ ਇੱਥੋਂ ਸ਼ੁਰੂ ਕਰ ਲੈਣੀ ਕਿ “ਮਾਫ਼ੀ ਚਾਹੁੰਦਾ ਹਾਂ ਮੇਰੀ ਅੰਗਰੇਜ਼ੀ ਏਨੀ ਚੰਗੀ ਨਹੀਂ ਹੈ ਕਿਉਂਕਿ ਇਹ ਮੇਰੀ ਮਾਤਰ ਭਾਸ਼ਾ ਨਹੀਂ ਹੈ ਪਰ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੇਰੀ ਅੰਗਰੇਜ਼ੀ ਏਨੀ ਵੀ ਮਾੜੀ ਨਹੀਂ ਹੈ ਜਿੰਨੀ ਤੁਹਾਡੀ ਪੰਜਾਬੀ ਮਾੜੀ ਹੈ। ਮੈਂ ਹਾਲੇ ਵੀ ਤੁਹਾਨੂੰ ਟੁੱਟੀ-ਭੱਜੀ ਤੁਹਾਡੀ ਮਾਂ ਬੋਲੀ ਅੰਗਰੇਜ਼ੀ ‘ਚ ਕੁਝ ਨਾ ਕੁਝ ਸਮਝਾ ਲਾਵਾਂਗਾ ਪਰ ਤੁਹਾਡੇ ਤੋਂ ਇਹ ਵੀ ਨਹੀਂ ਹੋਣਾ।”
ਉਪਰੋਕਤ ਵਰਤਾਰੇ ਨਾਲ ਬੇਗਾਨਿਆਂ ਨਾਲ ਅਤੇ ਬੇਗਾਨੀ ਭਾਸ਼ਾ ਦੀ ਇਹ ਚਿੰਤਾ ਤਾਂ ਸੌਖੀ ਹੱਲ ਹੋ ਗਈ ਪਰ ਛੇਤੀ ਹੀ ਇਕ ਹੋਰ ਚਿੰਤਾ ਨੇ ਆ ਘੇਰਿਆ। ਉਹ ਚਿੰਤਾ ਮੈਨੂੰ ਉਦੋਂ ਬਹੁਤ ਤੰਗ ਕਰਦੀ ਹੈ ਜਦੋਂ ਮੈਂ ਕਿਸੇ ਪੰਜਾਬੀ ਮਾਂ ਨੂੰ ਆਪਣੇ ਬੱਚਿਆਂ ਨਾਲ ਅੰਗਰੇਜ਼ੀ ‘ਚ ਗੱਲ ਕਰਦਾ ਦੇਖਦਾ ਹਾਂ। ਮੈਨੂੰ ਉਨ੍ਹਾਂ ਬੱਚਿਆਂ ‘ਚੋਂ ਆਪਾ ਝਲਕਦਾ ਹੈ ਅਤੇ ਪਰਵਾਸ ਅਤੇ ਵੰਡ ਦਾ ਮਾਰਿਆ ਇਕ ਹੋਰ ‘ਮਿੰਟੂ ਬਰਾੜ’ ਪਨਪਦਾ ਦਿਸਦਾ। ਇਹ ਵਰਤਾਰਾ ਦੇਖ ਕੇ ਕਈ ਬਾਰ ਆਪਾ ਖੋਹ ਜਾਂਦਾ ਹਾਂ ਤੇ ਇਹ ਵੀ ਭੁੱਲ ਜਾਂਦਾ ਹਾਂ ਕਿ ਤੇਰਾ ਕੀ ਹੱਕ ਹੈ ਕਿਸੇ ਨੂੰ ਇੰਝ ਟੋਕਨ ਦਾ ਜਾਂ ਕਿਸੇ ਦੀ ਜ਼ਿੰਦਗੀ ‘ਚ ਦਖ਼ਲ ਦੇਣ ਦਾ।
ਅੱਜ ਤੱਕ ਜੇ ਵਿਦੇਸ਼ ‘ਚ ਮੇਰੇ ਨਾਲ ਨਰਾਜ਼ ਹੋਣ ਵਾਲਿਆਂ ਦੀ ਗਿਣਤੀ ਕਰਾ ਤਾਂ ਜ਼ਿਆਦਾ ਉਹੀ ਨਿਕਲਣਗੇ ਜਿਨ੍ਹਾਂ ਨੂੰ ਮੈਂ ਕਦੇ ਇਸ ਗੱਲ ਤੋਂ ਟੋਕਿਆ ਹੋਣਾ ਕਿ ਬੱਚਿਆਂ ਨਾਲ ਆਪਣੀ ਮਾਂ ਬੋਲੀ ‘ਚ ਕਿਉਂ ਨਹੀਂ ਗੱਲ ਕਰਦੇ। ਮੇਰਾ ਇਹ ਵਰਤਾਰਾ ਉਨ੍ਹਾਂ ਲੋਕਾਂ ਨੂੰ ਸੜੀਅਲ ਅਤੇ ਪੇਂਡੂ ਲੱਗਦਾ। ਉਨ੍ਹਾਂ ਨੂੰ ਲਗਦਾ ਕਿ ਮੈਂ ਅਗਾਂਹ ਵਧੂ ਨਹੀਂ ਹਾਂ। ਪਰ ਆਪਾਂ ਵੀ ਮੋਟੀ ਪੂਛ ਵਾਲੇ ਹਾਂ ਹੋਈ ਜਾਵੇ ਕੋਈ ਨਰਾਜ਼ ਆਪਾਂ ਆਪਣੀ ਵਿਦਵਤਾ ਝਾੜ ਹੀ ਦਿੰਦੇ ਹਾਂ।
‘ਮਾਂ’ ਇਕੱਲੇ ਮੇਰੇ ਲਈ ਹੀ ਨਹੀਂ ਸਗੋਂ ਸਾਰੀ ਕਾਇਨਾਤ ਲਈ ਸਤਿਕਾਰਤ ਹੈ। ਪਰ ਮੈਨੂੰ ਉਹ ਮਾਂ ਵਿਓਹ ਵਰਗੀ ਲੱਗਦੀ ਹੈ ਜੋ ਆਪਣੇ ਬੱਚੇ ਨਾਲ ਬੇਗਾਨੀ ਭਾਸ਼ਾ ‘ਚ ਗੱਲ ਕਰਦੀ ਹੈ।
ਬੀਤੇ ਦਿਨੀਂ ਮੈਂ ਇਕ ਇਹੋ ਜਿਹੀ ਨੱਬੇ ਸਾਲਾ ਮਾਂ ਨੂੰ ਇਕ ਸਰਕਾਰੀ ਬੁਢਾਪਾ ਘਰ ‘ਚ ਮਿਲਿਆ ਸੀ ਜੋ ਬਾਰ-ਬਾਰ ਕਹਿ ਰਹੀ ਸੀ ਮੇਰਾ ਮੁੰਡਾ ਆਊਗਾ, ਮੇਰਾ ਮੁੰਡਾ ਆਊਗਾ। ਉੱਥੇ ਦੀ ਇਕ ਨਰਸ ਨੇ ਦੱਸਿਆ ਕਿ ਇਹ ਪਿਛਲੇ ਤਕਰੀਬਨ ਇਕ ਦਹਾਕੇ ਤੋਂ ਇੱਥੇ ਹੈ ਤੇ ਪਹਿਲਾਂ ਤਾਂ ਕਦੇ ਕਦੇ ਇਸ ਦੇ ਘਰਦਾ ਕੋਈ ਆ ਜਾਂਦਾ ਸੀ ਹੁਣ ਨਹੀਂ ਆਉਂਦੇ। ਨਰਸ ਕਹਿੰਦੀ ਇਹ ‘ਮੁੰਡਾ’ ਕੀ ਹੁੰਦਾ? ਜਦੋਂ ਮੈਂ ਦੱਸਿਆ ਤਾਂ ਉਸ ਨੇ ਕਿਹਾ ਅੱਛਾ! ਇਸ ਦੇ ਮੁੰਡੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਥੋੜ੍ਹੀ ਬਹੁਤ ਸਮਝ ਲੈਂਦਾ ਹੈ। ਹੁਣ ਜਦੋਂ ਮਾਤਾ ਨੂੰ ਜ਼ਿਆਦਾ ਸੁਰਤ ਨਹੀਂ ਸ਼ਾਇਦ ਇਸ ਲਈ ਨਹੀਂ ਆਉਂਦਾ। ਮੈਂ ਸੋਚ ਰਿਹਾ ਸੀ ਇਹ ਉਹੀ ਨਾਸਮਝ ਮਾਂ ਹੈ ਜਿਸ ਨੇ ਆਪਣੀ ਬੋਲੀ ਆਪਣੀ ਔਲਾਦ ਨੂੰ ਨਹੀਂ ਦਿੱਤੀ।
ਕਰਮ ਭੂਮੀ ਤੇ ਤਾਂ ਹਾਲੇ ਇਹੋ ਜਿਹੇ ਵਰਤਾਰੇ ਸੀਮਤ ਹਨ ਪਰ ਜਦੋਂ ਜਨਮ ਭੋਏਂ ਦੀ ਗੱਲ ਕਰਦੇ ਹਾਂ ਤਾਂ ਹੋਰ ਵੀ ਦੁੱਖ ਹੁੰਦਾ ਕਿ ਜਿੱਥੇ ਵਿਦੇਸ਼ ਵੱਸਦੀਆਂ ਜ਼ਿਆਦਾਤਰ ਮਾਵਾਂ ਮਾਂ ਬੋਲੀ ਨੂੰ ਤਰਜੀਹ ਦਿੰਦਿਆਂ ਹਨ ਉੱਥੇ ਸਾਡੇ ਦੇਸ਼ ‘ਚ ਤਾਂ ਹੋੜ ਜਿਹੀ ਲੱਗੀ ਪਈ ਹੈ ਅੰਗਰੇਜ਼ੀ ਨੂੰ ਅਪਣਾਉਣ ਦੀ। ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਦੂਜੀਆਂ ਭਾਸ਼ਾਵਾਂ ਸਿੱਖਣਾ ਕੋਈ ਜੁਰਮ ਹੈ। ਮੇਰਾ ਤਾਂ ਸਿਰਫ਼ ਇਹ ਕਹਿਣਾ ਹੈ ਕਿ ਆਪਣਿਆਂ ਨੂੰ ਮਾਰ ਕੇ ਦੂਜਿਆਂ ਨੂੰ ਪਾਲਣਾ ਕੋਈ ਸਿਆਣਪ ਨਹੀਂ ਹੁੰਦਾ।
ਬੀਤੇ ਦਿਨੀਂ ਕਿਸੇ ਨੇ ਮੈਨੂੰ ਇਕ ਟੀ.ਵੀ. ਤੇ ਸਵਾਲ ਕੀਤਾ ਕਿ ਵਿਦੇਸ਼ ‘ਚ ਲੋਕ ਆਪਣੇ ਬੱਚਿਆਂ ਨੂੰ ਮਾਂ ਬੋਲੀ ਵੱਲ ਅਤੇ ਦੇਸ਼ ‘ਚ ਅੰਗਰੇਜ਼ੀ ਵੱਲ ਕਿਉਂ ਧੱਕੇ ਮਾਰਦੇ ਹਨ? ਮੇਰਾ ਮੰਨਣਾ ਹੈ ਕਿ ਇਸ ਪਿੱਛੇ ਇਕ ਡਰ ਲੁਕਿਆ ਹੋਇਆ। ਸਾਨੂੰ ਵਿਦੇਸ਼ੀਆਂ ਨੂੰ ਡਰ ਹੈ ਕਿ ਕਿਤੇ ਸਾਡੇ ਜੁਆਕ ਮਾਂ ਬੋਲੀ ਨਾ ਭੁੱਲ ਜਾਣ। ਜੇ ਭੁੱਲ ਗਏ ਤਾਂ ਦਾਦੇ-ਦਾਦੀ ਜਾਂ ਫੇਰ ਨਾਨਾ-ਨਾਨੀ ਨਾਲ ਕਿਵੇਂ ਜੁੜਨਗੇ? ਤੇ ਦੇਸ਼ ‘ਚ ਇਹ ਡਰ ਸਤਾਈ ਜਾਂਦਾ ਹੈ ਕਿ ਜੇ ਸਾਡੇ ਜੁਆਕ ਨੂੰ ਅੰਗਰੇਜ਼ੀ ਨਾ ਆਈ ਤਾਂ ਉਹ ਤਰੱਕੀ ਦੀ ਦੌੜ ‘ਚ ਪਛੜ ਜਾਵੇਗਾ? ਬੱਸ ਇਸੇ ਕਾਰਨ ਅਸੀਂ ਜੁਆਕਾਂ ਨੂੰ ਪੰਜਾਬੀ ਸਿਖਾਈ ਜਾਂਦੇ ਹਾਂ ਤੇ ਤੁਸੀਂ ਅੰਗਰੇਜ਼ੀ।
ਅਸਲ ਜ਼ਰੂਰਤ ਤਾਂ ਮੁੱਦਾ ਸਮਝਣ ਦੀ ਹੈ। ਜੇ ਅਸੀਂ ਸਹੀ ਮੁੱਦਾ ਸਮਝ ਗਏ ਤਾਂ ਅਸੀਂ ਇਕ ਨਹੀਂ ਕਈ-ਕਈ ਭਾਸ਼ਾਵਾਂ ‘ਚ ਗਿਆਨ ਹਾਸਿਲ ਵੀ ਕਰ ਸਕਦੇ ਹਾਂ ਤੇ ਇਕਸਾਰਤਾ ਵੀ ਕਾਇਮ ਰੱਖ ਸਕਦੇ ਹਾਂ।
ਬਹੁਤ ਸਾਰੇ ਉਪਰਾਲੇ ਅਸੀਂ ਵਿਦੇਸ਼ਾਂ ‘ਚ ਕਰ ਰਹੇ ਹਾਂ ਅਤੇ ਬਹੁਤ ਸਾਰੇ ਹੋਰ ਕੀਤੇ ਜਾ ਸਕਦੇ ਹਨ। ਆਸਟ੍ਰੇਲੀਆ ਦੀ ਸਰਕਾਰ ਨੇ ਸਾਡੇ ਨਾਲ ਇਸ ਕੰਮ ‘ਚ ਕਦੇ ਵਿਤਕਰਾ ਨਹੀਂ ਕੀਤਾ। ਉਹ ਗੁਰ ਘਰਾਂ ਨੂੰ ਜ਼ਿਆਦਾ ਮਾਲੀ ਮਦਦ ਉਦੋਂ ਹੀ ਕਰਦੀ ਹੈ ਜਦੋਂ ਉਹ ਗੁਰੂ ਘਰ ਦੇ ਨਾਲ ਸਕੂਲ ਵੀ ਚਲਾਉਂਦੇ ਹਨ ਤੇ ਉਹ ਸਕੂਲ ਵੀ ਸਾਡੀ ਮਾਤ ਭਾਸ਼ਾ ਦਾ। ਅੱਜ ਕੱਲ੍ਹ ਤਾਂ ਸਰਕਾਰੀ ਕਾਗ਼ਜ਼ ਵੀ ਗੁਰਮੁਖੀ ‘ਚ ਮੁਹੱਈਆ ਹਨ। ਦੋ ਭਾਸ਼ੀਆ ਤੇ ਵੀ ਸਰਕਾਰ ਬਹੁਤ ਪੈਸਾ ਖ਼ਰਚਦੀ ਹੈ। ਬਹੁਤ ਸਾਰੇ ਅਖ਼ਬਾਰ ਅਤੇ ਰਸਾਲੇ, ਰੇਡੀਉ ਅਤੇ ਟੀ.ਵੀ. ਸ਼ੋਅ ਮੁਫ਼ਤ ‘ਚ ਲੋਕਾਂ ਤੱਕ ਪੁੱਜਦੇ ਹਨ। ਬਹੁਤ ਸਾਰੇ ਅਦਾਰੇ ਬਣ ਚੁੱਕੇ ਹਨ ਜੋ ਪੰਜਾਬੀ ਦੇ ਸਮਾਗਮ ਅਤੇ ਤਿਉਹਾਰ ਆਦਿ ਕਰਵਾਉਂਦੇ ਰਹਿੰਦੇ ਹਨ। ਪਿਛਲੇ ਚੌਦਾਂ ਵਰ੍ਹਿਆਂ ‘ਚ ਜੇ ਕਿਸੇ ਚੀਜ਼ ਨੇ ਮੈਨੂੰ ਸਭ ਤੋਂ ਵੱਧ ਸਕੂਨ ਦਿੱਤਾ ਹੈ ਤਾਂ ਉਹ ਹੈ ਆਸਟ੍ਰੇਲੀਆ ‘ਚ ਪੰਜਾਬੀ ਮਾਂ ਬੋਲੀ ਦਾ ਪ੍ਰਸਾਰ ਹੁੰਦਾ ਦੇਖਣਾ। ਪਰ ਜਦੋਂ ਇਸੇ ਸਮੇਂ ਕਾਲ ‘ਚ ਆਪਣੇ ਦੇਸ਼ ਤੋਂ ਮਾਂ ਬੋਲੀ ਦੇ ਹੋ ਰਹੇ ਘਾਣ ਦੀਆਂ ਖ਼ਬਰਾਂ ਸੁਣਦੇ ਹਾਂ ਤਾਂ ਉਹੀ ਸਕੂਨ ਖੁੱਸ ਜਾਂਦਾ ਹੈ।
ਅੱਜ ਆਧੁਨਿਕਤਾ ਦੇ ਇਸ ਦੌਰ ‘ਚ ਜੋ ਤਾਕਤ ਸਾਨੂੰ ਆਪਣੀ ਭਾਸ਼ਾ ਦੇ ਪ੍ਰਸਾਰ ਕਰਨ ਲਈ ਮੁਫ਼ਤ ‘ਚ ਮਿਲੀ ਹੋਈ ਹੈ(ਸੋਸ਼ਲ ਮੀਡੀਆ) ਉਹ ਵੀ ਸਾਡੇ ਤਾਂ ਹੱਡੀ ਬੈਠਦੀ ਜਾ ਰਹੀ ਹੈ। ਪਹਿਲਾਂ ਇੰਗਲਿਸ਼ ਤਾਂ ਸੁਣੀ ਸੀ ਹੁਣ ਤਕਰੀਬਨ ਦਹਾਕੇ ਤੋਂ ਇਕ ‘ਪਿਨਗਲਿਸ਼’ ਦਾ ਜਨਮ ਹੋ ਗਿਆ। ਜਿਹੜੀ ਕਿ ਮਾਂ ਬੋਲੀ ਲਈ ਇਸ ਵਕਤ ਸਭ ਤੋਂ ਵੱਧ ਖ਼ਤਰਨਾਕ ਹੈ।
ਬਹੁਤ ਦੁੱਖ ਲੱਗਦਾ ਹੈ ਜਦੋਂ ਕਈ ਬੁੱਧੀਜੀਵੀ ਜਾਂ ਤਾਂ ਖੁੱਲ੍ਹ ਕੇ ਇਸ ਦਾ ਸਮਰਥਨ ਕਰਦੇ ਹਨ ਜਾਂ ਫੇਰ ਜਾਣੇ-ਅਨਜਾਣੇ ‘ਚ ਇਸ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਵਰਤ ਕੇ ਇਸ ਦਾ ਫੈਲਾਓ ਕਰਦੇ ਹਨ। ਸੋਚਣ ਵਾਲੀ ਗੱਲ ਹੈ ਕਿ ਅੱਜ ਦੇ ਯੁੱਗ ‘ਚ ਹਰ ਕੋਈ ਦਿਨ ‘ਚ ਘੱਟੋ ਘੱਟ ਦਸ ਬਾਰ ਵੱਖੋ-ਵੱਖ ਮਾਧਿਅਮਾਂ ਰਾਹੀਂ ਇਕ ਦੂਜੇ ਨੂੰ ਸੁਨੇਹੇ ਭੇਜਦਾ ਹੈ। ਜੇਕਰ ਅਸੀਂ ਆਪਣੇ ਆਪ ਨਾਲ ਇਹ ਬਚਨ ਕਰ ਲੈਂਦੇ ਹਾਂ ਕਿ ਅੱਜ ਤੋਂ ਮੈਂ ਰੋਮਨ ‘ਚ ਨਹੀਂ ਸਿਰਫ਼ ਗੁਰਮੁਖੀ ‘ਚ ਪੰਜਾਬੀ ਲਿਖਾਂਗਾ ਤਾਂ ਬਹੁਤ ਵੱਡੀ ਕ੍ਰਾਂਤੀ ਆ ਸਕਦੀ ਹੈ।
ਅੱਜ ਤਾਂ ਸਾਡੇ ਕੋਲ ਗੁਰਮੁਖੀ ਨੂੰ ਇਕੱਲੇ ਟਾਈਪ ਕਰਨ ਦੇ ਹੀ ਨਹੀਂ ਬੋਲ ਕੇ ਲਿਖਣ ਦੇ ਵੀ ਸਾਧਨ ਹਾਸਿਲ ਹਨ। ਜਿਹੜੇ ਕਿ ਸੋ ਫ਼ੀਸਦੀ ਸਹੀ ਕੰਮ ਕਰਦੇ ਹਨ ਕਿਉਂਕਿ ਭਾਸ਼ਾ ਮਾਹਿਰਾਂ ਦਾ ਮੰਨਣਾ ਹੈ ਕਿ ਗੁਰਮੁਖੀ ਦੁਨੀਆ ਦੀ ਇੱਕੋ-ਇਕ ਭਾਸ਼ਾ ਹੈ ਜਿਸ ਕੋਲ ਬਵੰਜਾ ਅੱਖਰ ਅਤੇ ਸਹਾਇਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਕ ਸਰੀਰ ਕੋਲ ਬਵੰਜਾ ਧੁਨੀਆਂ ਕੱਢਣ ਦੀ ਹੀ ਤਾਕਤ ਹੁੰਦੀ ਹੈ ਤੇ ਗੁਰਮੁਖੀ ਉਸ ਨੂੰ ਪੂਰਨ ਵਰਤ ਸਕਦੀ ਹੈ। (ਜਿਸ ਦਾ ਵਿਸਥਾਰ ਤੁਸੀਂ ਅਮਨਦੀਪ ਸਿੰਘ ਦੀ ਕਿਤਾਬ ‘ਮੁੰਦਾਵਣੀ’ ਦੇ ਇਕ ਲੇਖ ਵਿਚੋਂ ਲੈ ਸਕਦੇ ਹੋ)
ਪੰਜਾਬੀ ਵਿਸ਼ਵ ਵਿਦਿਆਲਿਆ ਪਟਿਆਲਾ ਭਾਵੇਂ ਭਾਸ਼ਾ ਦੇ ਆਧਾਰ ਤੇ ਬਣਿਆ ਇਕਲੌਤਾ ਅਦਾਰਾ ਹੈ ਜਿਸ ਨੂੰ ਕਿ ਅਕਸਰ ਭੰਡਿਆ ਜਾਂਦਾ ਹੈ ਪਰ ਮੇਰਾ ਮੰਨਣਾ ਹੈ ਕਿ ਉਹ ਆਪਣੇ ਸੀਮਤ ਸਾਧਨਾਂ ਨਾਲ ਕਾਫ਼ੀ ਕੁਝ ਸਾਨੂੰ ਦੇ ਰਿਹਾ ਹੈ। ਨਿੱਜੀ ਤੌਰ ਤੇ ਜੇ ਮੈਂ ਅੱਜ ਪੰਜਾਬੀ ਲਿਖਣ ਦੇ ਕਾਬਿਲ ਹੋਇਆ ਹਾਂ ਤਾਂ ਇਸ ‘ਚ ਵਿਸ਼ਵ ਵਿਦਿਆਲਿਆ ਵੱਲੋਂ ਬਣਾਏ ‘ਅੱਖਰ’ ਸਾਫ਼ਟਵੇਅਰ ਦਾ ਬਹੁਤ ਵੱਡਾ ਯੋਗਦਾਨ ਹੈ।
ਅਖੀਰ ‘ਚ ਮੈ ਇਹ ਗੱਲ ਮਾਣ ਨਾਲ ਲਿਖ ਸਕਦਾ ਹਾਂ ਕਿ ਅੱਜ ਜੇ ਪਾਠਕਾਂ ‘ਚ ਮੈਂ ਥੋੜ੍ਹੀ ਬਹੁਤ ਪਛਾਣ ਬਣਾਈ ਹੈ ਤਾਂ ਉਹ ਮੇਰੀ ਮਾਂ ਬੋਲੀ ਦੀ ਬਦੌਲਤ ਹੀ ਹੈ। ਮਾਂ ਬੋਲੀ ਜਿਸ ਤੇ ਰਹਿਮਤਾਂ ਕਰ ਦੇਵੇ ਉਸ ਦੀਆਂ ਝੋਲੀਆਂ ਭਰ ਦਿੰਦੀ ਹੈ ਪਰ ਅਫ਼ਸੋਸ ਝੋਲੀਆਂ ਭਰ ਕੇ ਇਸ ਦੇ ਉਹੀ ਪੁੱਤ ਅਕਸਰ ਕਪੁੱਤ ਬਣ ਕੇ ਕੈਮਰਿਆਂ ਮੂਹਰੇ ਚੌੜੇ ਹੋ-ਹੋ ਕਹਿੰਦੇ ਹਨ ਕਿ ਅਸੀਂ ਤਾਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ।