ਨਿਊਯਾਰਕ – ਗਲੋਬਲ ਮਾਈਗ੍ਰੇਸ਼ਨ ਏਜੰਸੀ ਨੇ ਕੋਰੋਨਾ ਵਾਇਰਸ ਸਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਆਉਣ ਵਾਲਾ ਸਮਾਂ ਅਫ਼ਗਾਨਿਸਤਾਨ ਦੇ ਲਈ ਬਹੁਤ ਕਠਿਨ ਹੋ ਸਕਦਾ ਹੈ। ਕੋਰੋਨਾ ਮਹਾਂਮਾਰੀ ਦੇ ਪਾਜਿਟਵ ਮਾਮਲਿਆਂ ਦੀ ਸੰਖਿਆ ਦੱਸਦੀ ਹੈ ਕਿ ਅਫ਼ਗਾਨਿਸਤਾਨ ਵਿੱਚ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸੰਕਰਮਣ ਦਰ ਸੱਭ ਤੋਂ ਜਿਆਦਾ ਹੋ ਸਕਦੀ ਹੈ। ਏਜੰਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੁੱਧਗ੍ਰਸਤ ਦੇਸ਼ਾਂ ਵਿੱਚ ਸੰਘਰਸ਼ ਦਾ ਵਿਸਤਾਰ ਕੋਰੋਨਾ ਮਹਾਂਮਾਰੀ ਦੀ ਪ੍ਰਤੀਕਿਰਿਆ ਨੂੰ ਵਧਾ ਰਿਹਾ ਹੈ।
ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਕਿਹਾ ਹੈ ਕਿ 5 ਮਈ ਤੱਕ ਅਫ਼ਗਾਨਿਸਤਾਨ ਵਿੱਚ ਕੋਰੋਨਾ ਮਹਾਂਮਾਰੀ ਦੇ 2900 ਮਾਮਲਿਆਂ ਦੀ ਪੁਸ਼ਟੀ ਹੋਈ ਸੀ ਅਤੇ ਇਸ ਦੌਰਾਨ 90 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਫ਼ਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਤਕਾਲ ਕੀਤੇ ਜਾਣ ਵਾਲੇ ਉਪਾਵਾਂ ਦੀ ਘਾਟ ਹੋਣ ਕਰ ਕੇ ਦੇਸ਼ ਦੀ ਕੁਲ 3.5 ਕਰੋੜ ਦੀ ਆਬਾਦੀ ਵਿੱਚ 80 ਫੀਸਦੀ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ। ਹਾਲ ਹੀ ਵਿੱਚ 50 ਤੋਂ 70 ਲੱਖ ਦੀ ਆਬਾਦੀ ਵਾਲੇ ਕਾਬੁਲ ਦੇ 500 ਵਿਅਕਤੀਆਂ ਦੇ ਨਮੂਨਿਆਂ ਵਿੱਚ ਸੰਕਰਮਣ ਦੀ ਦਰ 50 ਫੀਸਦੀ ਸੀ।