8 ਮਈ ਨੂੰ ਪੂਰੀ ਦੁਨੀਆਂ ਵਿੱਚ ਰੈੱਡ ਕਰਾਸ ਦਿਵਸ ਮਨਾਇਆ ਜਾਂਦਾ ਹੈ। ਜਨੇਵਾ- ਸਵਿੱਟਜ਼ਰਲੈਂਡ ਦੇ ਵਾਸੀ ਹੈਨਰੀ ਡੂਨੈਂਟ ਨੂੰ ਇਸ ਸੰਸਥਾ ਦਾ ਬਾਨੀ ਮੰਨਿਆਂ ਗਿਆ ਹੈ। ਇਸ ਲਈ ਇਹ ਦਿਨ ਉਸ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। 8 ਮਈ, 1828 ਨੂੰ ਜਨਮੇ, ਇਸ ਸ਼ਖਸ ਨੇ 1859 ਵਿੱਚ‘ਫਸਟ ਵਰਲਡ ਵਾਰ’ ਦੌਰਾਨ- ਜੋ ਕਿ ਚਾਰ ਦੇਸ਼ਾਂ ਵਿਚਕਾਰ ਹੋਈ ਸੀ, 40 ਹਜ਼ਾਰ ਤੋਂ ਵੱਧ ਫੌਜੀਆਂ ਨੂੰ, ਜ਼ਖਮੀ ਹੋ ਕੇ ਮਰਦੇ ਤੱਕਿਆ। ਜਿਸ ਨਾਲ ਉਸ ਦਾ ਕੋਮਲ ਹਿਰਦਾ ਵਿੰਨਿਆਂ ਗਿਆ। ਉਸ ਨੇ ਆਪਣੇ ਜੀਵਨ ਵਿੱਚ ਪਹਿਲੀ ਵਾਰੀ ਜੰਗ ਦਾ ਦ੍ਰਿਸ਼ ਵੇਖਿਆ ਸੀ। ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹੈਨਰੀ ਦੇ ਅੰਦਰੋਂ ਸਮੁੱਚੀ ਮਾਨਵਤਾ ਲਈ ਇੱਕ ਹੂਕ ਨਿਕਲੀ, ਜਿਸ ਦੀ ਪੀੜ ਦਾ ਜ਼ਿਕਰ ਉਸ ਨੇ ਆਪਣੀ ਪੁਸਤਕ- ‘ਮੈਮਰੀ ਆਫ ਸੈਲਫਰੀਨੋ’ ਵਿੱਚ ਵੀ ਕੀਤਾ ਹੈ। ਉਸ ਨੇ ਚਰਚ ਨੂੰ ਜ਼ਖਮੀਆਂ ਦੀ ਸੇਵਾ ਸੰਭਾਲ ਲਈ, ਟੈਂਪਰੇਰੀ ਹਸਪਤਾਲ ਵਿੱਚ ਬਦਲਿਆ। ਬਾਅਦ ਵਿੱਚ, ਉਸ ਦੇ ਮਨ ਵਿੱਚ ਇੱਕ ਐਸੀ ਸੰਸਥਾ ਬਨਾਉਣ ਦਾ ਵਿਚਾਰ ਆਇਆ, ਜੋ ਯੁੱਧ ਵੇਲੇ ਜਾਂ ਹੋਰ ਕਿਸੇ ਕੁਦਰਤੀ ਆਫਤਾਂ ਵੇਲੇ, ਬਿਨਾ ਕਿਸੇ ਭੇਦ ਭਾਵ ਤੋਂ, ਜ਼ਖਮੀਆਂ ਦੀ ਸੇਵਾ ਸੰਭਾਲ ਲਈ ਹਰ ਵੇਲੇ ਤਿਆਰ ਰਹੇ। ਵਿਸ਼ਵ ਭਰ ਦੇ ਚਿੰਤਕਾਂ ਨੂੰ ਉਸ ਦਾ ਇਹ ਵਿਚਾਰ ਪਸੰਦ ਆਇਆ। ਇਸ ਤਰ੍ਹਾਂ 26 ਅਕਤੂਬਰ, 1863 ਨੂੰ ‘ਰੈੱਡ ਕਰਾਸ’ ਨਾਂ ਦੀ ਇੱਕ ਸੰਸਥਾ ਬਣਾਈ ਗਈ। ਵਿਸ਼ਵ ਸ਼ਾਂਤੀ ਲਈ ਕੀਤੇ ਇਸ ਉਪਰਾਲੇ ਸਦਕਾ 1901 ਵਿਚ ਉਸਨੂੰ ਨੋਬਲ ਪਰਾਈਜ਼ ਨਾਲ ਸਨਮਾਨਿਤ ਕੀਤਾ ਗਿਆ।
ਦੂਜੇ ਪਾਸੇ ਜੇਕਰ ਸਿੱਖ ਇਤਹਾਸ ਨੂੰ ਘੋਖਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ- ਰੈੱਡ ਕਰਾਸ ਦੀ ਨੀਂਹ ਤਾਂ ਇਸ ਤੋਂ ਵੀ ਪਹਿਲਾਂ, 1704 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ, ਭਾਈ ਘਨ੍ਹਈਆ ਦੁਆਰਾ ਹੀ ਰੱਖ ਦਿੱਤੀ ਸੀ। ਭਾਈ ਘਨ੍ਹਈਆ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਅਣਥੱਕ ਪਿਆਰੇ ਸਿੱਖਾਂ ਵਿੱਚੋਂ ਸਨ। ਉਹ ਦੁਸ਼ਮਣ ਨਾਲ ਹੋਈਆਂ ਲੜਾਈਆਂ ਸਮੇਂ, ਬਿਨਾ ਕਿਸੇ ਭੇਦ ਭਾਵ ਤੋਂ, ਯੁੱਧ ਦੇ ਮੈਦਾਨ ਵਿੱਚ ਸਾਰੇ ਜ਼ਖਮੀਆਂ ਨੂੰ ਪਾਣੀ ਪਿਲਾਈ ਜਾਂਦੇ। ਕੁੱਝ ਸਿੱਖਾਂ ਨੇ ਗੁਰੂ ਜੀ ਕੋਲ ਆ ਕੇ ਸ਼ਿਕਾਇਤ ਕੀਤੀ-
“ਜਿਹਨਾਂ ਨੂੰ ਸਾਡੇ ਸਿੰਘ ਜ਼ਖਮੀ ਕਰਦੇ ਹਨ, ਭਾਈ ਘਨੱਈਆ ਜੀ ਉਹਨਾਂ ਨੂੰ ਪਾਣੀ ਪਿਲਾ ਕੇ ਮੁੜ ਜਿਉਂਦੇ ਕਰ ਦਿੰਦੇ ਹਨ- ਇਹ ਤਾਂ ਦੁਸ਼ਮਣਾ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ!”
ਗੁਰੂ ਸਾਹਿਬ ਨੇ ਭਾਈ ਘਨ੍ਹਈਏ ਨੂੰ ਬੁਲਾਇਆ ਤੇ ਪੁੱਛਿਆ- “ਕੀ ਇਹ ਸਿੰਘ ਤੇਰੇ ਬਾਰੇ ਠੀਕ ਕਹਿ ਰਹੇ ਹਨ?”
ਤਾਂ ਭਾਈ ਜੀ ਨੇ ਸ਼ਿਕਾਇਤ ਨੂੰ ਕਬੂਲ ਕਰਦਿਆਂ ਹੋਇਆਂ ਕਿਹਾ- “ਪਾਤਸ਼ਾਹ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ, ਮੈਂਨੂੰ ਤਾਂ ਹਰ ਜ਼ਖਮੀ ਵਿਚੋਂ ਤੁਹਾਡਾ ਹੀ ਚਿਹਰਾ ਨਜ਼ਰ ਆਉਂਦਾ ਹੈ- ਮੈਂ ਕਿਵੇਂ ਫਰਕ ਕਰਾਂ?”
ਦਸ਼ਮੇਸ਼ ਪਿਤਾ ਨੇ ਇਹ ਸੁਣ ਕੇ ਭਾਈ ਘਨ੍ਹਈਏ ਨੂੰ ਗ਼ਲ ਨਾਲ ਲਾ ਲਿਆ ਤੇ ਨਾਲ ਹੀ ਇੱਕ ਮਲ੍ਹਮ ਦੀ ਡੱਬੀ ਵੀ ਦੇ ਦਿੱਤੀ ਤੇ ਕਿਹਾ- “ਜਿਹਨਾਂ ਨੂੰ ਪਾਣੀ ਪਿਲਾਉਂਦਾ ਹੈਂ ਉਹਨਾਂ ਦੇ ਜ਼ਖਮਾਂ ਤੇ ਹੁਣ ਮਲ੍ਹਮ ਵੀ ਲਾ ਦਿਆ ਕਰੀਂ!”
ਗੁਰੂ ਸਾਹਿਬ ਨੇ ਬਾਕੀ ਸਿੱਖਾਂ ਨੂੰ ਸਮਝਾਇਆ ਕਿ- “ਇਹ ਤਾਂ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਪਹੁੰਚ ਚੁੱਕਾ ਹੈ। ਇਸ ਦੀ ਸੋਚ ਨਿਰਭਉ ਹੈ, ਨਿਰਵੈਰ ਹੈ- ਇਸ ਨੂੰ ਕੋਈ ਦੁਸ਼ਮਣ ਦਿਖਾਈ ਹੀ ਨਹੀਂ ਦਿੰਦਾ- ਗੁਰਬਾਣੀ ਦਾ ਅਸਲ ਮੰਤਵ ਇਸ ਨੇ ਮਨ ‘ਚ ਵਸਾ ਲਿਆ ਹੈ!”
ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਇਸੇ ਤਰ੍ਹਾਂ ਦੀ ਸੋਚ ਦਾ ਸੰਕਲਪ ਦਿੱਤਾ। ਸੋ ਸੱਚੇ ਸੁੱਚੇ ਸੇਵਕ ਭਾਈ ਘਨ੍ਹਈਆ ਜੀ, ਮਾਨਵੀ ਸੇਵਾ ਦੀ ਇੱਕ ਵਿਲੱਖਣ ਮਿਸਾਲ ਹਨ ਸਾਡੇ ਸਾਹਮਣੇ। ਭਾਈ ਘਨੱਈਆ ਜੀ ਦਾ ਜਨਮ, ਪਾਕਿਸਤਾਨ ਵਿੱਚ ਸਿਆਲਕੋਟ ਜ਼ਿਲੇ ਦੇ ਪਿੰਡ ਸੋਢਰਾ ਵਿੱਖੇ ਭਾਈ ਨੱਥੂ ਰਾਮ ਜੀ ਤੇ ਮਾਤਾ ਸੁੰਦਰੀ ਜੀ ਦੀ ਕੁੱਖੋਂ ਇੱਕ ਧਨੀ ਪਰਿਵਾਰ ਵਿੱਚ ਹੋਇਆ। ਆਪ ਜੀ ਦੇ ਪਿਤਾ ਜੀ ਇੱਕ ਮੰਨੇ ਪ੍ਰਮੰਨੇ ਵਪਾਰੀ ਸਨ। ਪਰ ਭਾਈ ਘਨ੍ਹਈਆ ਜੀ ਬਚਪਨ ਤੋਂ ਹੀ, ਦੀਨ ਦੁਖੀਆਂ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਕਰਦੇ। ਪਿਤਾ ਦੀ ਮੌਤ ਤੋਂ ਬਾਅਦ, ਆਪ ਜੀ ਨੂੰ ਵਪਾਰ ਸੰਭਾਲਣਾ ਪਿਆ। ਵਪਾਰ ਦੇ ਸਬੰਧ ਵਿੱਚ ਹੀ, ਆਪ ਜੀ ਦਾ ਮੇਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਖ, ਭਾਈ ਨਨੂੰਆਂ ਜੀ ਨਾਲ ਹੋਇਆ ਜਿਹਨਾਂ ਤੋਂ ਆਪ ਜੀ ਨੇ ਗੁਰਬਾਣੀ ਸੁਣੀ ਅਤੇ ਆਪ ਜੀ ਦੇ ਅੰਦਰ, ਨੌਵੇਂ ਪਾਤਸ਼ਾਹ ਦੇ ਦਰਸ਼ਨਾਂ ਦੀ ਤਾਂਘ ਉਤਪਨ ਹੋਈ। ਦਰਸ਼ਨ ਕੀਤੇ ਤੇ ਉਹਨਾਂ ਦੇ ਅਨਿਨ ਸਿੱਖ ਬਣ ਕੇ, ਗੁਰੂ ਘਰ ਨਾਲ ਐਸੇ ਜੁੜੇ ਕਿ ਸੇਵਾ ਨੂੰ ਹੀ ਜੀਵਨ ਦਾ ਆਦਰਸ਼ ਮੰਨ ਲਿਆ। ਸੇਵਾ ਕਰਦਿਆਂ ਹਉਮੈਂ ਨੂੰ ਕਦੇ ਨੇੜੇ ਨਹੀਂ ਢੁੱਕਣ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਪ ਜੰਗਾਂ ਯੁੱਧਾਂ ਵਿੱਚ ਮਸ਼ਕ ਰਾਹੀਂ ਜ਼ਖਮੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਨਿਭਾਉਂਦੇ ਰਹੇ।
ਸਾਡੀ ਤ੍ਰਾਸਦੀ ਹੈ ਕਿ- ਅਸੀਂ ਰੈੱਡ ਕਰਾਸ ਦੀ ਸੋਚ ਦੇ ਇਸ ਅਸਲ ਬਾਨੀ ਬਾਰੇ ਦੁਨੀਆਂ ਨੂੰ ਦੱਸ ਨਹੀਂ ਸਕੇ। ਨਾ ਹੀ ਅਸੀਂ ਕੋਈ ਵਿਸ਼ਵ ਪੱਧਰ ਦੀ ‘ਭਾਈ ਘਨੱਈਆ ਰੈੱਡ ਕਰਾਸ ਸੰਸਥਾ’ ਦਾ ਗਠਨ ਕਰ ਸਕੇ- ਜਿਸ ਦੀਆਂ ਸ਼ਾਖਾਵਾਂ ਪੂਰੀ ਦੁਨੀਆਂ ਵਿੱਚ ਹੁੰਦੀਆਂ। ਪਰ ਹਾਂ- ਇੱਕ ‘ਖਾਲਸਾ ਏਡ’ ਨਾਂ ਦੀ ਸੰਸਥਾ 1999 ਵਿੱਚ ਹੋਂਦ ਵਿੱਚ ਆਈ, ਜਿਸ ਦੇ ਬਾਨੀ ਭਾਈ ਰਵਿੰਦਰ ਸਿੰਘ ਜੀ ਯੂ. ਕੇ. ਵਾਲੇ ਹਨ ਜੋ ਰਵੀ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਹਨ। ਇਸ ਦੀਆਂ ਸ਼ਾਖਾਵਾਂ ਹੁਣ ਕਈ ਦੇਸ਼ਾਂ ਵਿੱਚ ਭਾਈ ਘਨੱਈਆ ਜੀ ਦੀ ਸੋਚ ਨੂੰ ਸਮਰਪਿਤ ਕੰਮ ਕਰ ਰਹੀਆਂ ਹਨ। ਇਹ ਸੰਸਥਾ ਕੁਦਰਤੀ ਆਫਤਾਂ ਵੇਲੇ, ਪੀੜਤਾਂ ਲਈ ਵਰਦਾਨ ਸਿੱਧ ਹੁੰਦੀ ਹੈ। ਜੰਮੂ ਵਿੱਚ ਹੜ੍ਹਾਂ ਵੇਲੇ, ਉਤਰਾਖੰਡ ਵਿੱਚ ਹੋਈ ਤਬਾਹੀ ਵੇਲੇ, ਲੋਕਾਂ ਨੂੰ ਮਲਬੇ ਹੇਠੋਂ ਕੱਢਣ ਤੇ ਰਾਹਤ ਸਮੱਗਰੀ ਪਹੁੰਚਾਣ ਦਾ ਸ਼ਲਾਘਾ ਯੋਗ ਕਾਰਜ ਕਰਨ ਵੇਲੇ, ਬੰਬਈ ਵਿੱਚ ਹੜ੍ਹਾਂ ਵੇਲੇ, ਨੈਪਾਲ ਵਿੱਚ ਭੁਚਾਲ ਵੇਲੇ, ਇਰਾਕ ਦੇ ਬਾਰਡਰ ਤੇ ਸੀਰੀਅਨ ਲਈ- ਇਸ ਸੰਸਥਾ ਦੇ ਵਲੰਟੀਅਰ, ਸਭ ਤੋਂ ਪਹਿਲਾਂ ਪਹੁੰਚਦੇ ਹਨ ਜੋ ਕਿ ਪੰਜਾਬੀਆਂ ਲਈ ਤੇ ਖਾਸ ਕਰ ਸਿੱਖ ਭਾਈਚਾਰੇ ਲਈ, ਮਾਣ ਵਾਲੀ ਗੱਲ ਹੈ।
ਪੰਜਾਬ ਵਿੱਚ ਵੀ ਹੜ੍ਹਾਂ ਵੇਲੇ, ਖਾਲਸਾ ਏਡ ਨੇ ਪੰਜਾਬੀਆਂ ਦੀ ਕਿੰਨੀ ਮਦਦ ਕੀਤੀ- ਆਪਾਂ ਸਾਰੇ ਜਾਣਦੇ ਹੀ ਹਾਂ। ਜਦੋਂ ਮਹਾਂਰਾਸ਼ਟਰ ਵਿੱਚ ਸੋਕਾ ਪਿਆ ਤਾਂ ਉਦੋਂ ਵੀ ਖਬਰ ਆਈ ਸੀ ਕਿ- ‘ਮਹਾਂਰਾਸ਼ਟਰ ਦੇ ਸੋਕੇ ਦੇ ਇਲਾਕੇ ਵਿੱਚ ਵੀ ‘ਖਾਲਸਾ ਏਡ’ ਦੀ ਪੰਜਾਬ (ਪਟਿਆਲਾ) ਬਰਾਂਚ ਦੇ ਵਲੰਟੀਅਰ, ਪੰਜਾਬ ਤੋਂ ਪਾਣੀ ਦੇ ਟੈਂਕਰ ਲੈ ਕੇ ਪਹੁੰਚੇ ਹਨ!’ ਬੂੰਦ ਬੂੰਦ ਪਾਣੀ ਨੂੰ ਤਰਸਦੇ ਲੋਕਾਂ ਲਈ, ਸਿੱਖਾਂ ਦਾ ਇਹ ਵਰਤਾਰਾ ਕੋਈ ਰੱਬੀ ਰਹਿਮਤ ਤੋਂ ਘੱਟ ਨਹੀਂ ਸੀ। ਵੈਸੇ ਵੀ, ਹਰ ਆਫਤ ਵੇਲੇ ਗੁਰੂ ਘਰਾਂ ਵਿੱਚ ਪੀੜਤਾਂ ਨੂੰ ਪਨਾਹ ਦਿੱਤੀ ਜਾਂਦੀ ਹੈ। ਮੁਫਤ ਲੰਗਰ ਚਲਾਏ ਜਾਂਦੇ ਹਨ। 2016-17 ਵਿੱਚ, ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਫੋਰਟ ਮੈਕਮਰੀ ਵਿਖੇ ਲੱਗੀ ਅੱਗ ਕਾਰਨ, 88000 ਤੋਂ ਵੱਧ ਲੋਕ ਬੇਘਰੇ ਹੋ ਗਏ ਸਨ। ਜਿਹਨਾਂ ਵਿੱਚੋਂ ਬਹੁਤੇ ਲੋਕਾਂ ਐਡਮੰਟਨ ਠਹਿਰੇ ਹੋਏ ਸਨ। ਇਸ ਸ਼ਹਿਰ ਦੇ ਗੁਰੂ ਘਰਾਂ ਵਿੱਚ, ਬਿਨਾ ਕਿਸੇ ਭੇਦ ਭਾਵ ਦੇ ਲੰਗਰ ਚਲਦੇ ਰਹੇ। ਰਿਹਾਇਸ਼ ਦਾ ਪ੍ਰਬੰਧ ਵੀ ਕੀਤਾ ਗਿਆ। ਅੰਗਰੇਜ਼ ਲੋਕ ਸਿੱਖਾਂ ਦੀ ‘ਫਰੀ ਕਿਚਨ’ ਤੇ ਸੇਵਾ ਭਾਵ ਤੋਂ ਬਹੁਤ ਪ੍ਰਭਾਵਤ ਹਨ। ਰੈੱਡ ਕਰਾਸ ਨੂੰ ਵੀ, ਬਾਕੀ ਭਾਈਚਾਰਿਆਂ ਤੋਂ ਵੱਧ ਸਾਡੇ ਸਿੱਖ ਭਾਈਚਾਰੇ ਨੇ ਦਿੱਲ ਖੋਲ੍ਹ ਕੇ ਡੋਨੇਸ਼ਨ ਦਿੱਤੀ ਹੈ। ਇਹ ਸਭ ਭਾਈ ਘਨ੍ਹਈਆ ਜੀ ਦੀ ਵਿਲੱਖਣ ਸੋਚ ਦਾ ਹੀ ਨਤੀਜਾ ਹੈ। ਅੱਜ ਇਸ ਕਰੋਨਾ ਨਾਂ ਦੀ ਮਹਾਂਮਾਰੀ ਦੇ ਸੰਕਟ ਵੇਲੇ ਵੀ, ਧੰਨ ਹਨ ਇਹ ਭਾਈ ਘਨ੍ਹਈਆ ਦੇ ਵਾਰਿਸ- ਜੋ ਦੇਸ਼ ਵਿਦੇਸ਼ ਵਿੱਚ, ਗੁਰੂ ਘਰਾਂ ‘ਚ ਲੰਗਰ ਪ੍ਰਸ਼ਾਦੇ ਤਿਆਰ ਕਰ ਕੇ, ਹਰ ਰੋਜ਼ ਹਜ਼ਾਰਾਂ ਲੋਕਾਂ ਦੇ ਪੇਟ ਦੀ ਅੱਗ ਬੁਝਾ ਰਹੇ ਹਨ- ਜਦ ਕਿ ਸਾਰੇ ਲੋਕ ਡਰ ਦੇ ਮਾਰੇ ਘਰਾਂ ਅੰਦਰ ਲੁਕੇ ਬੈਠੇ ਹਨ।
ਪਰ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ। ਕੁੱਝ ਗਿਣੇ ਚੁਣੇ ਲੋਕ ਹੀ ਅਜੇਹੀ ਸੋਚ ਦੇ ਮਾਲਕ ਹਨ। ਅਜੋਕੇ ਮਨੁੱਖ (ਸਾਰੇ ਨਹੀਂ) ਦੇ ਸੁਭਾਉੇ ਵਿੱਚ ਸੁਆਰਥ ਪ੍ਰਧਾਨ ਹੈ। ਅਸੀਂ ਹਰ ਰੋਜ਼ ਅਰਦਾਸ ‘ਚ ਤਾਂ ਸਰਬੱਤ ਦਾ ਭਲਾ ਮੰਗਦੇ ਹਾਂ, ਗੱਲਾਂ ਵੀ ਸੇਵਾ ਦੀਆਂ ਕਰਦੇ ਹਾਂ ਪਰ ਸੇਵਾ ਵਿਚ ਵੀ ਦਿਖਾਵਾ ਪ੍ਰਧਾਨ ਹੁੰਦਾ ਹੈ। ਕੁਝ ਲੋਕ ਤਾਂ ਦਾਨ ਹੀ ਫੋਟੋ ਖਿਚਵਾਉਣ ਲਈ ਕੲਦੇ ਹਨ। ਹਉਮੈਂ ਵਿੱਚ ਗ੍ਰਸਤ ਹੋਣ ਕਾਰਨ, ਐਸੇ ਦਾਨ ਜਾਂ ਸੇਵਾ ਦਾ ਕੋਈ ਲਾਭ ਨਹੀਂ ਹੋਣਾ।
ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ॥ ਦੇ ਮਹਾਂਵਾਕ ਅਨੁਸਾਰ- ਅੱਜ ਹਰ ਸਿੱਖ ਨੂੰ ਲੋੜ ਹੈ- ਭੇਦ ਭਾਵ ਤੋਂ ਉਪਰ ਉੱਠ ਕੇ ਮਨੁੱਖਤਾ ਦਾ ਭਲਾ ਸੋਚਣ ਤੇ ਕਰਨ ਦੀ- ਭਾਈ ਘਨੱਈਆ ਜੀ ਦੀ ਸੋਚ ਤੇ ਪਹਿਰਾ ਦੇਣ ਦੀ- ਤੇ ਨਿਰਸੁਆਰਥ ਹੋ ਕੇ ਮਨੁੱਖਤਾ ਲਈ ਤੇ ਵਿਸ਼ਵ ਸ਼ਾਂਤੀ ਲਈ ਸਾਰਥਕ ਕਦਮ ਚੁੱਕਣ ਦੀ। ਨਾਲ ਹੀ ਇਹ ਵੀ ਜਰੂਰੀ ਹੈ ਕਿ- ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਘਨ੍ਹਈਆ ਜੀ ਦੁਆਰਾ, ਰੱਖੀ ਗਈ ਰੈਡ ਕਰਾਸ ਦੀ ਨੀਂਹ ਨੂੰ ਵੀ ਕਿਸੇ ਗੂਗਲ ਤੇ ਦਰਜ ਕਰਾਈਏ- ਤਾ ਕਿ ਸਾਰਾ ਵਿਸ਼ਵ ਸਾਡੇ ਮਾਣ ਮੱਤੇ ਇਤਿਹਾਸ ਤੋਂ ਜਾਣੂੰ ਹੋ ਸਕੇ!