ਪਰਮਜੀਤ ਸਿੰਘ ਬਾਗੜੀਆ, – ਬੀਤੀ ਰਾਤ ਪੰਜਾਬ ਪੁਲਿਸ ਦੇ ਇਕ ਏ.ਐਸ.ਆਈ ਨੇ ਪ੍ਰਸਿੱਧ ਅੰਤਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਲੱਖਣ ਕੇ ਪੱਡਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਿਸਦੀ ਜਖਮਾਂ ਦੀ ਤਾਬ ਨਾ ਝੱਲਦਿਆਂ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ ਅਤੇ ਭਲਵਾਨ ਦਾ ਸਾਥੀ ਖਿਡਾਰੀ ਪ੍ਰਦੀਪ ਲੱਖਣ ਕੇ ਪੱਡਾ ਜਖਮੀ ਹਾਲਤ ਵਿਚ ਹੈ ਪਰ ਖਤਰੇ ਤੋਂ ਬਾਹਰ ਹੈ। ਪਿੰਡ ਦੇ ਨਜਦੀਕ ਹੀ ਵਾਪਰੇ ਇਸ ਦੁਖਦਾਈ ਕਾਂਡ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਨੌਜਵਾਨ ਕਿੱਕੀ ਪੱਡਾ ਮੁੱਖ ਪ੍ਰਬੰਧਕ ਦਸ਼ਮੇਸ਼ ਸਪੋਰਟਸ ਕਲੱਬ ਲੱਖਣ ਕੇ ਪੱਡਾ ਨੇ ਦੱਸਿਆ ਕਿ ਬੀਤੀ ਰਾਤ ਅਰਵਿੰਦਰ ਭਲਵਾਨ ਅੰਤਰਾਸ਼ਟਰੀ ਕਬੱਡੀ ਖਿਡਾਰੀ ਤੇ ਸਾਥੀ ਪ੍ਰਦੀਪ ਪੱਡਾ ਰੋਜਾਨਾ ਅਭਿਆਸ ਤੋਂ ਬਾਅਦ ਨੇੜਲੇ ਢਾਬੇ ਤੋਂ ਜਦੋਂ ਵਾਪਸ ਆ ਰਹੇ ਸਨ ਤਾਂ ਪਿੰਡ ਦੇ ਨਜਦੀਕ ਇਕ ਸ਼ੱਕੀ ਗੱਡੀ ਵੇਖੀ ਜਿਸਦੇ ਕਿ ਫਲੈਪ ਲੱਗੇ ਹੋਏ ਸਨ, ਰੁਕੇ ।ਅੱਜ ਕੱਲ੍ਹ ਕਰੋਨਾ ਮਹਾਮਾਰੀ ਕਰਕੇ ਅਤੇ ਨਸ਼ਿਆ ਦੀ ਵਿੱਕਰੀ ਕਰਕੇ ਵੈਸੇ ਹੀ ਪਿੰਡਾਂ ਵਿਚ ਚੌਕਸੀ ਰੱਖੀ ਜਾ ਰਹੀ ਹੈ ਇਸ ਪੱਖ ਤੋਂ ਜਦੋਂ ਦੋਵੇਂ ਖਿਡਾਰੀ ਇਸ ਸ਼ੱਕੀ ਕਾਰ ਵੱਲ ਪੁੱਜੇ ਤਾਂ ਉਨ੍ਹਾਂ ਗੱਡੀ ਭਜਾ ਲਈ ਜਿਸਤੋਂ ਸ਼ੱਕ ਹੋਰ ਵਧਿਆ ਕਿ ਦੋਵੇਂ ਖਿਡਾਰੀਆਂ ਨੇ ਸ਼ੱਕੀ ਗੱੱਡੀ ਓਵਰਟੇਕ ਕਰਕੇ ਜਦੋਂ ਗੱਡੀ ਰੋਕੀ ਤੇ ਕੋਲ ਜਾ ਪੁੱਛਣਾ ਚਾਹਿਆ ਤਾਂ ਸਾਹਮਣੀ ਗੱਡੀ ਵਿਚੋਂ ਜਿਸ ਵਿਆਕਤੀ ਨੇ ਦੋਵਾਂ ਖਿਡਾਰੀਆਂ ‘ਤੇ ਗੋਲੀਆਂ ਚਲਾਈਆਂ ਉਹ ਨਸ਼ੇ ‘ਚ ਅੰਨਾ ਹੋਇਆ ਏ.ਐਸ.ਆਈ. ਪਰਮਜੀਤ ਸਿੰਘ ਸੀ ਜੋ ਸਥਾਨਕ ਢਿੱਲਵਾਂ ਥਾਣੇ ਵਿਚ ਤਾਇਨਾਤ ਹੈ। ਭਲਵਾਨ ਦੇ ਦੋ ਗੋਲੀਆਂ ਦਿਲ ਵਿਚ ਲੱਗੀਆਂ ਜਦਕਿ ਸਾਥੀ ਖਿਡਾਰੀ ਪ੍ਰਦੀਪ ਦੇ ਬਾਂਹ ਤੇ ਵੱਖੀ ਵਿਚ ਵੱਜੀਆਂ।
ਗੋਲੀਆਂ ਦੀ ਅਵਾਜ ਸੁਣ ਕੇ ਜਦੋਂ ਫੋਨ ਖੜਕੇ ਤਾਂ ਪਤਾ ਚੱਲਿਆਂ ਕਿ ਕਬੱਡੀ ਖਿਡਾਰੀ ਭਲਵਾਨ ਸਖਤ ਜਖਮੀ ਹੈ ਤੇ ਬੇਹੋਸ਼ ਹੈ, ਕਿੱਕੀ ਪੱਡਾ ਜੋ ਤੁਰੰਤ ਮੌਕੇ ‘ਤੇ ਪੁੱਜਾ ਤੇ ਉਸਨੂੰ ਆਪਣੀ ਕਾਰ ਵਿਚ ਪਾ ਕੇ ਨੇੜਲੇ ਐਸ.ਜੀ.ਐਲ.ਹਸਪਤਾਲ ਲੈ ਕੇ ਗਿਆ। ਜਿੱਥੇ ਉਨ੍ਹਾਂ ਤੁਰੰਤ ਕੈਪੀਟਲ ਹਸਪਤਾਲ ਜਲੰਧਰ ਲਿਜਾਣ ਲਈ ਕਿਹਾ ਜਦੋਂ ਭਲਵਾਨ ਨੂੰ ਕੈਪੀਟਲ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਉਹ ਤਾਂ ਕੁਝ ਮਿੰਟ ਪਹਿਲਾ ਹੀ ਦਮ ਤੋੜ ਚੁੱਕਾ ਹੈ।
ਭਲਵਾਨ ਦੇ ਮਾਪਿਆਂ ‘ਤੇ ਇਹ ਖਬਰ ਕਹਿਰ ਬਣ ਕੇ ਟੁੱਟੀ । ਭਲਵਾਨ ਦੇ ਪਿਤਾ ਜੀ ਬਲਵੀਰ ਸਿੰਘ ਭਲਵਾਨ ਜੋ 15 ਸਾਲ ਤੋਂ ਵੱਧ ਲੰਮੇ ਅਰਸੇ ਤੋਂ ਰੀੜ ਦੀ ਹੱਡੀ ਦੇ ਨੁਕਸ ਕਰਕੇ ਬੈੱਡ ‘ਤੇ ਹੀ ਹਨ ਉਨਹਾਂ ਦਾ ਹਾਲ ਵੇਖਿਆ ਨਹੀਂ ਜਾਂਦਾ। ਉਹ ਵੀ ਆਪਣੇ ਸਮੇਂ ਦੇ ਪ੍ਰਸਿੱਧ ਭਲਵਾਨ ਰਹੇ ਹਨ। ਪਿੰਡ ਦੇ ਨੌਜਵਾਨ ਖਿਡਾਰੀ ਦੇ ਕਤਲ ਕਰਕੇ ਸਾਰਾ ਪਿੰਡ ਅਤੇ ਇਲਾਕਾ ਸਮੇਤ ਇਲਾਕੇ ਦੀਆਂ ਸਮੂਹ ਕਲੱਬਾਂ ਸਕਤੇ ਵਿਚ ਹਨ ਅਤੇ ਭਲਵਾਨ ਦੇ ਪਰਿਵਾਰ ਨਾਲ ਅਤੇ ਸਪੋਰਟਸ ਕਲੱਬ ਪੱਡਾ ਦੇ ਮੈਂਬਰਾਂ ਨਾਲ ਲਗਾਤਾਰ ਦੁੱਖ ਪ੍ਰਗਟਾਅ ਰਹੀਆਂ ਹਨ।
ਕਲੱਬ ਦੇ ਮੁੱਖ ਪ੍ਰਬੰਧਕਾਂ ‘ਚੋਂ ਇਕ ਅਤੇ ਭਲਵਾਨ ਦੇ ਨੈੜਲੇ ਮਿੱਤਰ ਕੁਲਵਿੰਦਰ ਕਿੱਕੀ ਪੱਡਾ ਨੇ ਦੱਸਿਆ ਕਿ ਵਿਛੜਿਆ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਲਈ ਖੇਡਣ ਦੇ ਨਾਲ ਨਾਲ 3 ਵਾਰ ਇੰਗਲੈਂਡ, 2 ਵਾਰ ਯੂਰਪ ਅਤੇ ਇਕ ਵਾਰ ਨਿਊਜੀਲੈਂਡ ਵੀ ਖੇਡਿਆ ।
ਭਲਵਾਨ ਦੇ ਕਤਲ ਦੀ ਖਬਰ ਇਲਾਕੇ ਤੇ ਵਿਦੇਸ਼ਾਂ ਵਿਚ ਅੱਗ ਵਾਂਗ ਫੈਲੀ ਕਿੱਕੀ ਪੱਡਾ ਸਮੇਤ ਪਿੰਡ ਦੇ ਸਪੋਰਟਸ ਕਲੱਬ ਪ੍ਰਬੰਧਕਾਂ ਸ ਸ਼ਰਨਜੀਤ ਸਿੰਘ ਪੱਡਾ, ਲਾਡੀ ਬਾਬਾ, ਪਿੰਕਾ ਪੱਡਾ ਯੂ.ਐਸ.ਏ, ਸੁੱਖੀ ਪੱਡਾ, ਜਗਤਾਰ ਪੱਡਾ ਅਤੇ ਜੀਤਾ ਨੇ ਭਲਵਾਨ ਦੇ ਕਤਲ ਦੀ ਸਖਤ ਨਿੰਦਾ ਕਰਦਿਆਂ ਮੰਗ ਕੀਤੀ ਕਿ ਇਸ ਕਤਲ ਦੇ ਦੇ ਜਿੰਮੇਵਾਰ ਪੁਲਿਸ ਅਧਿਕਾਰੀ ਨੂੰ ਸ਼ਖਤ ਤੋਂ ਸਖਤ ਸਜਾ ਦਿੱਤੀ ਜਾਵੇ।ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਵੀ ਪਰਿਵਾਰ ਅਤੇ ਕਲੱਬ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।