ਅੱਜ ਦਾ ਦੌਰ ਸਮੁੱਚੀ ਮਨੁੱਖਤਾ ਲਈ ਮੁਸ਼ਕਿਲਾਂ ਭਰਿਆ ਦੌਰ ਹੈ। ਜਿੱਥੇ ਕੋਰੋਨਾ ਵਾਇਰਸ ਨੇ ਸਮੁੱਚੇ ਸੰਸਾਰ ਦੇ ਸਮਾਜਿਕ ਜੀਵਨ ਨੂੰ ਬਦਲ ਕੇ ਦਿੱਤਾ ਹੈ ਉੱਥੇ ਹੀ ਆਰਥਿਕ, ਰਾਜਨੀਤਿਕ, ਵਪਾਰਕ, ਸਿੱਖਿਅਕ ਖੇਤਰ ਵਿਚ ਵੀ ਵੱਡੇ ਬਦਲਾਓ ਮਹਿਸੂਸ ਕੀਤੇ ਜਾ ਰਹੇ ਹਨ। ਉਂਝ ਇਹ ਲਾਜ਼ਮੀ ਵੀ ਹੈ ਕਿਉਂਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਅਜਿਹੇ ਕਦਮ ਲਾਹੇਵੰਦ ਅਤੇ ਕਾਰਗਰ ਸਾਬਿਤ ਹੋ ਸਕਦੇ ਹਨ। ਖ਼ੈਰ! ਸਾਡੇ ਅੱਜ ਦੇ ਲੇਖ ਦਾ ਮੂਲ ਵਿਸ਼ਾ ਹੈ ਕਿ ਇਸ ਮਹਾਂਮਾਰੀ (ਕੋਰੋਨਾ ਵਾਇਰਸ) ਦੇ ਦੌਰਾਨ ਬਹੁਤ ਸਾਰੇ ਲੋਕ ਮਾਨਸਿਕ ਰੋਗਾਂ ਦੀ ਚਪੇਟ ਵਿਚ ਆ ਰਹੇ ਹਨ; ਉਹਨਾਂ ਨੂੰ ਇਹਨਾਂ ਮਾਨਸਿਕ ਰੋਗਾਂ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ? ਇਸ ਵਿਸ਼ੇ ਨਾਲ ਸੰਬੰਧਤ ਸੰਖੇਪ ਵਿਚਾਰ ਹੀ ਇਸ ਲੇਖ ਦਾ ਮੂਲ ਮੰਤਵ ਹੈ।
ਕੋਰੋਨਾ ਵਾਇਰਸ ਨੇ ਮਨੁੱਖ ਲਈ ਜਿੱਥੇ ਸਰੀਰਕ ਪ੍ਰੇਸ਼ਾਨੀ ਪੈਦਾ ਕੀਤੀ ਹੀ ਹੈ ਉੱਥੇ ਹੀ ਮਾਨਸਿਕ ਪ੍ਰੇਸ਼ਾਨੀਆਂ ਵੱਧ ਪੈਦਾ ਹੋ ਰਹੀਆਂ ਹਨ। ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਇਹ ਕੋਈ ਧਾਰਮਿਕ ਜਾਂ ਭਾਵਾਤਮਕ ਮੁੱਦਾ ਨਹੀਂ ਹੈ ਬਲਕਿ ਇਹ ਭੁਗੋਲਿਕ ਵਿਸ਼ਾ ਹੈ। ਇਹ ਵਿਸ਼ਾ ਮਨੁੱਖਤਾ ਦੇ ਸੰਪੂਰਨ ਇਤਿਹਾਸ ਜਿੰਨਾ ਹੀ ਪੁਰਾਣਾ ਅਤੇ ਮਹੱਤਵਪੂਰਨ ਹੈ। ਅਸਲ ਵਿਚ ਮਨੁੱਖ ਸਦੀਆਂ ਤੋਂ ਸਮਾਜਿਕ ਜੀਵਨ ਜਿਉਣ ਦਾ ਪ੍ਰਭਾਵ ਕਬੂਲਦਾ ਰਿਹਾ ਹੈ। ਇਹ ਪ੍ਰਭਾਵ ਮਨੁੱਖਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਆਦਿ ਕਾਲ ਤੋਂ ਹੀ ਜਦੋਂ ਮਨੁੱਖਤਾ ਅਜੇ ਆਪਣੇ ਵਿਕਾਸ ਦੇ ਸ਼ੁਰੁਆਤੀ ਦੌਰ ਵਿਚ ਸੀ ਤਾਂ ਸ਼ਿਕਾਰ ਆਦਿ ਖੇਡਣ ਜਾਣ ਲਈ ਝੁੰਡ, ਕਬੀਲੇ ਆਦਿ ਇਕੱਠੇ ਹੀ ਜੰਗਲਾਂ ਦਾ ਰੁਖ਼ ਕਰਦੇ ਸਨ। ਜੰਗਾਂ- ਯੁੱਧਾਂ ਵਿਚ ਵੀ ਝੁੰਡ ਜਾਂ ਕਬੀਲੇ ਦੀ ਅਹਿਮੀਅਤ ਕਿਸੇ ਗੱਲੋਂ ਅਣਛੋਹਿਆ ਵਿਸ਼ਾ ਨਹੀਂ ਹੈ। ਬਸਤੀਆਂ, ਸ਼ਹਿਰ ਅਤੇ ਪਿੰਡ ਇਸੇ ਬਿਰਤੀ (ਸਮਾਜਿਕਤਾ) ਦਾ ਸਿੱਟਾ ਹਨ। ਇਹ ਸਾਡੇ ਭੁਗੋਲਿਕ ਇਤਿਹਾਸ ਨਾਲ ਸੰਬੰਧਿਤ ਖੋਜ ਦਾ ਹਿੱਸਾ ਰਿਹਾ ਹੈ। ਭੁਗੋਲ ਦੇ ਵਿਦਿਆਰਥੀ ਇਸ ਗੱਲ ਨੂੰ ਸਹਿਜੇ ਹੀ ਸਮਝ ਸਕਦੇ ਹਨ। ਖ਼ੈਰ!
ਮਨੁੱਖ ਦੀ ਇਹ ਫਿਤਰਤ ਹੈ ਕਿ ਉਹ ਆਪਣੇ ਸਮਾਜ ਨਾਲੋਂ, ਆਪਣੇ ਲੋਕਾਂ ਨਾਲੋਂ ਵੱਖ ਨਹੀਂ ਹੋ ਸਕਦਾ। ਅੱਜ ਨਿਆਂਪਾਲਿਕਾ ਦੇ ਅਧੀਨ ਜਦੋਂ ਕੈਦੀਆਂ (ਮੁਜ਼ਰਮਾਂ) ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਉਹਨਾਂ ਨੂੰ ਸਰੀਰਿਕ ਦੁੱਖ ਨਹੀਂ ਦਿੱਤੇ ਜਾਂਦੇ (ਜਾਂ ਨਾਮਾਤਰ ਦਿੱਤੇ ਵੀ ਜਾਂਦੇ ਹੋਣ) ਬਲਕਿ ਉਹਨਾਂ ਨੂੰ ਆਪਣੇ ਸਮਾਜ ਨਾਲੋਂ ਵੱਖ ਕਰਕੇ ਇਕਾਂਤ ਵਿਚ ਡੱਕ ਦਿੱਤਾ ਜਾਂਦਾ ਹੈ/ ਭੇਜ ਦਿੱਤਾ ਜਾਂਦਾ ਹੈ। ਇਹੀ ਇਕਾਂਤ (ਇਕੱਲਾਪਣ) ਉਹਨਾਂ ਲਈ ਸਜ਼ਾ ਸਮਝੀ ਜਾਂਦੀ ਹੈ। ਅੱਜ ਦਾ ਮਨੁੱਖ ਇਸੇ ਇਕੱਲੇਪਣ (ਇਕਾਂਤ) ਕਰਕੇ ਮਾਨਸਿਕ ਰੋਗੀ ਹੁੰਦਾ ਜਾ ਰਿਹਾ ਹੈ ਕਿਉਂਕਿ ਇਹ (ਇਕੱਲਾਪਣ) ਇਕਾਂਤ ਸਾਡੀ ਫਿਤਰਤ ਦੇ ਬਿਲਕੁਲ ਉਲਟ ਹੈ। ਅਸੀਂ ਇਕਾਂਤ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਮੰਨਦੇ। ਅਧਿਆਤਮਕ ਖ਼ੇਤਰ ਵਿਚ ਵੀ ਇਕਾਂਤ ਉਹਨਾਂ ਲੋਕਾਂ ਲਈ ਸਮਝਿਆ ਜਾਂਦਾ ਸੀ ਜਿਹੜੇ ਮਨੁੱਖ ਸੰਸਾਰ ਨਾਲੋਂ ਟੁੱਟ ਕੇ ਰੱਬ ਦੀ ਪ੍ਰਾਪਤੀ ਨੂੰ ਆਪਣਾ ਮੁੱਖ ਕਰਮ ਸਮਝਦੇ ਹਨ। ਉਹਨਾਂ ਵਿਚ ਸੰਨਿਆਸੀ ਸਾਧੂ, ਜੋਗੀ, ਨਾਥ ਅਤੇ ਸੰਸਾਰ ਤੋਂ ਉਪਰਾਮ ਵਿਅਕਤੀ ਹੀ ਪ੍ਰਮੁੱਖ ਸਨ। ਅਜਿਹੇ ਸਾਧੂ, ਨਾਥ ਅਤੇ ਜੋਗੀ ਬਿਰਤੀ ਦੇ ਮਨੁੱਖ ਪਹਾੜਾਂ ਆਦਿ ਉੱਪਰ ਜਾ ਕੇ ਸਮਾਜਿਕ ਜੀਵਨ ਤੋਂ ਦੂਰ ਹੁੰਦੇ ਸਨ। ਰੱਬ ਨੂੰ ਪਾਉਣ ਦਾ ਯਤਨ ਕਰਦੇ ਸਨ। ਖ਼ੈਰ! ਇਹ ਵਿਸ਼ਾ ਅਧਿਆਤਮਕ ਜਗਤ ਨਾਲ ਸੰਬੰਧਤ ਹੈ।
ਕੋਰੋਨਾ ਵਾਇਰਸ ਦੇ ਚੱਲਦਿਆਂ ਨਿੱਕੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਉੱਪਰ ਇਸਦਾ ਡੂੰਘਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਇਹ ਲੋਕ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਸੰਨ 2016 ਵਿਚ ਕੀਤੇ ਗਏ ਇੱਕ ਸਰਵੇਖਣ ਦੇ ਅਨੁਸਾਰ ਭਾਰਤ ਵਿਚ 14% ਫੀਸਦੀ ਲੋਕਾਂ ਨੂੰ ਅਮੁਮਨ ਮਾਨਸਿਕ ਇਲਾਜ ਦੀ ਜ਼ਰਰੂਤ ਹੁੰਦੀ ਹੈ। ਇਹਨਾਂ ਵਿਚੋਂ ਵੀ 2% ਫੀਸਦੀ ਲੋਕ ਤਾਂ ਗੰਭੀਰ ਮਾਨਸਿਕ ਰੋਗਾਂ ਨਾਲ ਪੀੜਿਤ ਹੁੰਦੇ ਹਨ। ਇਹਨਾਂ ਰੋਗੀਆਂ ਵਿਚੋਂ ਹਰ ਵਰ੍ਹੇ ਤਕਰੀਬਨ 2 ਲੱਖ ਲੋਕ ਆਤਮ- ਹੱਤਿਆ ਵਰਗੇ ਕਦਮ ਵੀ ਚੁੱਕ ਲੈਂਦੇ ਹਨ। ਇਸ ਸਰਵੇਖਣ ਅਨੁਸਾਰ ਸ਼ਹਿਰੀ ਖੇਤਰਾਂ ਵਿਚ ਪੇਂਡੂ ਖੇਤਰਾਂ ਨਾਲੋਂ ਵੱਧ ਮਾਨਸਿਕ ਰੋਗਾਂ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਭਾਰਤ ਵਿਚ 65% ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਇਹ ਲੋਕ ਅੱਜ ਕੱਲ ਵੱਡੀ ਗਿਣਤੀ ਵਿਚ ਮਾਨਸਿਕ ਰੋਗਾਂ ਦੀ ਚਪੇਟ ਵਿਚ ਆ ਰਹੇ ਹਨ।
ਇਹਨਾਂ ਮਾਨਸਿਕ ਰੋਗਾਂ ਤੋਂ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ, ਇੱਥੇ ਸੰਖੇਪ ਰੂਪ ਵਿਚ ਜ਼ਿਕਰ ਕੀਤਾ ਜਾ ਰਿਹਾ ਹੈ। ਪਹਿਲੀ ਗੱਲ, ਦਿਨ- ਰਾਤ ਘਰਾਂ ਵਿਚ ਮਾਂ- ਬਾਪ ਦੁਆਰਾ ਕੋਰੋਨਾ ਵਾਇਰਸ ਸੰਬੰਧੀ ਕੀਤੀ ਗੱਲਬਾਤ ਨੂੰ ਸੁਣ- ਸੁਣ ਕੇ ਨਿੱਕੇ ਬੱਚੇ ਡਰ ਦੇ ਪ੍ਰਭਾਵ ਹੇਠਾਂ ਆ ਰਹੇ ਹਨ/ ਪ੍ਰੇਸ਼ਾਨੀ ਦੇ ਪ੍ਰਭਾਵ ਹੇਠਾਂ ਆ ਰਹੇ ਹਨ। ਇੱਥੇ ਮਾਂ- ਬਾਪ ਲਈ ਵਿਸ਼ੇਸ਼ ਹਿਦਾਇਤ ਅਤੇ ਸੁਝਾਅ ਹੈ ਕਿ ਨਿੱਤ- ਦਿਹਾੜੀ ਇੱਕੋ ਵਿਸ਼ੇ (ਕੋਰੋਨਾ ਵਾਇਰਸ) ਉੱਪਰ ਗੱਲਬਾਤ ਨਾ ਕੀਤੀ ਜਾਵੇ ਬਲਕਿ ਕਈ ਵਾਰ ਇਸ ਵਿਸ਼ੇ ਨਾਲੋਂ ਹੱਟ ਕੇ ਸਾਰਥਕ ਵਿਚਾਰ- ਚਰਚਾ ਵੀ ਕੀਤੀ ਜਾਵੇ ਜਿਸ ਨਾਲ ਬੱਚਿਆਂ ਨੂੰ ਹੌਸਲਾ ਮਿਲੇ। ਇਹ ਗੱਲਬਾਤ ਕਿਸੇ ਵੀ ਸਾਰਥਕ ਵਿਸ਼ੇ ਨਾਲ ਸੰਬੰਧਤ ਹੋ ਸਕਦੀ ਹੈ। ਜਿਵੇਂ ਇਤਿਹਾਸ, ਭੁਗੋਲ ਜਾਂ ਫਿਰ ਧਾਰਮਿਕ ਵਿਸ਼ੇ ਚੁਣੇ ਜਾ ਸਕਦੇ ਹਨ।
ਦੂਜੀ ਗੱਲ, ਬੱਚੇ ਕਿਉਂਕਿ ਲੰਮੇ ਸਮੇਂ ਤੋਂ ਆਪਣੇ ਸਕੂਲਾਂ ਤੋਂ ਦੂਰ ਹਨ। ਸਕੂਲ ਜਾਣਾ ਤਾਂ ਮਹਤੱਵਪੂਰਨ ਕਾਰਜ ਹੁੰਦਾ ਹੀ ਹੈ ਬਲਕਿ ਸਕੂਲ ਜਾਣ ਤੋਂ ਪਹਿਲਾਂ ਸਕੂਲ ਦੀ ਤਿਆਰੀ ਦਾ ਸਮਾਂ ਹੋਰ ਜਿਆਦਾ ਮਹੱਤਵਪੂਰਨ ਹੁੰਦਾ ਹੈ। ਬੱਚੇ ਨੂੰ ਆਪਣੀ ਵਰਦੀ, ਬੂਟ, ਹੋਮ- ਵਰਕ ਅਤੇ ਦੋਸਤਾਂ, ਅਧਿਆਪਕਾਂ ਨੂੰ ਮਿਲਣ ਦਾ ਚਾਅ ਹੁੰਦਾ ਹੈ; ਜਿਹੜਾ ਅੱਜ ਕੱਲ ਕਿਤੇ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਸਕੂਲ ਬਿਲਕੁਲ ਬੰਦ ਹਨ। ਦੂਜੇ ਪਾਸੇ, ਹਰ ਵਕਤ ਘਰ ਵਿਚ ਕੋਰੋਨਾ ਵਾਇਰਸ ਦੀ ਗੱਲਬਾਤ ਅਤੇ ਮਾਂ- ਬਾਪ ਦੀਆਂ ਝਿੜਕਾਂ ਬੱਚਿਆਂ ਨੂੰ ਮਾਨਸਿਕ ਰੋਗੀ ਬਣਾ ਰਹੀਆਂ ਹਨ। ਇੱਥੇ ਵਿਸ਼ੇਸ਼ ਨੁਕਤਾ ਇਹ ਹੈ ਕਿ ਬੱਚਿਆਂ ਨੂੰ ਆਪਣੇ ਸਕੂਲ ਦੇ ਦੋਸਤਾਂ- ਮਿੱਤਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ; ਉਹ ਚਾਹੇ ਮੋਬਾਇਲ ਫੋਨ ਰਾਹੀਂ ਹੋਵੇ ਅਤੇ ਚਾਹੇ ਕਿਸੇ ਹੋਰ ਮਾਧਿਅਮ ਰਾਹੀਂ। ਬੱਚੇ ਜਦੋਂ ਆਪਣੇ ਦੋਸਤਾਂ ਨਾਲ ਗੱਲਬਾਤ ਕਰਨਗੇ ਤਾਂ ਉਹ ਬਿਹਤਰ ਮਹਿਸੂਸ ਕਰਨਗੇ ਅਤੇ ਖੁਸ਼ ਵੀ ਹੋਣਗੇ।
ਤੀਜੀ ਗੱਲ, ਮਾਂ- ਬਾਪ ਨੂੰ ਚਾਹੀਦਾ ਹੈ ਕਿ ਸ਼ਾਮ ਵੇਲੇ ਜਾਂ ਫਿਰ ਜਦੋਂ ਵੀ ਪੂਰਾ ਪਰਿਵਾਰ ਇਕੱਠਾ ਬੈਠ ਸਕੇ ਤਾਂ ਸਾਰਥਕ ਗੱਲਬਾਤ ਬੱਚਿਆਂ ਦੇ ਸਾਹਮਣੇ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਜ਼ਿੰਦਗੀ ਦੀਆਂ ਗੱਲਾਂ ਬੱਚਿਆਂ ਦੇ ਮਨਾਂ ਉੱਪਰ ਡੂੰਘਾ ਅਸਰ ਕਰ ਸਕਦੀਆਂ ਹਨ। ਘਰ ਵਿਚ ਜੇਕਰ ਬਜ਼ੁਰਗ ਹੋਣ ਤਾਂ ਉਹਨਾਂ ਕੋਲੋਂ ਬੀਤੇ ਵੇਲੇ ਦੀਆਂ ਯਾਦਾਂ ਸੁਣੀਆਂ ਜਾ ਸਕਦੀਆਂ ਹਨ। ਇਹਨੂੰ ਦੇ ਸਮੇਂ ਕਿਸੇ ਬਿਮਾਰੀ ਦੀ ਗੱਲਬਾਤ ਅਤੇ ਉਸ ਬਿਮਾਰੀ ਤੋਂ ਬਾਅਦ ਦੀ ਮਨੁੱਖੀ ਜ਼ਿੰਦਗੀ ਦੀ ਗੱਲਬਾਤ ਵੀ ਕੀਤੀ/ ਸੁਣੀ ਜਾ ਸਕਦੀ ਹੈ। ਬਜ਼ੁਰਗ ਵੀ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਇਹੀ ਸਾਰਥਕ ਗੱਲਬਾਤ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੁਣਾਉਣ ਤਾਂ ਕਿ ਉਹਨਾਂ ਨੂੰ ਇੰਝ ਮਹਿਸੂਸ ਹੋਵੇ ਕਿ ਇਹ ਬਿਮਾਰੀ ਮਗ਼ਰੋਂ ਵੀ ਸੰਸਾਰ ਮੁੜ ਪਹਿਲਾਂ ਵਾਂਗ ਚੱਲਦਾ ਰਹੇਗਾ। ਇਹ ਬਿਮਾਰੀਆਂ ਮਨੁੱਖੀ ਜੀਵਨ ਦਾ ਹਿੱਸਾ ਹਨ। ਇਹਨਾਂ ਦੇ ਆਉਣ ਨਾਲ ਮਨੁੱਖ ਨੂੰ ਸੇਧ ਮਿਲਦੀ ਹੈ/ ਸਮਝ ਆਉਂਦੀ ਹੈ। ਇਹ ਬਿਮਾਰੀ ਸਾਡੀ ਜਿੰæਦਗੀ ਦਾ ਅੰਤ ਨਹੀਂ ਹੈ। ਇਸ ਤੋਂ ਬਾਅਦ ਦਾ ਜੀਵਨ ਹੋਰ ਜਿਆਦਾ ਖੁਸ਼ਹਾਲ ਅਤੇ ਸਕੂਨ ਭਰਿਆ ਹੋਵੇਗਾ।
ਚੌਥੀ ਗੱਲ, ਟੀ: ਵੀ: ਤੇ ਉਹ ਚੈਨਲ ਚਲਾਓ ਜਿਹਨਾਂ ਵਿਚ ਬੱਚਿਆਂ ਨੂੰ ਸੇਧ ਦਿੱਤੀ ਗਈ ਹੋਵੇ; ਮਸਲਨ ਨਿੱਕੇ ਬੱਚੇ ਕਾਰਟੂਨ ਵੇਖਣਾ ਜਿਆਦਾ ਪਸੰਦ ਕਰਦੇ ਹਨ ਤਾਂ ਉਹਨਾਂ ਨੂੰ ਕੁਝ ਸਮਾਂ ਕਾਰਟੂਨ ਵੇਖਣ ਲਈ ਦਿੱਤਾ ਜਾਣਾ ਚਾਹੀਦਾ ਹੈ। ਬਜ਼ੁਰਗ ਲੋਕਾਂ ਵੱਲੋਂ ਧਾਰਮਿਕ ਪ੍ਰੋਗਰਾਮ ਵੇਖੇ ਜਾ ਸਕਦੇ ਹਨ। ਪਰਿਵਾਰ ਵਿਚ ਬੈਠ ਕੇ ਵੇਖੀ ਜਾ ਸਕਣ ਵਾਲੀ ਫ਼ਿਲਮ ਵੀ ਵੇਖੀ ਜਾ ਸਕਦੀ ਹੈ। ਹਰ ਵਕਤ ਨਕਾਰਤਮਕ ਖ਼ਬਰਾਂ ਵੇਖਣ ਨਾਲ ਸਾਡੇ ਮਨਾਂ ਉੱਪਰ ਨਕਾਰਤਮਕ ਪ੍ਰਭਾਵ ਪੈਣਾ ਲਾਜ਼ਮੀ ਹੈ। ਹਾਂ, ਜਾਣਕਾਰੀ ਲਈ ਖ਼ਬਰਾਂ ਵੇਖਣਾ ਜ਼ਰੂਰੀ ਹੈ ਪਰ ਹਰ ਵਕਤ ਖ਼ਬਰਾਂ ਵੇਖਣਾ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।
ਪੰਜਵੀ ਗੱਲ, ਮਨੁੱਖਤਾ ਦਾ ਇਤਿਹਾਸ ਅਜਿਹੀਆਂ ਮੁਸ਼ਕਿਲਾਂ ਨਾਲ ਭਰਿਆ ਪਿਆ ਹੈ ਜਦੋਂ ਮਨੁੱਖਤਾ ਦੀ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਗਿਆ ਸੀ। ਉਹਨਾਂ ਸਥਿਤੀਆਂ ਅਤੇ ਉਹਨਾਂ ਤੋਂ ਪਾਰ ਪਾਉਣ ਵਾਲੇ ਸੂਰਬੀਰ ਯੋਧਿਆਂ (ਡਾਕਟਰਾਂ, ਸੈਨਿਕਾਂ) ਦੀਆਂ ਸਾਖੀਆਂ, ਕਹਾਣੀਆਂ ਆਪਣੇ ਬੱਚਿਆਂ ਨੂੰ ਸੁਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਬੱਚਿਆਂ ਦੇ ਮਨਾਂ ਵਿਚ ਇਕੋ ਬਿਰਤੀ (ਕੋਰੋਨਾ ਵਾਇਰਸ) ਨੂੰ ਕੁਝ ਸਮੇਂ ਲਈ ਕੱਢਿਆ ਜਾ ਸਕੇ। ਬੱਚੇ ਇਹ ਮਹਿਸੂਸ ਕਰ ਸਕਣ ਕਿ ਇਸ ਬਿਮਾਰੀ ਨਾਲ ਸੰਸਾਰ ਦੀ ਹੋਂਦ ਨੂੰ ਖ਼ਤਰਾ ਨਹੀਂ ਹੈ। ਇਸ ਬਿਮਾਰੀ ਤੋਂ ਇਲਾਵਾ ਵੀ ਸੰਸਾਰ ਵਿਚ ਬਹੁਤ ਕੁਝ ਚੱਲ ਰਿਹਾ ਹੈ ਜਿਹੜਾ ਪਹਿਲਾਂ ਵੀ ਚੱਲਦਾ ਸੀ ਅਤੇ ਭਵਿੱਖ ਵਿਚ ਵੀ ਚੱਲਦਾ ਰਹੇਗਾ।
ਛੇਵੀਂ ਗੱਲ, ਸੋਸ਼ਲ- ਮੀਡੀਆਂ ਉੱਪਰ ਅਜਿਹੀਆਂ ਵੀਡੀਓ ਵੇਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਹਨਾਂ ਵਿਚ ਨਕਾਰਤਮਕਤਾ ਝਲਕਾਰੇ ਮਾਰਦੀ ਹੋਵੇ। ਸੋਸ਼ਲ- ਮੀਡੀਆ ਉੱਪਰ ਅੱਜ ਕੱਲ ਬਹੁਤ ਸਾਰੀਆਂ ਫ਼ਿਲਮਾਂ ਦੇ ਸੀਨ ਚਲਾਏ ਜਾ ਰਹੇ ਹਨ ਅਤੇ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਬੰਦੇ ਦੀ ਮੌਤ ਇੰਝ ਹੁੰਦੀ ਹੈ। ਅਜਿਹੀਆਂ ਭਿਆਨਕ ਵੀਡੀਓ ਵੇਖ ਕੇ ਮਨਾਂ ਅੰਦਰ ਡਰ ਬੈਠ ਜਾਂਦਾ ਹੈ। ਉਂਝ ਸੋਸ਼ਲ- ਮੀਡੀਆ ਉੱਪਰ 80 % ਫ਼ੀਸਦੀ ਭੰਡੀ ਪ੍ਰਚਾਰ ਹੀ ਹੁੰਦਾ ਹੈ। ਇਸ ਲਈ ਸੋਸ਼ਲ- ਮੀਡੀਆ ਉੱਪਰ ਅਜਿਹੀਆਂ ਗ਼ੈਰ- ਜ਼ਰੂਰੀ ਵੀਡੀਓ ਵੇਖਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਸੱਤਵੀਂ ਗੱਲ, ਘਰਾਂ ਵਿਚ ਰਹਿ ਕੇ ਅਜਿਹੇ ਬਹੁਤ ਸਾਰੇ ਕੰਮਾਂ ਲਈ ਪਹਿਲ ਕੀਤੀ ਜਾ ਸਕਦੀ ਹੈ ਜਿਹੜੇ ਸਾਡੇ ਭਵਿੱਖ ਲਈ ਲਾਹੇਵੰਦ ਸਾਬਿਤ ਹੋ ਸਕਦੇ ਹਨ; ਮਸਲਨ ਸਭ ਨੂੰ ਪੇਟਿੰਗ ਸਿਖਾਈ ਜਾ ਸਕਦੀ ਹੈ; ਲਿਖਾਈ ਸੁਧਾਰੀ ਜਾ ਸਕਦੀ ਹੈ। ਸੰਗੀਤ ਦੀ ਸਿੱਖਿਆ ਦਿੱਤੀ ਜਾ ਸਕਦੀ ਹੈ। ਸਾਰੇ ਮੈਂਬਰਾਂ ਨੂੰ ਘਰ ਦੀ ਸਫ਼ਾਈ ਲਈ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ। ਉਹਨਾਂ ਨੂੰ (ਖ਼ਾਸ ਕਰਕੇ ਬੱਚਿਆਂ ਨੂੰ) ਆਪਣੇ ਕਪੜੇ, ਵਰਦੀਆਂ, ਬੂਟ ਅਤੇ ਕਿਤਾਬਾਂ ਦੀ ਸਾਂਭ- ਸੰਭਾਲ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਮਾਤ- ਭਾਸ਼ਾ ਸਿਖਾਈ ਜਾ ਸਕਦੀ ਹੈ ਜਾਂ ਮੁੱਢਲੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਅਜਿਹੀਆਂ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾ ਸਕਦੀਆਂ ਹਨ ਜਿਹੜੀਆਂ ਸਕੂਲਾਂ ਵਿਚ ਬੱਚਿਆਂ ਨੂੰ ਨਹੀਂ ਸਿਖਾਈਆਂ ਜਾਂਦੀਆਂ।
ਅੱਠਵੀਂ ਗੱਲ, ਬਜ਼ੁਰਗਾਂ ਅਤੇ ਔਰਤਾਂ ਲਈ ਕਿ ਉਹ ਵਿਹਲੇ ਸਮੇਂ ਮਿਆਰੀ ਪੁਸਤਕਾਂ ਨਾਲ ਜੁੜ ਸਕਦੇ ਹਨ। ਬੀਤੇ ਸਮੇਂ ਦੀ ਕਿਸੇ ਅਧੂਰੀ ਖੁਆਇਸ਼ ਨੂੰ ਪੂਰਾ ਕਰ ਸਕਦੇ ਹਨ। ਕੁਝ ਨਵਾਂ ਸਿੱਖ ਸਕਦੇ ਹਨ। ਰਸੋਈ ਵਿਚ ਨਵੇਂ ਪਕਵਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਧਿਆਨ, ਯੋਗ ਕਰ ਸਕਦੇ ਹਨ। ਘਰ ਵਿਚ ਲੱਗੇ ਰੁੱਖ, ਬੂਟਿਆਂ ਦੀ ਸਾਂਭ- ਸੰਭਾਲ ਕਰ ਸਕਦੇ ਹਨ। ਮਨਪਸੰਦ ਸੰਗੀਤ ਸੁਣ ਸਕਦੇ ਹਨ। ਘਰ ਦੀਆਂ ਅਲਮਾਰੀਆਂ, ਕਿਤਾਬਾਂ ਦੇ ਰੈਕ ਆਦਿਕ ਦੀ ਸਫ਼ਾਈ ਕਰ ਸਕਦੇ ਹਨ। ਪੁਰਾਣੇ ਕਪੜਿਆਂ ਦੀ ਸਾਂਭ- ਸੰਭਾਲ ਕਰ ਸਕਦੇ ਹਨ।
ਆਖ਼ਰ ਵਿਚ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਪ੍ਰੇਸ਼ਾਨੀ ਅਤੇ ਨਕਾਰਤਮਕਤਾ ਭਰਪੂਰ ਮਾਹੌਲ ਨੂੰ ਬਦਲਣਾ ਤੁਹਾਡੇ ਹੱਥ ਵਿਚ ਹੈ ਅਤੇ ਇਸ ਬਦਲੇ ਹੋਏ ਮਾਹੌਲ ਦਾ ਤੁਹਾਡੇ ਘਰ ਦੇ ਮੈਂਬਰਾਂ ਉੱਪਰ ਸਾਰਥਕ ਅਤੇ ਲਾਹੇਵੰਦ ਪ੍ਰਭਾਵ ਪੈਣਾ ਵੀ ਲਾਜ਼ਮੀ ਗੱਲ ਹੈ। ਮੈਂਬਰਾਂ ਨੂੰ ਜਿੱਥੇ ਕੋਰੋਨਾ ਵਾਇਰਸ ਤੋਂ ਬਚਣ ਲਈ ਪ੍ਰੇਰਿਤ ਕਰਨਾ ਹੈ ਉੱਥੇ ਹੀ ਹੱਲਾਸ਼ੇਰੀ ਵੀ ਦੇਣੀ ਹੈ ਕਿ ਇਹ ਸਮੱਸਿਆ ਸਥਾਈ ਨਹੀਂ ਹੈ; ਇਸਦਾ ਅੰਤ ਵੀ ਹੋ ਜਾਣਾ ਹੈ। ਕੁਝ ਸਮੇਂ ਮਗ਼ਰੋਂ ਜਿੰæਦਗੀ ਮੁੜ ਆਪਣੀ ਲੀਹਾਂ ਉੱਪਰ ਤੁਰਨ ਲੱਗਣੀ ਹੈ। ਇਸ ਲਈ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਬਲਕਿ ਸਾਵਧਾਨੀ ਦੀ ਜ਼ਰੂਰਤ ਹੈ ਤਾਂ ਕਿ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।