ਨਿਊਯਾਰਕ – ਕੋਰੋਨਾ ਮਹਾਂਮਾਰੀ ਨੇ ਅਮਰੀਕਾ ਵਿੱਚ ਸੱਭ ਤੋਂ ਵੱਧ ਤਬਾਹੀ ਮਚਾਈ ਹੈ। ਰਾਸ਼ਟਰਪਤੀ ਟਰੰਪ ਦੀ ਲਾਪ੍ਰਵਾਹੀ ਅਤੇ ਗੱਲਤ ਨੀਤੀਆਂ ਦਾ ਖਮਿਆਜ਼ਾ ਆਮ ਨਾਗਰਿਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਸਬੰਧ ਵਿੱਚ ਡੋਨਲਡ ਟਰੰਪ ਨੂੰ ਆੜੇ ਹੱਥੀਂ ਲੈਂਦੇ ਹੋਏ ਇਸ ਸੱਭ ਲਈ ਉਨ੍ਹਾਂ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਇਸ ਮਹਾਂਮਾਰੀ ਦੇ ਖਿਲਾਫ਼ ਜੰਗ ਵਿੱਚ ਟਰੰਪ ਪ੍ਰਸ਼ਾਸਨ ਤੇ ਸਖਤ ਸਵਾਲ ਉਠਾਏ ਹਨ।
ਓਬਾਮਾ ਨੇ ਕਿਹਾ ਕਿ ਅੱਜ ਅਸੀਂ ਸਵਾਰਥ,ਪਿੱਛੜਾਪਣ, ਆਪਸੀ ਫੁੱਟ ਅਤੇ ਇੱਕ ਦੂਸਰੇ ਨੂੰ ਦੁਸ਼ਮਣ ਦੇ ਰੂਪ ਵਿੱਚ ਵੇਖਣ ਵਰਗੀਆਂ ਅਲਾਮਤਾਂ ਦੇ ਖਿਲਾਫ਼ ਲੜ ਰਹੇ ਹਾਂ। ਉਨ੍ਹਾਂ ਨੇ ਇਸ ਨੂੰ ਅਰਾਜਕਤਾ ਫੈਲਾਉਣ ਵਾਲੀ ਆਫ਼ਤ ਕਰਾਰ ਦਿੱਤਾ। ਸਾਬਕਾ ਰਾਸ਼ਟਰਪਤੀ ਨੇ ਡੋਨਲਡ ਟਰੰਪ ਦੀ ਇਸ ਕੋਰੋਨਾ ਵਾਇਰਸ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਨਾਲ ਅਸਫਲ ਰਹਿਣ ਤੇ ਸਖਤ ਆਲੋਚਨਾ ਕੀਤੀ ਹੈ। ਇਸ ਮਹਾਂਮਾਰੀ ਨਾਲ 13 ਲੱਖ ਤੋਂ ਵੱਧ ਲੋਕ ਜੂਝ ਰਹੇ ਹਨ ਅਤੇ 80 ਹਜ਼ਾਰ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ ਅਤੇ ਅਜੇ ਵੀ ਇਹ ਸਿਲਸਿਲਾ ਜਾਰੀ ਹੈ। ਅਜੇ ਵੀ ਰੋਜ਼ਾਨਾ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਮਰ ਰਹੇ ਹਨ ਅਤੇ ਟਰੰਪ ਅਗਿਆਨਤਾ ਭਰੇ ਬਿਆਨ ਦੇ ਰਹੇ ਹਨ।
ਉਨ੍ਹਾਂ ਨੇ ਅਲੁਮਨਾਈ ਐਸੋਸੀਏਸ਼ਨ ਦੇ ਜਿੰਨ੍ਹਾਂ ਲੋਕਾਂ ਨੇ ੳਬਾਮਾ ਦੇ ਕਾਰਜਕਾਲ ਦੌਰਾਨ ਕੰਮ ਕੀਤਾ ਸੀ ਨਾਲ ਮੀਟਿੰਗ ਦੌਰਾਨ ਅਪੀਲ ਕੀਤੀ ਕਿ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋ ਬਾਈਡਨ ਦੀ ਸਪੋਰਟ ਕੀਤੀ ਜਾਵੇ।