ਲੰਡਨ- ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਤਿੱਖੀ ਅਲੋਚਨਾ ਕਰਦਿਆਂ ਜਿੰਮੇਵਾਰ ਸਿੱਖ ਆਗੂਆਂ ਨੂੰ ਬੇਤੱਕੀ ਬਿਆਨ ਬਾਜ਼ੀ ਨਾ ਕਰਨ ਲਈ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਨਜਿੰਦਰ ਸਿੰਘ ਸਿਰਸਾ ਵਲੋਂ ਮਨੁੱਖਤਾ ਦੀ ਸੇਵਾ ਦਾ ਰਾਗ ਅਲਾਪਦਿਆਂ ਆਖਿਆ ਗਿਆ ਕਿ ਸੀ । ਧਾਰਮਿਕ ਸਥਾਨਾ ਦਾ ਸੋਨਾ ਭਾਰਤ ਸਰਕਾਰ ਕੋਲ ਜਮਾਂ੍ਹ ਕਰਵਾ ਦੇਣਾ ਚਾਹੀਦਾ ਹੈ ,ਤਾਂ ਕਿ ਮਨੁੱਖਤਾ ਦੀ ਸੇਵਾ ਹੋ ਸਕੇ । ਭਾਵੇਂ ਕਿ ਇਸ ਬਿਆਨ ਵਿੱਚ ਉਸ ਨੇ ਸਿੱਖ ਗੁਰਦਵਾਰਿਆਂ ਦਾ ਨਾਮ ਨਹੀਂ ਲਿਆ ਪਰ ਉਹ ਦਿੱਲੀ ਦੇ ਗੁਰਦਵਾਰਿਆਂ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਇਸ ਕਰਕੇ ਉਸ ਵਲੋਂ ਕੀਤੀ ਜਾਣ ਵਾਲੀ ਹਰ ਗੱਲ ਸਿੱਖਾਂ ਦੇ ਗੁਰਦਵਾਰਾ ਸਾਹਿਬ ਨਾਲ ਜੁੜਦੀ ਹੈ ਅਤੇ ਜਿੰਨਾ ਚਿਰ ਉਹ ਪ੍ਰਦਾਨਗੀ ਪਦ ਤੇ ਬਿਰਾਜਮਾਨ ਹੈ ਉੱਨਾ ਚਿਰ ੳਸ ਵਲੋਂ ਕੀਤੀ ਜਾਣ ਵਾਲੀ ਗੱਲ ਸਿੱਖ ਗੁਰਦਵਾਰਿਆਂ ਨਾਲ ਹੀ ਜੁੜੇਗੀ । ਉਸ ਵਲੋਂ ਕੀਤੀ ਜਾਣ ਵਾਲੀ ਸਿੱਖ ਵਿਰੋਧੀ ਕਾਰਵਾਈ ਜਾਂ ਬਿਆਨ ਨੂੰ ਦੁਨੀਆਂ ਭਰ ਵਿਚ ਵਸਦੇ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਮਨਜਿੰਦਰ ਸਿੰਘ ਸਿਰਸਾ ਸਮੇਤ ਸਮੂਹ ਜਿੰਮੇਵਾਰ ਸਿੱਖ ਆਗੂਆਂ ਨੂੰ ਪੰਜਾਬੀ ਦੇ ਅਖਾਣ ਪਹਿਲਾਂ ਤੋਲੋ ਫਿਰ ਬੋਲੋ ਨੂੰ ਹਮੇਸ਼ਾਂ ਯਾਦ ਰੱਖਣ ਵਾਸਤੇ ਆਖਿਆ ਹੈ । ਕੋਈ ਵੀ ਅਜਿਹੀ ਕਾਰਵਾਈ ਜਾਂ ਬਿਆਨ ਨਹੀਂ ਦੇਣਾ ਚਾਹੀਦਾ ਜਿਹੜਾ ਗੁਰਮਿਤ ਜਾਂ ਸਿੱਖ ਸੰਘਰਸ਼ ਵਿਰੋਧੀ ਹੋਵੇ । ਜਿਸ ਕਾਰਨ ਬਾਅਦ ਵਿੱਚ ਸਿੱਖ ਕੌਮ ਦੇ ਗੁੱਸੇ ਅਤੇ ਰੋਹ ਦਾ ਸਾਹਮਣਾ ਕਰਦਿਆਂ ਮੁਆਫੀਆਂ ਮੰਗਣੀਆਂ ਪੈਣ ਜਾਂ ਖਾਲਸੇ ਦੀ ਰਵਾਇਤੀ ਸਜ਼ਾ ਦਾ ਸਾਹਮਣਾ ਕਰਨਾ ਪਵੇ । ਮਨਜਿੰਦਰ ਸਿੰਘ ਸਿਰਸਾ ਦੇ ਇਸ ਬਿਆਨ ਤੋਂ ਬਾਅਦ ਦੁਨੀਆਂ ਭਰ ਦੇ ਸਿੱਖਾਂ ਵਿੱਚ ਭਾਰੀ ਰੋਸ ਅਤੇ ਰੋਹ ਦੀ ਲਹਿਰ ਹੈ ਜਿਸ ਕਾਰਨ ਉਸ ਵਲੋਂ ਇੱਕ ਹੋਰ ਵੀਡੀਉ ਰਾਹੀਂ ਮੁਆਫੀ ਵੀ ਮੰਗੀ ਗਈ ਹੈ ।ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਖਤ ਇਤਿਰਾਜ਼ ਉਠਾਇਆ ਗਿਆ ਕਿ ਇੱਕ ਪਾਸੇ ਸਿੱਖ ਕੌਮ ਤੇ ਵਾਪਰੇ ਤੀਸਰੇ ਖੂਨੀ ਘੱਲੂਘਾਰੇ ਦੇ ਵਰ੍ਹੇ ਗੰਢ ਦੇ ਦਿਨ ਆ ਰਹੇ ਹਨ ਦੂਜੇ ਪਾਸੇ ਸਿਰਸੇ ਵਰਗੇ ਗੈਰ ਜਿੰਮੇਵਾਰ ਬਿਆਨ ਦੇ ਕੇ ਸਿੱਖ ਕੌਮ ਨੂੰ ਮਾਨਸਿਕ ਪੱਖ ਤੋਂ ਹੋਰ ਜ਼ਖਮ ਦੇਣ ਦੀ ਗੁਸਤਾਖੀ ਕਰ ਰਹੇ ਹਨ ।