ਚੜ੍ਹਦੇ ਜੂਨ 1984 ਸਮੇਂ ਸਾਰੇ ਪੰਜਾਬ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ। 3 ਜੂਨ ਨੂੰ ਇਕ ਲੱਖ ਭਾਰਤੀ ਫੌਜ ਨੇ ਤੋਪਾਂ, ਟੈਕਾਂ ਮਸ਼ੀਨ ਗੰਨਾ ਨਾਲ ਦਰਬਾਰ ਸਾਹਿਬ ਸਮੇਤ ਹੋਰ 40 ਗੁਰਧਾਮਾਂ ਉੱਤੇ ਚੜ੍ਹਾਈ ਕਰ ਦਿੱਤੀ। ਕਈ ਪਿੰਡਾਂ ਵਿਚ ਵੀ ਟੈਂਕਾਂ ਸਮੇਤ ਫੌਜਾਂ ਮੋਰਚਾ ਲਗਾਈ ਬੈਠੀਆਂ ਸਨ। ਦਰਬਾਰ ਸਾਹਿਬ ਤੇ ਹਮਲੇ ਦੀ ਖ਼ਬਰ ਨੇ ਸਿਖਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ। ਵੱਡੇ ਵੱਡੇ ਟੈਂਕਾਂ ਨੇ ਦਰਬਾਰ ਸਾਹਿਬ ਨੂੰ ਚੱਕਨਾਚੂਰ ਕਰ ਦਿੱਤਾ, ਫੋਜਾਂ ਵਲੋਂ ਵਰਤੀਆਂ ਗਈਆਂ ਜ਼ਹਿਰਲੀਆਂ ਗੈਸਾਂ ਦੀ ਬਦਬੂ ਸਾਰੇ ਪੰਜਾਬ ਵਿਚ ਫੈਲ ਗਈ।
ਅੱਜ ਪਿੰਡ ਦੀ ਸੱਥ ਲੋਕਾਂ ਨਾਲ ਭਰੀ ਪਈ ਸੀ। ਸਰਕਾਰ ਵਲੋਂ ਦਿੱਤਾ ਜਖਮ ਲੋਕਾਂ ਦੀ ਭਾਵਨਾਵਾਂ ਰਾਹੀਂ ਰਿਸ ਰਿਹਾ ਸੀ। ਮਾਸਟਰ ਦਲੀਪ ਸਿੰਘ ਅਖਬਾਰ ਵਿਚੋਂ ਖਬਰ ਪ੍ਹੜ ਕੇ ਸੁਣਾ ਰਿਹਾ ਸੀ, “ਜਨਰਲ ਅਰੁਨ ਸ੍ਰੀਧਰ ਵੈਦਿਆ ਮੁਖੀ ਭਾਰਤੀ ਫੋਜ, ਜਨਰਲ ਕ੍ਰਿਸ਼ਨਾ ਕੁਮਾਰ ਸੁੰਦਰ ਜੀ, ਲੈਫਟੀਨੈਟ ਜਰਨਲ ਰਣਜੀਤ ਸਿੰਘ ਅਤੇ ਲੈਫਟੀਨੈਟ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਵਿਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ।”
“ਕੋਈ ਨਾਂ, ਰਹਿਣਾ ਇਹਨਾਂ ਹਮਾਲਵਰਾਂ ਦਾ ਵੀ ਕੱਖ ਨਹੀਂ।” ਕੋਲ ਬੈਠੇ ਮੰਗਲ ਸਿੰਘ ਨੇ ਕਿਹਾ, “ਹਮਲੇ ਦੀ ਤਿਆਰੀ ਤਾਂ ਇੰਦਰਾ ਗਾਂਧੀ ਬਹੁਤ ਚਿਰ ਪਹਿਲਾਂ ਦੀ ਹੀ ਕਰੀ ਬੈਠੀ ਸੀ।”
“ਬੀ: ਬੀ: ਸੀ ਦੀਆਂ ਖਬਰਾਂ ਤੋਂ ਪਤਾ ਲੱਗਾ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਦੀ ਖਬਰ ਸੁਣ ਕੇ ਬਹੁਤ ਸਾਰੇ ਧਰਮੀ ਫੌਜੀ ਬੈਰਕਾਂ ਛੱਡ ਕੇ ਭਜ ਗਏ ਸੀ।” ਮਾਸਟਰ ਨੇ ਦੱਸਿਆ, “ਜਿੰਨਾ ਉੱਪਰ ਜਹਾਜ਼ਾ ਨੇ ਹਮਲਾ ਕਰਕੇ ਕਈਆਂ ਨੂੰ ਸ਼ਹੀਦ ਕਰ ਦਿੱਤਾ।”
“ਜੇ ਫੌਜੀ ਬੈਰਕਾ ਛੱਡ ਕੇ ਨਾਂ ਭਜਦੇ ਤਾਂ ਸਿੱਖ ਕੌਮ ਦਾ ਹੋਰ ਵੀ ਜ਼ਿਆਦਾ ਨੁਕਸਾਨ ਇੰਦਰਾ ਗਾਧੀ ਨੇ ਕਰਨਾ ਸੀ।” ਸੂਬੇਦਾਰ ਨੇ ਦੱਸਿਆ, “ਕਈਆਂ ਫੌਜੀਆਂ ਨੂੰ ਪਿੰਡਾਂ ਵਿਚ ਵੀ ਤਾਈਨਾਤ ਕੀਤਾ ਗਿਆ ਸੀ ਜਿਨਾ ਨੂੰ ਇਹ ਹੁਕਮ ਸੀ ਕਿ ਦਰਬਾਰ ਸਾਹਿਬ ਤੇ ਹਮਲੇ ਹੁੰਦੇ ਸਾਰ ਹੀ 17 ਤੋਂ 35 ਸਾਲ ਦੇ ਨੋਜਵਾਨਾ ਨੂੰ ਖਤਮ ਕਰ ਦਿੱਤਾ ਜਾਵੇ, ਤਾਂ ਜੋ ਉਹ ਹਮਲੇ ਵਿਰੋਧ ਕੋਈ ਰੋਸ ਨਾ ਕਰ ਸਕਣ।”
“ਏਨੀ ਭੈੜੀ ਨੀਤੀ ਉਲੀਕੀ ਹੋਈ ਸੀ।” ਮੰਗਲ ਸਿੰਘ ਨੇ ਹੈਰਾਨ ਹੁੰਦੇ ਕਿਹਾ, “ਦੇਖੋ ਸਰਕਾਰ ਕਿੰਨੀ ਚਲਾਕ ਅਤੇ ਧੌਖੇਵਾਜ਼ ਇਹੋ ਜਿਹੀਆਂ ਨੀਤੀਆਂ ਦੀ ਸੂਹ ਤਕ ਨਹੀ ਨਿਕਲਣ ਦੇਂਦੀ।”
“ਆ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਧਰਮੀ ਫੌਜੀ ਬੈਰਕਾਂ ਛੱਡ ਕੇ ਅੰਮ੍ਰਿਤਸਰ ਵੱਲ ਚਲ ਪਏ।” ਸੂਬੇਦਾਰ ਨੇ ਕਿਹਾ, “ਇਸ ਕਰਕੇ ਪਿੰਡਾਂ ਵਿਚ ਸਿੱਖ ਨੋਜਵਾਨਾਂ ਦੇ ਹੋਣ ਵਾਲੇ ਕਤਲੇਆਮ ਦੀ ਸਾਜ਼ਿਸ਼ ਵਿਚ ਹੀ ਰਹਿ ਗਈ।”
“ਇੰਦਰਾਂ ਗਾਂਧੀ ਨੇ ਸਿੱਖਾਂ ਨੂੰ ਖਤਮ ਕਰਨ ਲਈ ਏਨੀ ਡੂੰਘੀ ਸਾਜ਼ਿਸ਼ ਰਚੀ ਸੀ।” ਕੋਲ ਬੈਠੇ ਪ੍ਰੀਤਮ ਸਿੰਘ ਨੇ ਅੰਦਾਜ਼ਾ ਲਾਇਆ, “ਇਹੋ ਜਿਹੀ ਸਾਜ਼ਿਸ ਵਰਤ ਕੇ ਇਹ ਕਿਸੇ ਵੇਲੇ ਵੀ ਸਿੱਖਾਂ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ।”
“ਪਰ ਸੂਬੇਦਾਰ ਸਾਹਿਬ ਜੀ, ਤਹਾਨੂੰ ਇਸ ਦੀ ਸੂਹ ਕਿੱਥੋਂ ਮਿਲੀ।” ਮਾਸਟਰ ਨੇ ਡੂੰਘੇ ਦੁੱਖ ਨਾਲ ਪੁੱਛਿਆ, “ਅਸੀ ਤਾਂ ਕਿਆਸ ਵੀ ਨਹੀ ਕਰ ਸਕਦੇ ਸਰਕਾਰ ਇਦਾਂ ਦੀਆਂ ਨੀਤੀਆਂ ਵੀ ਖੇਡ ਸਕਦੀ ਹੈ।”
“ਇਸ ਦੀ ਸੂਹ ਮੈਨੂੰ ਇਕ ਹਿੰਦੂ ਵੀਰ ਨੇ ਹੀ ਦਿੱਤੀ ਹੈ ਜੋ ਇਕ ਧਰਮੀ ਬੰਦਾ ਹੈ ਅਤੇ ਰੱਬ ਦੀ ਬੰਦਗੀ ਕਰਨ ਵਾਲਾ ਹੈ।” ਸੂਬੇਦਾਰ ਨੇ ਦੱਸਿਆ, “ਮੇਰੇ ਭਰਾਵਾਂ ਵਰਗਾ ਹੀ ਹੈ, ਉਹ ਵੀ ਇਕ ਫੌਜੀ ਹੈ, ਉਸ ਨੇ ਕਦੇ ਵੀ ਇਹ ਨਹੀ ਚਾਹਿਆ ਕਿ ਉਸ ਦੇ ਹੱਥੋਂ ਕੋਈ ਬੇਦੋਸ਼ਾ ਮਾਰਿਆ ਜਾਵੇ।”
ਗੁਰਦੁਆਰੇ ਦੇ ਭਾਈ ਜੀ ਵੀ ਕੋਲੋ ਲੰਘਦੇ ਇਹਨਾ ਕੋਲ ਖੜ੍ਹ ਗਏ ਸਨ ਅਤੇ ਇਹ ਗੱਲਾਂ ਸੁਣ ਕੇ ਕਹਿਣ ਲੱਗੇ, “ਅਜਿਹੀਆਂ ਗੱਲਾਂ ਨੇ ਤਾਂ ਸਿੱਖਾਂ ਦਾ ਜਿਊਣਾ, ਖਾਣਾ-ਪੀਣਾ ਹਰਾਮ ਕਰ ਦਿੱਤਾ ਹੈ,
ਜੇ ਜੀਵੈ ਪਤਿ ਲੱਥੀ ਜਾਇ।। ਸਭਿ ਹਰਾਮ ਜੇਤਾ ਕਿਛੁ ਖਾਇ।।
ਪਿੰਡ ਦੇ ਪੰਤਵੰਤਿਆਂ ਨੂੰ ਉਦਾਸ ਸੋਚਾਂ ਵਿਚ ਡੁੱਬੇ ਵੇਖ ਅਮਲੀ ਬੋਲਿਆ, “ਸਜਣੋ, ਚਿੰਤਾ ਨਾਂ ਕਰੋ, ਇਕ ਦਿਨ ਉਠੂ ਜ਼ਰੂਰ ਕੋਈ ਮਾਈ ਦਾ ਲਾਲ, ਜਿਹੜਾ ਬਦਲਾ ਲਵੇਗਾ। ਖੋਰੇ ਮੈਂ ਹੀ ਲੈ ਲਵਾਂ।” ਅਮਲੀ ਦੀ ਇਹ ਗੱਲ ਸੁਣ ਕੇ ਉਦਾਸ ਚਿਹਰਿਆਂ ਤੇ ਛੋਟੀ ਜਿਹੀ ਮੁਸਕ੍ਰਾਹਟ ਫੈਲ ਗਈ।
ਪਰ ਅਮਲੀ ਦੀ ਗੱਲ ਮੁਖਤਿਆਰ ਦੇ ਚਿਹਰੇ ਤੇ ਮੁਸਕਰਾਟ ਨਾਂ ਲਿਆ ਸਕੀ। ਮੰਗਲ ਸਿੰਘ ਉਦਾਸੀ ਦੀ ਪਰਤ ਫੋਲਦਾ ਹੋਇਆ ਕਹਿਣ ਲੱਗਾ, “ਮੁਖਤਿਆਰ ਸਿੰਹਾਂ, ਕੀ ਗੱਲ ਆ, ਤੂੰ ਤਾ ਡਾਢਾ ਹੀ ਉਦਾਸ ਲੱਗਦਾ ਆਂ, ਕਿਤੇ ਕੁੜੀ ਦੇ ਵਿਆਹ ਦਾ ਤਾਂ ਨਹੀਂ ਫਿਕਰ ਕਰੀ ਜਾਦਾਂ।”
“ਚਾਚਾ ਜੀ, ਵਿਆਹ ਦਾ ਤਾਂ ਜਿਹੜਾ ਫਿਕਰ ਹੋਣਾ ਹੈ, ਉਹ ਤਾਂ ਹੋਣਾ ਹੀ ਆ, ਪਰ ਲੋਕਾਂ ਦੀਆਂ ਟਿਚਰਾਂ ਵੀ ਨਹੀਂ ਸਹਿ ਹੁੰਦੀਆਂ।”
“ਹੈਂ, ਤੈਂਨੂੰ ਕੌਣ ਟਿਚਰਾਂ ਕਰਦਾ ਆ?” ਮੰਗਲ ਸਿੰਘ ਨੇ ਹੈਰਾਨੀ ਨਾਲ ਕਿਹਾ, “ਕਿਸ ਗੱਲ ਲਈ ਲੋਕ ਤੈਂਨੂੰ ਟਿਚਰਾਂ ਕਰਦੇ ਨੇ।”
“ਆ ਕੱਲ ਜਦੋਂ ਮੈਂ ਤੇ ਵਿਕਰਮ ਸ਼ਹਿਰ ਨੂੰ ਆੜਤ ਦੀ ਦੁਕਾਨ ਤੇ ਪੈਸੇ ਲੈਣ ਗਏ, ਤਾਂ ਅੱਗੇ ਤਿੰਂਨ ਚਾਰ ਲਾਲੇ ਬੈਠੇ ਨਾਲੇ ਤਾਂ ਸਿਗਰਟਾਂ ਦੇ ਕਸ਼ ਖਿੱਚੀ ਜਾਣ ਨਾਲੇ ਦੰਦੀਆਂ ਕੱਢਦੇ ਸਾਨੂੰ ਪੁੱਛਣ ਲੱਗੇ, “ਕਿਦਾਂ ਫਿਰ ਵਜ ਗਏ ਤੁਹਾਡੇ ਵੀ ਬਾਰਾਂ, ਕਿਧਰ ਗਿਆ ਤੁਹਾਡਾ ਭਿੰਡਰਾਵਾਲਾ?”
“ਬਈ ਇਹ ਤਾਂ ਗੱਲ ਗੱਲਤ ਆ।” ਮੰਗਲ ਸਿੰਘ ਨੇ ਕਿਹਾ, “ਆਂ ਤਾਂ ਜਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਕੀਤੀ ਉਹਨਾਂ।”
ਇਹ ਗੱਲ ਅਸੀ ਪਿਉ ਪੁੱਤ ਦੋਨਾਂ ਨੇ ਬਰਦਾਸ਼ਤ ਕਰ ਲਈ।” ਮੁਖਤਿਆਰ ਨੇ ਦੱਸਿਆ, “ਫਿਰ ਲੱਡੂ ਲੈ ਆਏ ਆਪ ਵੀ ਖਾਣ ਤੇ ਸਾਨੂੰ ਕਹਿਣ ਤੁਸੀਂ ਵੀ ਮੂੰਹ ਮਿਠਾ ਕਰੋ।”
“ਅਸੀ ਕਿਹਾ ਮੂੰਹ ਮਿਠਾ ਕਿਸ ਖੁਸ਼ੀ ਵਿਚ ਕਰੀਏ ਤਾਂ ਸਾਰੇ ਠਾਹਕਾ ਮਾਰ ਕੇ ਹੱਸ ਪਏ ਅਤੇ ਕਹਿਣ ਲੱਗੇ ਭਿੰਡਰਾਂ ਵਾਲੇ ਦੇ ਜਾਣ ਦੀ ਖੁਸ਼ੀ ਵਿਚ।” ਇਹ ਗੱਲ ਸੁਣ ਕੇ ਵਿਕਰਮ ਤੱਤਾ ਹੋ ਕੇ ਲੜਨ ਨੂੰ ਤਿਆਰ ਹੋ ਗਿਆ।”
“ਗੱਲ ਹੀ ਉਹਨਾਂ ਉਹ ਜਿਹੀ ਕੀਤੀ ਕਿ ਆ ਨੀਂ ਲੜਾਈਏ ਮੇਰੇ ਵਿਹੜੇ ਵਿਚ ਦੀ ਹੋ ਕੇ ਜਾਹ।” ਮਾਸਟਰ ਨੇ ਕਿਹਾ, “ਪੰਜਾਬ ਵਿਚ ਰਹਿਣ ਵਾਲੇ ਆਪਾਂ ਸਾਰੇ ਭਰਾ ਭਰਾ ਹਾਂ, ਇਕ ਦੂਜੇ ਨੂੰ ਮਿਹਣੇ ਨਹੀ ਮਾਰਨੇ ਚਾਹੀਦੇ।”
“ਪਹਿਲਾਂ ਤਾਂ ਇਹ ਗੱਲ ਆ ਕਿ ਕਿਸੇ ਦੇ ਵੀ ਮਰਨ ਦੀ ਖੁਸ਼ੀ ਨਹੀ ਕਰਨੀ ਚਾਹੀਦੀ।” ਫੌਜੀ ਨੇ ਕਿਹਾ, “ਇਕ ਦਿਨ ਤਾਂ ਸਾਰਿਆਂ ਨੇ ਹੀ ਮਰਨਾ ਹੈ, ਫੌਜ ਵਿਚ ਲੜਾਈ ਕਰਦਿਆ ਜਦੋਂ ਸਾਡੀ ਗੋਲੀ ਨਾਲ ਕੋਈ ਦੁਸ਼ਮਨ ਮਰਦਾ ਕੋਈ ਫੌਜੀ ਗਭਰੂ ਖੁਸ਼ ਹੋ ਜਾਂਦੇ ਤਾਂ ਸਾਡਾ ਉਸਤਾਦ ਝੱਟ ਉਹਨਾ ਨੂੰ ਕਹਿ ਦਿੰਦਾ “ਦੁਸ਼ਮਨ ਮਰੇ ਦੀ ਖੁਸ਼ੀ ਨਾ ਕਰੀਏ ਇਕ ਦਿਨ ਸਜਣਾ ਵੀ ਮਰ ਜਾਣਾ।”
“ਗੱਲ ਜ਼ਿਆਦਾ ਤਾਂ ਨਹੀਂ ਵੱਧ ਗਈ ਸੀ?” ਮੰਗਲ ਸਿੰਘ ਨੇ ਫਿਕਰ ਕਰਦਿਆਂ ਮੁਖਤਿਆਰ ਤੋਂ ਪੁੱਛਿਆ, “ਇਹ ਆੜਤੀਏ ਉਹ ਹੀ ਤਾਂ ਨੇ ਜਿਨਾਂ ਦੀਆਂ ਦੁਕਾਨਾਂ ਲਹਿੰਦੇ ਪਾਸੇ ਸੱਜੇ ਹੱਥ ਆ।”
“ਆਹੋ ਚਾਚਾ ਜੀ, ਉਹਨਾ ਦੀ ਹੀ ਗੱਲ ਕਰ ਰਿਹਾ ਹਾਂ।” ਮੁਖਤਿਆਰ ਨੇ ਦੱਸਿਆ, “ਗੱਲ ਤਾਂ ਵੱਧ ਹੀ ਜਾਣੀ ਸੀ ਮੈਂ ਹੀ ਪੈਸਿਆਂ ਨੂੰ ਗੋਲੀ ਮਾਰ ਕੇ ਵਿਕਰਮ ਨੂੰ ਠੰਡਾਂ ਕਰਦਾ ਦੁਕਾਨ ਵਿਚੋਂ ਖਿੱਚ ਕੇ ਲਿਅਇਆਂ।”
“ਇਸ ਤਰ੍ਹਾਂ ਦੇ ਲੋਕ ਮੂਰਖ ਹੁੰਦੇ ਨੇ ਜੋ ਮਹੌਲ ਨੂੰ ਗੰਦਗੀ ਨਾਲ ਭਰ ਦਿੰਦੇ ਨੇਂ।” ਭਾਈ ਜੀ ਨੇ ਕਿਹਾ, “ਇਸ ਤਰ੍ਹਾਂ ਦੇ ਲੋਕਾਂ ਨਾਲ ਗੱਲ ਹੀ ਨਹੀ ਕਰਨੀ ਚਾਹੀਦੀ, “ਮੂਰਖ ਨਾਲ ਨਾ ਲੂਝੀਏ।”
“ਭਾਈ ਜੀ ਇਹ ਲੋਕ ਮੂਰਖ ਨਹੀ ਹੁੰਦੇ।” ਇਕ ਨੋਜ਼ਵਾਨ ਨੇ ਕਿਹਾ ਜੋ ਮੁਖਤਿਆਰ ਦੀਆਂ ਗੱਲਾਂ ਸੁਣ ਕੇ ਤਲਖ ਹੋਗਿਆ ਸੀ।”
“ਇਹ ਬੜੇ ਚਾਲਵਾਜ ਹੁੰਦੇ ਨੇਂ।” ਇਕ ਹੋਰ ਗਭਰੂ ਨੇ ਕਿਹਾ, “ਸਾਲੇ੍ਹ, ਚਾਣਕੀਆਂ ਦੀ ਉਲਾਦ।”
“ਦੇਖੋ, ਪੁਤਰੋ।” ਮੰਗਲ ਸਿੰਘ ਨੇ ਉਹਨਾ ਨੂੰ ਸਮਝਾਉਂਦਿਆ ਕਿਹਾ, “ਇਹ ਵੇਲਾ ਸੰਭਲਣ ਦਾ ਆ, ਤਲਖੀ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀ ਹੋਣਾ, ਵਕਤ ਨਾਲ ਤੁਰਨਾ ਹੀ ਪੈਣਾਂ ਆ, ਵਕਤ ਵਿਚਾਰੇ ਸੋ ਬੰਦਾ ਹੋਇ।”
ਇਹ ਲੋਕ ਕਿੰਨਾ ਚਿਰ ਉੱਥੇ ਹੀ ਬੈਠੇ ਗੱਲਾਂ ਕਰੀ ਗਏ ਫਿਰ ਇਕ ਦੂਜੇ ਨੂੰ ਸਮਝੌਤੀਆਂ ਦਿੰਦੇ ਘਰਾਂ ਨੂੰ ਤੁਰ ਪਏ।