ਘਰ ਦੇ ਵਿਹੜੇ ਵਿਚ ਬੈਠਾ ਦਰਜ਼ੀ ਸ਼ੰਕਰ ਭਾਵੇਂ ਕੱਪੜੇ ਸਿਉਣ ਵਿਚ ਮਗਨ ਸੀ, ਪਰ ਉਸ ਦੀ ਮਸ਼ੀਨ ਦੀ ਅਵਾਜ਼ ਇਵੇ ਕੂਕ ਰਹੀ ਸੀ ਜਿਵੇ ਭਾਰਤ ਸਰਕਾਰ ਦੇ ਵੈਣ ਪਾਉਂਦੀ ਹੋਵੇ ਜਿਸ ਨੇ ਹਜ਼ਾਰਾਂ ਬੇਦੋਸ਼ਿਆਂ ਤੇ ਬੇਤਹਾਸ਼ਾ ਜ਼ੁਲਮ ਕੀਤਾ ਸੀ। ਭਾਪਾ ਜੀ ਤਾਂ ਇਸ ਖਬਰ ਨਾਲ ਮੰਜੇ ਤੇ ਹੀ ਪੈ ਗਏ ਸਨ। ਉਹਨਾ ਨੂੰ ਚੁੱਕ ਕੇ ਹੀ ਗੁਸਲਖਾਨੇ ਬਗ਼ੈਰਾ ਲਿਜਾਇਆ ਜਾਂਦਾ ਸੀ। ਗਿਆਨ ਕੌਰ ਹੋਂਸਲੇ ਵਾਲੀ ਜ਼ਨਾਨੀ ਹੋਣ ਕਾਰਨ ਅਜੇ ਵੀ ਚੜ੍ਹਦੀ ਕਲਾ ਵਿਚ ਬੋਲ ਰਹੀ ਸੀ, “ਇੰਦਰ ਸਿੰਹਾਂ, ਤਕੜਾ ਹੋ, ਇਹ ਜੋ ਕੁਝ ਸਰਕਾਰ ਨੇ ਕੀਤਾ ਹੈ, ਇਹ ਸਾਡੇ ਨਾਲੋ ਜ਼ਿਆਦਾ ਸਰਕਾਰ ਲਈ ਮਾੜਾ ਆ”
“ਆਹੋ ਬੀਬੀ, ਸਰਕਾਰ ਨੇ ਆਪਣੇ ਰਾਹ ਵਿਚ ਆਪ ਹੀ ਕੰਡੇ ਖਿਲਾਰ ਲਏ।” ਦਰਜ਼ੀ ਸ਼ੰਕਰ ਨੇ ਹਾਮੀ ਭਰੀ, “ਕਹਿੰਦੇ ਇਦਾਂ ਤਾਂ ਇਹਨਾ ਕਦੇ ਪਾਕਿਸਤਾਨ ਨਾਲ ਲੜ੍ਹਦਿਆਂ ਵੀ ਟੈਂਕ ਨਹੀ ਚਾੜੇ ਜਿਵੇ ਗੁਰਦੁਆਰਿਆਂ ਤੇ ਚਾੜੇ।”
“ਸ਼ੰਕਰਾ, ਮੈਂ ਤਾਂ ਆਪ ਕਹਿੰਦੀਆਂ, ਪਈ ਸਰਕਾਰ ਨੂੰ ਹੱਥਾਂ ਨਾਲ ਦਿੱਤੀਆਂ ਗਂੰਢਾ ਮੂੰਹ ਨਾਲ ਖੋਹਲਣੀਆਂ ਪੈਣਗੀਆ।” ਹਰਨਾਮ ਕੌਰ ਨੇ ਕਿਹਾ, “ਨਾਲੇ ਕੁੜੀ ਦੇ ਸ਼ਗਨਾ ਦੇ ਦਿਨ ਆ, ਕਾਹਨੂ ਇਦਾਂ ਦੇ ਸੋਗ ਵਾਲੇ ਮੂੰਹ ਬਣਾਉਣੇ ਆਂ, ਜੋ ਕਰਨਗੇ ਸੋ ਭਰਨਗੇ।”
ਹਰਨਾਮ ਕੌਰ ਅਜੇ ਗੱਲ ਕਰਕੇ ਹਟੀ ਹੀ ਸੀ ਕਿ ਬਾਹਰਲੇ ਗੇਟ ਤੇ ਲਾਈ ਨਵੀ ਘੰਟੀ ਵਜੀ। ਸੁਰਜੀਤ ਰਸੌਈ ਵਿਚੋਂ ਉੱਠ ਕੇ ਇਕਦਮ ਗੇਟ ਖੋਹਲ਼ਣ ਗਈ।
“ਦਿਨੇ ਨਾਂ ਗੇਟ ਦਾ ਕੁੰਡਾ ਲਾਇਆ ਕਰੋ।” ਗਿਆਨ ਕੌਰ ਨੇ ਕਿਹਾ, “ਵਸਦੇ- ਰਸਦੇ ਘਰੀਂ ਸੌ ਆਉਂਦਾ ਜਾਂਦਾ।”
ਸੁਰਜੀਤ ਨੇ ਗੇਟ ਖੋਲਿਆ ਤਾਂ ਦੇਖਿਆ ਤਾਂ ਬੁਝੇ ਜਿਹੇ ਮੂੰਹ ਨਾਲ ਮਿੰਦੀ ਨੇ ਸਤਿ ਸ੍ਰੀ ਅਕਾਲ ਬੁਲਾਈ। ਸੁਰਜੀਤ ਉਸ ਦੀ ਉਦਾਸੀ ਵਾਲੀ ਹਾਲਤ ਦੇਖ ਕੇ ਫਿਕਰੰਮਦ ਹੋਈ ਬੋਲੀ, “ਮਿੰਦੀ ਕੀ ਗੱਲ, ਸੁਖ ਤਾਂ ਹੈ।”
ਇਹ ਕਹਿੰਦੇ ਸਾਰ ਹੀ ਮਿੰਦੀ ਸੁਰਜੀਤ ਨੂੰ ਜੱਫੀ ਪਾਉਂਦੀ ਰੌਂਦੀ ਅਵਾਜ਼ ਵਿਚ ਕਹਿਣ ਲੱਗੀ, “ਕੀ ਦੱਸਾਂ ਭਾਬੀ ਸੁੱਖ ਹੈ ਜਾਂ ਨਹੀ।”
“ਐਸੀ ਕਿਹੜੀ ਗੱਲ ਹੋ ਗਈ?” ਸੁਰਜੀਤ ਨੇ ਕਿਹਾ।
“ਕੁੜੇ ਕੀ ਗੱਲ ਹੋ ਗਈ।” ਗਿਆਨ ਕੌਰ ਨੇ ਉਹਨਾ ਦੇ ਮੂੰਹਾਂ ਤੋਂ ਅੰਦਾਜ਼ਾ ਲਾਉਂਦਿਆ ਅਵਾਜ਼ ਮਾਰੀ, “ਉੱਥੇ ਖੜ੍ਹੀਆਂ ਕੀ ਗੱਲਾਂ ਕਰੀ ਜਾਨੀਆਂ, ਮਿੰਦੀ, ਆ ਜਾ ਪੁੱਤ।”
ਮਿੰਦੀ ਅਗਾਂਹ ਤਾਂ ਆ ਗਈ, ਪਰ ਉਸ ਨੂੰ ਪਤਾ ਨਾ ਲੱਗੇ ਕਿ ਉਹ ਜਿਹੜੀ ਖ਼ਬਰ ਲੈ ਕੇ ਆਈ ਹੈ, ਉਹ ਕਿਵੇਂ ਦੱਸੇ। ਉਸ ਦਾ ਉਤਰਿਆ ਮੂੰਹ ਦੇਖ ਕੇ ਗਿਆਨ ਕੌਰ ਨੇ ਕਿਹਾ, “ਸੁਰਜੀਤ ਪਹਿਲਾਂ ਇਹਨੂੰ ਪਾਣੀ-ਧਾਣੀ ਪਿਲਾ।”
“ਭੂਆ, ਮੈਂ ਠੀਕ ਆਂ,।”
“ਕਿਤੇ ਤੋਸ਼ੀ ਨੇ ਤਾਂ ਨਹੀਂ ਤੈਨੂੰ ਕੁਝ ਕਿਹਾ।” ਗਿਆਨ ਕੌਰ ਨੇ ਨਾਲ ਹੀ ਪੁੱਛਿਆ, “ਘਰ ਵਿਚ ਲੜਾਈ-ਝੜ੍ਹਾਈ ਤਾਂ ਨਹੀਂ ਹੋ ਗਈ।”
ਸੁਰਜੀਤ ਨੇ ਫਰਿੱਜ ਵਿਚੋਂ ਠੰਡਾ ਪਾਣੀ ਲਿਆ ਕੇ ਮਿੰਦੀ ਨੂੰ ਪਿਲਾਇਆ। ਆਪਣੇ ਸੁੱਕੇ ਬੁੱਲ ਪਾਣੀ ਨਾਲ ਗਿੱਲੇ ਕਰਦੀ ਮਿੰਦੀ ਅਜੇ ਵੀ ਦੁਬਿਧਾ ਵਿਚ ਸੀ ਕਿ ਉਹ ਕੀ ਦੱਸੇ। ਗਿਆਨ ਕੌਰ ਨੇ ਪੱਖੇ ਦਾ ਮੂੰਹ ਮਿੰਦੀ ਵੱਲ ਕਰਦੀ ਹੋਈ ਬੋਲੀ, “ਹੁਣ ਦੱਸ ਪੁੱਤ ਕੀ ਗੱਲ ਆ?”
ਮਿੰਦੀ ਨੇ ਪਾਣੀ ਦਾ ਗਿਲਾਸ ਥੱਲੇ ਰੱਖਦਿਆ ਅਤੇ ਅੱਖਾਂ ਦੇ ਪਾਣੀ ਨੂੰ ਚੁੰਨੀ ਨਾਲ ਪੂੰਝਦਿਆ ਕਿਹਾ, “ਭੂਆ ਜੀ, “ਬਹੁਤ ਦਿਨ ਹੋ ਗਏ ਦਿਲਪ੍ਰੀਤ ਦਾ ਕੋਈ ਥੁਹ ਪਤਾ ਨਹੀ ਲਗ ਰਿਹਾ।”
ਇਹ ਗੱਲ ਅੰਦਰੋਂ ਆਉਂਦੀ ਦੀਪੀ ਨੇ ਵੀ ਸੁਣ ਲਈ ਸੀ। ਉਹ ਬਿਨਾ ਬੋਲਿਆ ਮਿੰਦੀ ਨੂੰ ਜੱਫੀ ਪਾਉਂਦੀ ਉੱਥੇ ਹੀ ਢੇਰੀ ਜਿਹੀ ਹੋ ਗਈ ਅਤੇ ਉਸ ਨੂੰ ਲੱਗਾ ਕਿ ਉਸ ਦੇ ਦਿਲ ਦੀ ਧੜਕਨ ਹੁਣੇ ਹੀ ਰੁਕ ਜਾਵੇਗੀ। ਸੁਰਜੀਤ ਪਾਣੀ ਦਾ ਗਿਲਾਸ ਚੁੱਕਦੀ ਉੱਥੇ ਹੀ ਰੁੱਕ ਗਈ। ਸ਼ੰਕਰ ਦਰਜ਼ੀ ਦੀ ਮਸ਼ੀਂਨ ਖੜ ਗਈ। ਦੀਪੀ ਦੀਆਂ ਭੈਣਾ ਜੋ ਵਿਆਹ ਦੇ ਚਾਅ ਵਿਚ ਅੰਦਰ-ਬਾਹਰ ਖੁਸ਼ੀ ਨਾਲ ਭੱਜੀਆਂ ਕੰਮ ਕਰ ਰਹੀਆਂ ਸੀ, ਉਹਨਾ ਦੀ ਚਾਲ ਮਧਮ ਹੋ ਗਈ, ਦੀਪੀ ਦਾ ਭਰਾ ਵਿਕਰਮ ਜੋ ਅੰਦਰ ਸ਼ੀਸ਼ੇ ਅੱਗੇ ਖੜ੍ਹਾ ਪੱਗ ਬੰਨ ਰਿਹਾ ਸੀ, ਗੱਲ ਸੁਣ ਕੇ ਅੱਧੀ ਬਧੀ ਪੱਗ ਲੈ ਕੇ ਬਾਹਰ ਆ ਗਿਆ। ਸਾਰੇ ਮਿੰਦੀ ਦੇ ਮੂੰਹ ਵੱਲ ਦੇਖਣ ਲੱਗ ਪਏ।
“ਦਿਲਪ੍ਰੀਤ ਹੈ ਕਿੱਥੇ ਸੀ?” ਗਿਆਨ ਕੌਰ ਨੇ ਕਿਹਾ, “ਠਾਣੇ ਰਪਟ ਨਹੀ ਲਿਖਾਈ।”
“ਘਰ ਆਏ ਨੂੰ ਤਾਂ ਬਹੁਤ ਦਿਨ ਹੋ ਗਏ। ਸਾਡੇ ਵਲੋ ਤਾਂ ਆਪਣੀ ਡਿਊਟੀ ਤੇ ਹੀ ਗਿਆ ਸੀ ਜਿਵੇ ਪਹਿਲਾਂ ਜਾਂਦਾ ਸੀ। Çੰਮੰਦੀ ਰੌਂਦੀ ਨਂ ਦੱਸਿਆ, ” ਆਹ ਹਮਲੇ ਤੋਂ ਬਾਅਦ ਤਾਂ ਠਾਣੇ ਵਿਚ ਉਦਾਂ ਹੀ ਸਰਕਾਰ ਤੋਂ ਡਰਦੇ ਸਿੱਖਾਂ ਦੀਆਂ ਸ਼ਕਾਇਤਾਂ ਦਾ ਕੋਈ ਧਿਆਨ ਨਹੀਂ ਕਰਦੇ।”
“ਜਿਹਨਾਂ ਨਾਲ ਦਿਲਪ੍ਰੀਤ ਦਾ ਉਠਣਾ-ਬੈਠਣਾ ਸੀ, ਉਹਨਾਂ ਕੋਲੋ ਪਤਾ ਕਰਨਾ ਸੀ।” ਸੁਰਜੀਤ ਨੇ ਪਰੇਸ਼ਾਨੀ ਨਾਲ ਕਿਹਾ, “ਕਿਤੇ ਪੁਲੀਸ ਤਾਂ ਨਹੀ ਫੜ੍ਹ ਕੇ ਲੈ ਗਈ।”
“ਪੁਲੀਸ ਨੇ ਕਾਹਤੇ ਫੜ੍ਹਨਾ ਸੀ।” ਗਿਆਨ ਕੌਰ ਨੇ ਕਿਹਾ, “ਉਹ ਕਿਤੇ ਡਾਕੇ ਮਾਰਦਾ ਸੀ।”
“ਤਾਈ ਜੀ, ਪੁਲੀਸ ਵੀ ਫੜ੍ਹ ਸਕਦੀ ਹੈ।” ਦੀਪੀ ਨੇ ਭਰੀਆਂ ਅੱਖਾਂ ਨਾਲ ਅਤੇ ਆਪਣੇ ਢਿਡ ਵਿਚ ਪੈਂਦੇ ਹਉਲ ਦੀ ਗੱਠ ਨੂੰ ਘੁਟਦਿਆਂ ਕਿਹਾ, “ਮੈਂ ਪੇਪਰ ਵਿਚ ਪੜਿ੍ਹਆ ਹਮਲੇ ਤੋਂ ਬਾਅਦ ਬਹੁਤ ਸਾਰੇ ਸਿੱਖ ਪੱਤਰਕਾਰ, ਵਕੀਲ ਅਤੇ ਸਰਪੰਚ ਸਰਕਾਰ ਚੁੱਕ ਕੇ ਲੈ ਗਈ ਆ, ਜਿਹੜੇ ਘਰ ਨਹੀ ਮਿਲੇ ਉਹਨਾਂ ਦੀਆਂ ਜ਼ਨਾਨੀਆਂ ਅਤੇ ਬੱਚਿਆ ਨੂੰ ਫੜ੍ਹ ਲਿਆ ਗਿਆ ਹੈ।”
“ਪਰ ਦਿਲਪ੍ਰੀਤ ਤਾਂ ਨਾ ਕੋਈ ਸਰਪੰਚ ਸੀ ਅਤੇ ਨਾ ਵਕੀਲ।” ਮਿੰਦੀ ਨੇ ਰੋਂਦੇ ਹੋਏ ਕਿਹਾ, “ਆ ਥੋੜਾ ਚਿਰ ਤੋਂ ਅੰਮ੍ਰਿਤਸਰ ਜ਼ਰੂਰ ਜਾਣ ਲੱਗ ਪਿਆ ਸੀ।”
ਮਿੰਦੀ ਦੀ ਗੱਲ ਸੁਣ ਕੇ ਸਾਰਿਆਂ ਦੇ ਚਿਹਰੇ ਉਤਰ ਗਏ। ਸਾਰਿਆਂ ਦੇ ਹਿਰਦਿਆ ਵਿਚ ਇਕ ਹੀ ਗੱਲ ਦੀ ਸ਼ੰਕਾ ਹੋ ਗਈ ਸੀ, ਪਰ ਕਿਸੇ ਨੇ ਵੀ ਉਹ ਸ਼ੰਕਾ ਆਪਣੇ ਬੁਲਾ ਨਾਲ ਪ੍ਰਗਟ ਨਾ ਕੀਤੀ। ਮੁਖਤਿਆਰ ਨੇ ਘਰ ਅੰਦਰ ਦਾਖਲ ਹੁੰਦਿਆ ਹੀ ਸਾਰਿਆਂ ਦੇ ਚਿਹਰਿਆਂ ਨੂੰ ਪੜਿਆ ਤਾਂ ਉਸ ਦਾ ਦਿਲ ਏਨੀ ਜੋਰ ਦੀ ਧੜਕਿਆ, ਜਿਵੇਂ ਹੁਣੇ ਹੀ ਬਾਹਰ ਆ ਜਾਵੇਗਾ। ਉਸ ਨੂੰ ਦੇਖ ਕੇ ਮਿੰਦੀ ਉੱਠੀ ਅਤੇ ਭਾਅ ਕਹਿੰਦੀ ਹੋਈ ਉਸ ਦੇ ਗਲ ਨੂੰ ਚੁੰਬੜ ਗਈ। ਸਾਰਿਆਂ ਦੀਆਂ ਅੱਖਾਂ ਵਿਚੋਂ ਪਾਣੀ ਛਲਕ ਰਿਹਾ ਸੀ, ਪਰ ਜਬਾਨ ਕਿਸੇ ਦੀ ਵੀ ਨਹੀ ਸੀ ਬੋਲ ਰਹੀ।
“ਕੀ ਗੱਲ ਹੋ ਗਈ?” ਮੁਖਤਿਆਰ ਨਂ ਥੱਥਲਾਉਂਦੀ ਜਿਹੀ ਅਵਾਜ਼ ਵਿਚ ਕਿਹਾ, “ਕੁਝ ਮੈਨੂੰ ਵੀ ਦੱਸੋ?”
“ਕਾਕਾ, ਦਿਲਪ੍ਰੀਤ ਪਤਾ ਨਹੀ ਕਿੱਥੇ ਆ?” ਗਿਆਨ ਕੌਰ ਨੇ ਦੱਸਿਆ, “ਮਿੰਦੀ ਇਹ ਹੀ ਖ਼ਬਰ ਲੈ ਕੇ ਆਈ ਆ। ਦੱਸਦੀ ਆ ਕਿਤੇ ਕਿਤੇ ਅੰਮ੍ਰਿਤਸਰ ਵੀ ਚਲਾ ਜਾਂਦਾ ਸੀ।”
ਇਹ ਸੁਣ ਕੇ ਮੁਖਤਿਆਰ ਦਾ ਦਿਲ ਫਿਰ ਉਛਲਿਆ ਪਰ ਉਸ ਨੇ ਰੌਂਦੀ ਦੀਪੀ ਦੇ ਸਿਰ ਤੇ ਹੱਥ ਰੱਖਦਿਆ ਕਿਹਾ, “ਦੀਪੀ, ਪੁੱਤ ਰੋ ਨਾਂ, ਦਿਲਪ੍ਰੀਤ ਮਿਲ ਜਾਵੇਗਾ।”
“ਡੈਡੀ ਜੀ, ਮੈਨੂੰ ਵੀ ਇਹ ਹੀ ਆਸ ਹੈ।” ਦੀਪੀ ਨੇ ਆਪਣੀਆਂ ਅੱਖਾਂ ਪੂੰਝਦੇ ਕਿਹਾ, “ਇਕ ਦਿਨ ਉਹ ਜ਼ਰੂਰ ਮਿਲ ਜਾਣਗੇ।”
ਦੀਪੀ ਦੀ ਗੱਲ ਨਾਲ ਜਿਵੇਂ ਸਾਰਿਆਂ ਦੀ ਆਸ ਬੱਝ ਗਈ ਹੋਵੇ। ਇਸੇ ਆਸ ਵਿਚ ਗਿਆਨ ਕੌਰ ਨੇ ਕਿਹਾ, “ਸੁਰਜੀਤ, ਮਿੰਦੀ ਨੂੰ ਕੁਝ ਖਾਣ ਲਈ ਦੇ, ਪਰਮਾਤਮਾ ਸਭ ਭਲੀ ਕਰੇਗਾ, ਦੀਪੀ ਵਰਗੀ ਧੀ ਦੀ ਦਿੱਤੀ ਹੋਈ ਆਸ ਕਦੇ ਬਿਰਥੀ ਨਹੀਂ ਜਾਵੇਗੀ।”
ਬੇਸ਼ੱਕ ਸੁਰਜੀਤ ਦੇ ਮਨ ਤੇ ਮਣਾਮੂੰਹੀ ਫਿਕਰ ਪੈ ਗਿਆ ਸੀ, ਫਿਰ ਵੀ ਉਹ ਕਿਸੇ ਹੌਸਲੇ ਵਿਚ ਉੱਠ ਕੇ ਰਸੌਈ ਵੱਲ ਨੂੰ ਚਲੀ ਗਈ, ਪਰ ਸ਼ੰਕਰ ਦਰਜ਼ੀ ਦਾ ਦਿਲ ਕਪੜੇ ਸਿਊਣ ਨੂੰ ਨਾ ਕੀਤਾ, ਉਸ ਨੇ ਮਸ਼ੀਨ ਨੂੰ ਇਕ ਪਾਸੇ ਰੱਖਦੇ ਹੋਏ ਗਿਆਨ ਕੌਰ ਨੂੰ ਕਿਹਾ, “ਬੀਬੀ, ਮੈਂ ਮੁੜ ਕੇ ਆਉਂਦਾ ਹਾਂ, ਘਰ ਵੱਲ ਗੇੜਾ ਮਾਰ ਆਵਾਂ।”
ਹਰਨਾਮ ਕੌਰ ਜੋ ਬਹੁਤ ਚਿਰ ਤੋਂ ਇਕ ਪਾਸੇ ਪੀੜੀ ਤੇ ਬੈਠੀ ਚੁੱਪ-ਚਾਪ ਸਭ ਕੁਝ ਸੁਣ ਰਹੀ ਸੀ, ਹਾਉਕਾ ਲੈ ਕੇ ਉੱਠੀ ਅਤੇ ਉਸ ਕਮਰੇ ਵੱਲ ਨੂੰ ਤੁਰ ਪਈ, ਜਿੱਥੇ ਮੰਜੇ ਤੇ ਇੰਦਰ ਸਿੰਘ ਪਿਆ ਸੀ। ਮੁਖਤਿਆਰ ਨੇ ਉਸ ਨੂੰ ਪਿੱਛੋ ਅਵਾਜ਼ ਮਾਰੀ ਅਤੇ ਹੌਲੀ ਜਿਹੀ ਕਿਹਾ, “ਬੀਬੀ, ਭਾਪਾ ਜੀ ਨੂੰ ਅਜੇ ਕੁਝ ਨਾਂ ਦੱਸੀਂ।”
ਸੁਰਜੀਤ ਅਤੇ ਕੁੜੀਆਂ ਨੇ ਬੁੱਝੇ ਮਨ ਨਾਲ ਰੋਟੀ ਬਣਾ ਦਿੱਤੀ ਸੀ, ਪਰ ਖਾਣ ਨੂੰ ਕਿਸੇ ਦਾ ਵੀ ਦਿਲ ਨਹੀ ਸੀ ਕਰ ਰਿਹਾ। ਫਿਰ ਵੀ ਲੋੜ ਮੁਤਾਬਿਕ ਮਾੜੀ-ਮੋਟੀ ਸਾਰਿਆ ਨੇ ਖਾ ਲਈ। ਮੁਖਤਿਆਰ ਅਤੇ ਗਿਆਨ ਕੌਰ ਮਿੰਦੀ ਨੂੰ ਨਾਲ ਲੈ ਕੇ ਦਿਲਪ੍ਰੀਤ ਦੇ ਪਿੰਡ ਵੱਲ ਨੂੰ ਚਲ ਪਏ।
ਉੁਹ ਅਜੇ ਨਿਕਲੇ ਹੀ ਸਨ ਕਿ ਪਿੰਡ ਵਾਸੀ, ਦੀਪੀ ਦੇ ਘਰ ਆਉਣ ਲੱਗ ਪਏ। ਸ਼ੰਕਰ ਦਰਜ਼ੀ ਨੇ ਦਿਲਪ੍ਰੀਤ ਦੇ ਨਾਂ ਮਿਲਣ ਵਾਲੀ ਖਬਰ ਕਈਆਂ ਨੂੰ ਦੱਸ ਦਿੱਤੀ ਸੀ। ਰਤਨੀ ਗੁਆਢਣ ਆਉਂਦੇ ਹੀ ਹਰਨਾਮ ਕੌਰ ਨੂੰ ਬੋਲੀ, “ਭੈਣ, ਪਤਾ ਲੱਗਾ ਪਰਾਹੁਣਾ ਨਹੀ ਲੱਭਦਾ।”
“ਤੈਨੂੰ ਕਿਨੇ ਦੱਸਿਆ”?ਹਰਨਾਮ ਕੌਰ ਖਿੱਝ ਕੇ ਪਈ, “ਅਸੀਂ ਸ਼ਗਨ ਕਰਨ ਡਿਹੇ ਆਂ ਤੇ ਤੂੰ ਰੋਣਾ ਜਿਹਾ ਮੂੰਹ ਲੈ ਕੇ ਆ ਗਈ।”
ਸੁਰਜੀਤ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਅਸਲੀਅਤ ਛੁਪਾਈ ਨਹੀਂ ਜਾ ਸਕਦੀ। ਉਸ ਨੇ ਮਰੀ ਜਹੀ ਅਵਾਜ਼ ਨਾਲ ਕਿਹਾ, “ਚਾਚੀ ਜੀ, ਆ ਜਾਉ, ਪਤਾ ਤਾਂ ਸਾਨੂੰ ਵੀ ਇਹ ਹੀ ਲੱਗਾ ਹੈ।”
“ਧੀਏ, ਘਬਰਾ ਨਾ, ਵਾਹਿਗੁਰੁ ਕਰੇ ਜਿੱਥੇ ਵੀ ਪਰਾਹੁਣਾ ਹੋਵੇ ਠੀਕ-ਠਾਕ ਹੋਵੇ।” ਰਤਨੀ ਨੇ ਸੁਰਜੀਤ ਨੂੰ ਹੌਸਲਾ ਦਿੱਤਾ, “ਮੇਰੀ ਭੈਣ ਦੇ ਜੇਠ ਦਾ ਪੋਤਾ ਵੀ ਨਹੀ ਸੀ ਲੱਭਦਾ, ਪਰ ਹੁਣ ਪਤਾ ਲੱਗਾ ਕਿ ਉਹ ਪਾਕਿਸਤਾਨ ਵਿਚ ਆ, ਆ ਥੇਹ ਹੋਣੀ ਸਰਕਾਰ ਤੋਂ ਡਰਦਾ ਲੁਕਿਆ ਹੋਇਆ ਆ।”
ਦੀਪੀ ਸਾਰੀਆਂ ਗੱਲਾਂ ਸੁਣ ਰਹੀ ਸੀ, ਪਰ ਬੋਲ ਕੁਝ ਵੀ ਨਹੀਂ ਸੀ ਰਹੀ। ਕਦੀ ਕਦੀ ਉਸ ਦਾ ਦਿਲ ਭਰ ਆਉਂਦਾ ਅੰਦਰ ਜਾ ਕੇ ਰੋ ਆਉਂਦੀ। ਫਿਰ ਵੀ ਉਸ ਨੂੰ ਰੱਬ ਉੱਪਰ ਪੂਰਾ ਭਰੋਸਾ ਸੀ। ਜਦੋਂ ਉਸ ਦਾ ਦਿਲ ਜ਼ਿਆਦਾ ਹੀ ਗੋਤੇ ਖਾਣ ਲੱਗਦਾ ਤੇ ਉਹ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਜਾਂਦੀ ਅਤੇ ਅਰਦਾਸ ਕਰਦੀ ਕਿ ਹੇ ਵਾਹਿਗੁਰੂ ਜੀ ਦਿਲਪ੍ਰੀਤ ਨੂੰ ਤੱਤੀ ਵਾ ਵੀ ਨਾ ਲੱਗਣ ਦੇਈਂ।
ਹੱਕ ਲਈ ਲੜਿਆ ਸੱਚ – (ਭਾਗ-52)
This entry was posted in ਹੱਕ ਲਈ ਲੜਿਆ ਸੱਚ.