ਚੰਡੀਗੜ੍ਹ -ਕਾਂਗਰਸ ਦੇ ਪੰਜਾਬ ਪ੍ਰਦੇਸ ਪ੍ਰਧਾਨ ਸੁਨੀਲ ਜਾਖੜ ਨੇ ਮੋਦੀ ਤੋਂ ਮੰਗ ਕੀਤੀ ਕਿ ਉਹ ਦੇਸ਼ ਦੇ ਸਾਰੇ ਗਰੀਬਾਂ ਦੇ ਖਾਤਿਆਂ ਵਿੱਚ 10 ਹਜ਼ਾਰ ਰੁਪੈ ਪਵਾ ਕੇ ਰਾਜਧਰਮ ਦਾ ਪਾਲਣ ਕਰੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਸੱਭ ਪਰਵਾਸੀਆਂ ਨੂੰ ਮੁਫ਼ਤ ਵਿੱਚ ਟਰੇਨ ਜਾਂ ਬੱਸ ਦੇ ਸਫਰ ਦੀ ਸਹੂਲਤ ਦੇ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਘਰਾਂ ਤੱਕ ਪਹੁੰਚਾਇਆ ਜਾਵੇ।
ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਗਰੀਬ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਭੁੱਲ ਗਏ ਹਨ। ਉਨ੍ਹਾਂ ਨੇ ਗੁਰੂਗਰਾਮ ਤੋਂ ਦਰਭੰਗਾ ਤੱਕ ਸਾਈਕਲ ਤੇ ਆਪਣੇ ਪਿਤਾ ਨੂੰ ਲੈ ਕੇ ਜਾਣ ਵਾਲੀ ਲੜਕੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਜ਼ਦੂਰਾਂ ਦਾ ਦੁੱਖ ਹਰ ਕੋਈ ਵੇਖ ਰਿਹਾ ਹੈ। ਕਾਂਗਰਸ ਪਾਰਟੀ ਇਹੋ ਜਿਹੇ ਲੱਖਾਂ ਪਰਵਾਸੀਆਂ ਦੇ ਨਾਲ ਇੱਕਜੁਟਤਾ ਵਿਖਾਉਣ ਲਈ ਸਥਿਤੀ ਸਹੀ ਹੋਣ ਤੇ ਗੁਰੂਗਰਾਮ ਤੋਂ ਦਰਭੰਗਾ ਤੱਕ ਪਦਯਾਤਰਾ ਕਰੇਗੀ। ਜੋਤੀ ਦਾ ਏਨੀ ਲੰਬੀ ਦੂਰੀ ਤੱਕ ਸਾਈਕਲ ਚਲਾ ਕੇ ਜਾਣਾ ਦੇਸ਼ ਦੇ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ।
ਉਨ੍ਹਾਂ ਨੇ ਕਿਹਾ ਕਿ ਪਰਵਾਸੀਆਂ ਨੂੰ ਆਪਣੇ ਗ੍ਰਹਿ ਰਾਜਾਂ ਵਿੱਚ ਪਰਤਣ ਤੋਂ ਰੋਕਣ ਲਈ ਉਨ੍ਹਾਂ ਤੇ ਜੋ ਅੱਤਿਆਚਾਰ ਯੋਗੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਇੱਕ ਸਭਿਆ ਸਮਾਜ ਵਿੱਚ ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਾਖੜ ਨੇ ਕਿਹਾ ਕਿ ਕਿਸਾਨਾਂ ਦਾ ਤਿੰਨ ਲੱਖ ਕਰੋੜ ਦਾ ਕਰਜ਼ਾ ਵੀ ਕੇਂਦਰ ਸਰਕਾਰ ਨੂੰ ਮੁਆਫ਼ ਕਰਨਾ ਚਾਹੀਦਾ ਹੈ।