ਮਹਿਤਾ ਚੌਕ/ ਮੁੰਬਈ : ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ, ਅਬਿਚਲ ਨਗਰ , ਨੰਦੇੜ ਸਾਹਿਬ ਦੀ ਲੰਗਰ ਸੇਵਾ ਲਈ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ 500 ਕਵਿੰਟਲ ਕਣਕ ਅਤੇ ਹੋਰ ਰਸਦ ਭੇਟਾ ਕੀਤੀ ਗਈ। ਜਿਸ ਨੂੰ ਤਖਤ ਸਾਹਿਬ ਦੇ ਮੀਤ ਜਥੇਦਾਰ ਭਾਈ ਜੋਤ ਇੰਦਰ ਸਿੰਘ ਵੱਲੋਂ ਅਰਦਾਸ ਉਪਰੰਤ ਸਵੀਕਾਰ ਕੀਤਾ ਗਿਆ। ਦਮਦਮੀ ਟਕਸਾਲ ਵੱਲੋਂ ਭੇਟਾ ਕੀਤੀ ਗਈ ਰਸਦ ਦੀਆਂ ਗੱਡੀਆਂ ਦੇ ਕਾਫ਼ਲੇ ਦੀ ਅਗਵਾਈ ਕਰਨ ਵਾਲੇ ਸੁਪਰੀਮ ਕੌਂਸਲ ਨਵੀਂ ਮੁੰਬਈ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਸਿੱਧੂ ਤੇ ਟੀਮ ਦਾ ਤਖਤ ਸਾਹਿਬ ਵਿਖੇ ਮੀਤ ਜਥੇਦਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ, ਤਖਤ ਸਾਹਿਬ ਕਮੇਟੀ ਦੇ ਚੇਅਰਮੈਨ ਸ੍ਰ: ਭੁਪਿੰਦਰ ਸਿੰਘ ਮਿਨਹਾਸ ਨੇ ਤਖਤ ਸਾਹਿਬ ਦੀ ਲੰਗਰ ਸੇਵਾ ਵਿਚ ਯੋਗਦਾਨ ਪਾਉਣ ਦੇ ਵਿਸ਼ੇਸ਼ ਉਪਰਾਲੇ ਲਈ ਖ਼ੁਸ਼ੀ ਦਾ ਇਜ਼ਹਾਰ ਕੀਤਾ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦਾ ਧੰਨਵਾਦ ਕੀਤਾ। ਤਖਤ ਸਾਹਿਬ ਕਮੇਟੀ ਦੇ ਮੈਂਬਰ ਅਤੇ ਨੰਦੇੜ ਸਾਹਿਬ ਦੇ ਸਾਬਕਾ ਮੇਅਰ ਸ: ਸੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਦੌਰਾਨ ਪੰਜਾਬ ਤੋਂ ਪਹਿਲੀ ਵਾਰ ਇਨੀ ਵੱਡੀ ਪੱਧਰ ਉੱਤੇ ਸੰਗਤ ਲਈ ਕਣਕ ਤੇ ਲੰਗਰ ਰਸਦ ਪਾਹੁੰਚਾ ਕੇ ਦਮਦਮੀ ਟਕਸਾਲ ਵੱਲੋਂ ਮਨੁੱਖਤਾ ਦੀ ਵੱਡੀ ਸੇਵਾ ਕੀਤੀ ਗਈ ਹੈ। ਜਿਸ ਨਾਲ ਭਵਿੱਖ ਦੌਰਾਨ ਲੋੜਵੰਦ ਪਰਿਵਾਰਾਂ ਤੇ ਸੰਗਤ ਪ੍ਰਤੀ ਨਿਰਵਿਘਨ ਲੰਗਰ ਸੇਵਾ ਕੀਤੀ ਜਾਵੇਗੀ।
ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਪਣੇ ਸੰਦੇਸ਼ ਵਿਚ ਕਹਾ ਕਿ ਗੁਰੂ ਕਾ ਲੰਗਰ ਸੰਗਤ ਦੇ ਸਹਿਯੋਗ ਨਾਲ ਹੀ ਚੱਲਦਾ ਆਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਉੱਤੇ ਚੱਲਦਿਆਂ ਕਰੋਨਾ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੌਰਾਨ ਸਿੱਖ ਭਾਈਚਾਰੇ ਵੱਲੋਂ ਕੁਲ ਲੋਕਾਈ ਤੇ ਮਨੁੱਖਤਾ ਦੀ ਲੰਗਰ ਸੇਵਾ ਰਾਹੀਂ ਅਹਿਮ ਯੋਗਦਾਨ ਨੂੰ ਕੁਲ ਦੁਨੀਆਂ ਵਿਚ ਸਲਾਹਿਆ ਜਾ ਰਿਹਾ ਹੈ। ਉਨ੍ਹਾਂ ਗੁਰੂਘਰਾਂ ਨੂੰ ਮਨੁੱਖਤਾ ਦੀ ਸੇਵਾ ਦੇ ਹੋਰ ਸਮਰੱਥ ਬਣਾਉਣ ਲਈ ਸੰਗਤ ਨੂੰ ਆਪਣਾ ਦਸਵੰਧ ਗੁਰਧਾਮਾਂ ਨੂੰ ਦੇਣ ਦੀ ਵੀ ਅਪੀਲ ਕੀਤੀ ਹੈ। ਇਸ ਮੌਕੇ ਸੁਪਰਡੈਂਟ ਗੁਰਵਿੰਦਰ ਸਿੰਘ ਵਧਵਾ ਤੋਂ ਇਲਾਵਾ ਜਸਪਾਲ ਸਿੰਘ ਸਿੱਧੂ ਨਾਲ ਚਰਨਜੀਤ ਸਿੰਘ ਹੈਪੀ, ਹੀਰਾ ਸਿੰਘ ਪੱਡਾ, ਹਰਵਿੰਦਰ ਸਿੰਘ ਬੇਲਾਪੁਰ, ਦਵਿੰਦਰ ਸਿੰਘ ਖਾਰਗੜ ਅਤੇ ਬਲਦੇਵ ਸਿੰਘ ਬੇਲਾਪੁਰ ਮੌਜੂਦ ਸਨ।