ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਿੱਚ ਲਾਪ੍ਰਵਾਹੀ ਅਤੇ ਲਾਸ਼ਾਂ ਨਾਲ ਹੋ ਰਹੇ ਮਾੜੇ ਵਤੀਰੇ ਦੀ ਸਖਤ ਆਲੋਚਨਾ ਕੀਤੀ ਹੈ। ਅਦਾਲਤ ਨੇ ਦਿੱਲੀ ਸਰਕਾਰ ਦੀ ਚੰਗੀ ਝਾੜਝੰਭ ਕਰਦੇ ਹੋਏ ਕਿਹਾ, ‘ ਜੇ ਲਾਸ਼ਾਂ ਕੂੜੇ ਦੇ ਢੇਰ ਵਿੱਚੋਂ ਮਿਲ ਰਹੀਆਂ ਹਨ ਤਾਂ ਇਨਸਾਨਾਂ ਦੇ ਨਾਲ ਤਾਂ ਜਾਨਵਰਾਂ ਤੋਂ ਵੀ ਭੈੜਾ ਸਲੂਕ ਕੀਤਾ ਜਾ ਰਿਹਾ ਹੈ।’ ਇਸ ਮਾਮਲੇ ਤੇ ਅਗਲੀ ਸੁਣਵਾਈ 17 ਜੂਨ ਨੂੰ ਹੋਵੇਗੀ। ਅਦਾਲਤ ਨੇ ਕੋਰੋਨਾ ਨੂੰ ਲੈ ਕੇ ਦਿੱਲੀ ਸਰਕਾਰ ਦੇ ਨਾਲ ਹੀ ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਮਹਾਂਰਾਸ਼ਟਰ ਦੀਆਂ ਸਰਕਾਰਾਂ ਦੀ ਵੀ ਖਿਚਾਈ ਕੀਤੀ।
ਅਦਾਲਤ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਸਬੰਧੀ ਚਿੰਤਾ ਜਾਹਿਰ ਕਰਦੇ ਹੋਏ ਕਿਹਾ, ‘ਟੈਸਟਾਂ ਦੀ ਸੰਖਿਆ ਵੀ ਘੱਟ ਕਰ ਦਿੱਤੀ ਗਈ ਹੈ। ਦਿੱਲੀ ਵਿੱਚ ਟੈਸਟ ਬਹੁਤ ਘੱਟ ਹੋ ਰਹੇ ਹਨ।ਮੀਡੀਆ ਦੀਆਂ ਰਿਪੋਰਟਾਂ ਤੋਂ ਸਾਨੂੰ ਮਰੀਜ਼ਾਂ ਦੀ ਦੁਰਗਤੀ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਨੂੰ ਲਾਸ਼ਾਂ ਦੇ ਨਾਲ ਰਹਿਣਾ ਪੈ ਰਿਹਾ ਹੈ। ਆਕਸੀਜਨ ਵਰਗੀ ਸਹੂਲਤ ਵੀ ਨਹੀਂ ਮਿਲ ਰਹੀ। ਲੋਕ ਮਰੀਜ਼ਾਂ ਨੂੰ ਲੈ ਕੇ ਏਧਰ-Eਧਰ ਦੌੜ ਰਹੇ ਹਨ, ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਬੈਡ ਖਾਲੀ ਹਨ।’ ਦਿੱਲੀ ਵਿੱਚ ਮੁੰਬਈ ਅਤੇ ਚੇਨਈ ਤੋਂ ਘੱਟ ਟੈਸਟ ਹੋ ਰਹੇ ਹਨ। ਲੋਕਾਂ ਦੀ ਹਾਲਤ ਤਰਸਯੋਗ ਹੈ।
ਕੋਰਟ ਅਨੁਸਾਰ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਲਾਸ਼ਾਂ ਦੀ ਉਚਿਤ ਦੇਖਭਾਲ ਨਹੀਂ ਕੀਤੀ ਜਾ ਰਹੀ। ਪਰਿਵਾਰ ਵਾਲਿਆਂ ਨੂੰ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਕਈ ਕੇਸਾਂ ਵਿੱਚ ਤਾਂ ਪਰਿਵਾਰ ਵਾਲੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਿਲ ਨਹੀਂ ਹੋ ਸਕੇ।