ਫ਼ਤਹਿਗੜ੍ਹ ਸਾਹਿਬ – “ਜਦੋਂ ਸਿੱਖ ਕੌਮ ਵਰਗੀ ਬਹਾਦਰ ਅਤੇ ਹਰ ਵੱਡੇ ਤੋਂ ਵੱਡੇ ਸੰਕਟ ਦਾ ਖਿੜੇ ਮੱਥੇ ਮੁਕਾਬਲਾ ਕਰਦੇ ਹੋਏ ਫ਼ਤਹਿ ਪ੍ਰਾਪਤ ਕਰਨ ਵਾਲੀ ਕੌਮ ਨੂੰ ਬੀਤੇ ਸਮੇਂ ਦੇ ਹੁਕਮਰਾਨਾਂ ਨੇ ਖੁਦ ਜੰਗਲ, ਬੰਜਰ ਪਈਆ ਜ਼ਮੀਨਾਂ ਦਾ, ਗੁਜਰਾਤ ਦੀਆਂ ਸਰਹੱਦਾਂ ਉਤੇ ਮੁਲਕ ਦੀ ਰਾਖੀ ਕਰਨ ਦੀ ਸੋਚ ਅਧੀਨ ਕਾਨੂੰਨੀ ਤੌਰ ਤੇ ਮਾਲਕ ਬਣਾਕੇ ਵਸਾਇਆ ਹੈ, ਜਿਨ੍ਹਾਂ ਜ਼ਮੀਨਾਂ ਨੂੰ ਬਹੁਤ ਹੀ ਮੁਸ਼ਕਿਲ ਨਾਲ ਮੁਸੱਕਤ, ਮਿਹਨਤ ਕਰਕੇ ਉਪਜਾਊ ਬਣਾਇਆ, ਦੇਸ਼ ਦੇ ਅੰਨ ਭੰਡਾਰ ਵਿਚ ਵਾਧਾ ਕੀਤਾ ਹੈ ਅਤੇ ਜਿਨ੍ਹਾਂ ਜ਼ਮੀਨਾਂ ਦੀ ਬਦੌਲਤ ਇਹ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਪਰਿਵਾਰਾਂ ਦੀ ਮਾਲੀ, ਸਮਾਜਿਕ ਹਾਲਤ ਬਿਹਤਰ ਬਣੀ ਹੈ ਅਤੇ ਉਹ ਸਰਹੱਦਾਂ ਤੇ ਦੁਸ਼ਮਣਾਂ ਦਾ ਟਾਕਰਾਂ ਕਰਦੇ ਆ ਰਹੇ ਹਨ, ਇਹ ਸਿੱਖ ਕੁਰਬਾਨੀਆਂ ਕਰਦੇ ਆ ਰਹੇ ਹਨ । ਸਰਹੱਦਾਂ ਉਤੇ ਮੋਹਰਲੀਆਂ ਕਤਾਰਾਂ ਵਿਚ ਖਲੋਣ ਵਾਲੇ ਇਨ੍ਹਾਂ ਸਿੱਖਾਂ ਨੂੰ ਮੁਤੱਸਵੀ ਸੋਚ ਅਧੀਨ ਉਨ੍ਹਾਂ ਦੀ ਮਰਜੀ ਤੋਂ ਬਗੈਰ ਉਨ੍ਹਾਂ ਦੀਆਂ ਜ਼ਮੀਨਾਂ ਤੇ ਹਕੂਮਤੀ ਪੱਧਰ ਤੇ ਕਬਜੇ ਕਰਨ ਦੇ ਅਮਲ ਜਿਥੇ ਗੈਰ-ਕਾਨੂੰਨੀ ਹਨ, ਉਥੇ ਸਿੱਖ ਕੌਮ ਲਈ ਅਸਹਿ ਤੇ ਦੁੱਖਦਾਇਕ ਹਨ । ਜੋ ਸਿੱਖ ਕੌਮ ਨਾਲ ਹੋ ਰਹੀਆ ਜਿਆਦਤੀਆਂ ਵਿਚ ਵਾਧਾ ਕਰਨ ਵਾਲੇ ਹਨ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਪੀ ਵਿਚ ਮੁਤੱਸਵੀ ਅਦਿਤਿਆਨਾਥ ਯੋਗੀ ਵੱਲੋਂ ਰਾਮਪੁਰ, ਲਖਮੀਰਪੁਰ, ਬਜਨੌਰ ਅਤੇ 15 ਹੋਰ ਪਿੰਡਾਂ ਦੀਆਂ ਜ਼ਮੀਨਾਂ ਵਿਚ ਖੜ੍ਹੀਆਂ ਫ਼ਸਲਾਂ ਨੂੰ ਤਬਾਹ ਕਰਕੇ ਜ਼ਬਰੀ ਕਬਜੇ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਵੱਲੋਂ ਅਰਾਜਕਤਾ ਫੈਲਾਉਣ ਦਾ ਦੋਸ਼ ਲਗਾਉਣ ਦੇ ਨਾਲ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੋਂ ਦਾ ਵਿਧਾਨ ਹਰ ਨਾਗਰਿਕ ਨੂੰ ਆਜ਼ਾਦੀ ਨਾਲ ਕਿਸੇ ਵੀ ਸਥਾਂਨ ਤੇ ਜ਼ਮੀਨ-ਜ਼ਾਇਦਾਦ ਖਰੀਦਣ, ਉਥੇ ਬਿਨ੍ਹਾਂ ਕਿਸੇ ਡਰ-ਭੈ ਦੇ ਵਸੋਂ ਕਰਨ ਅਤੇ ਆਪਣੀ ਜਿੰਦਗੀ ਬਸਰ ਕਰਨ ਦੇ ਖੁੱਲ੍ਹਕੇ ਅਧਿਕਾਰ ਦਿੰਦਾ ਹੈ । ਫਿਰ ਹਕੂਮਤੀ ਸਾਜ਼ਿਸਾਂ ਅਧੀਨ ਪੰਜਾਬ ਸੂਬੇ ਵਿਚ ਪ੍ਰਵਾਸੀਆਂ ਨੂੰ ਜ਼ਮੀਨਾਂ, ਪਲਾਟ, ਘਰ ਦੇ ਕੇ ਰਾਸ਼ਨ ਕਾਰਡ ਅਤੇ ਵੋਟਰ ਸੂਚੀਆਂ ਵਿਚ ਨਾਮ ਦਰਜ ਕਰਕੇ ਪੰਜਾਬ ਦੇ ਪੰਜਾਬੀਆਂ ਅਤੇ ਸਿੱਖ ਵਸੋਂ ਦੇ ਸੰਤੁਲਨ ਨੂੰ ਵਿਗਾੜਨ ਦੇ ਅਮਲ ਲੰਮੇਂ ਸਮੇਂ ਤੋਂ ਕੀਤੇ ਜਾਂਦੇ ਆ ਰਹੇ ਹਨ । ਪਰ ਕਿਸੇ ਵੀ ਬੀਜੇਪੀ-ਆਰ.ਐਸ.ਐਸ, ਕਾਂਗਰਸੀਆਂ ਅਤੇ ਬਾਦਲ ਦਲੀਆਂ ਨੇ ਇਸ ਮੰਦਭਾਵਨਾ ਭਰੀ ਸਾਜ਼ਿਸ ਦਾ ਵਿਰੋਧ ਨਹੀਂ ਕੀਤਾ । ਬਲਕਿ ਉਨ੍ਹਾਂ ਨੂੰ ਇਥੋਂ ਦੇ ਪੰਜਾਬ ਦੇ ਪੱਕੇ ਬਸਿੰਦੇ ਬਣਾਇਆ ਜਾ ਰਿਹਾ ਹੈ । ਪਰ ਜਿਨ੍ਹਾਂ ਜੰਗਲਾਂ ਦੀ ਬੰਜਰ ਪਈ ਜ਼ਮੀਨ ਨੂੰ ਉਪਜਾਊ ਬਣਾਇਆ ਅਤੇ ਸਰਹੱਦਾਂ ਤੇ ਹਿੱਕ ਡਾਹਕੇ ਦੁਸ਼ਮਣ ਤੋਂ ਰਾਖੀ ਕੀਤੀ, ਕੁਰਬਾਨੀਆਂ ਕੀਤੀਆ ਅਤੇ ਜੋ 50-50 ਸਾਲਾਂ ਤੋਂ ਆਪਣੀਆ ਮਲਕੀਅਤ ਜ਼ਮੀਨਾਂ ਉਤੇ ਕਾਬਜ ਹਨ ਅਤੇ ਆਪਣੇ ਪਰਿਵਾਰਾਂ ਦਾ ਗੁਜਾਰਾ ਕਰ ਰਹੇ ਹਨ, ਉਨ੍ਹਾਂ ਨੂੰ 2013 ਵਿਚ ਗੁਜਰਾਤ ਵਿਚ 60 ਹਜ਼ਾਰ ਸਿੱਖ ਪਰਿਵਾਰਾਂ ਨੂੰ ਮੋਦੀ ਦੇ ਮੁੱਖ ਮੰਤਰੀ ਹੁੰਦਿਆ ਹੋਇਆ, ਉਜਾੜਿਆ ਗਿਆ । ਫਿਰ ਮੱਧ ਪ੍ਰਦੇਸ਼ ਹਕੂਮਤ ਨੇ ਵੀ ਅਜਿਹਾ ਕੀਤਾ ਅਤੇ ਹੁਣ ਯੂਪੀ ਦੀ ਯੋਗੀ ਹਕੂਮਤ ਵੱਲੋਂ ਮੰਦਭਾਵਨਾ ਅਧੀਨ ਸਿੱਖਾਂ ਦੀਆਂ ਜ਼ਮੀਨਾਂ ਖੋਹਕੇ ਉਨ੍ਹਾਂ ਨੂੰ ਬੇਜ਼ਮੀਨੇ ਅਤੇ ਬੇਘਰ ਕੀਤਾ ਜਾ ਰਿਹਾ ਹੈ । ਜੋ ਕਾਨੂੰਨੀ ਅਤੇ ਸਮਾਜਿਕ ਤੌਰ ਤੇ ਵੀ ਘੋਰ ਵੱਡਾ ਵਿਤਕਰਾ ਹੈ । ਅਜਿਹੀ ਕਾਰਵਾਈ ਹੁਕਮਰਾਨ ਕਿਹੜੇ ਵਿਧਾਨ, ਕਿਹੜੇ ਕਾਨੂੰਨ ਅਨੁਸਾਰ ਕਰ ਰਹੇ ਹਨ ? ਉਨ੍ਹਾਂ ਅਜਿਹੇ ਅਮਲਾਂ ਨੂੰ ਸਿੱਖ ਕੌਮ ਉਤੇ ਵੱਡਾ ਹਮਲਾ ਕਰਾਰ ਦਿੰਦੇ ਹੋਏ ਜਿਥੇ ਇਸ ਨੂੰ ਚੁਣੋਤੀ ਵੱਜੋਂ ਲੈਦੇ ਹੋਏ ਹੁਕਮਰਾਨਾਂ ਨੂੰ ਖ਼ਬਰਦਾਰ ਕੀਤਾ ਕਿ ਅਜਿਹੀਆ ਸਿੱਖ ਵਿਰੋਧੀ ਕਾਰਵਾਈਆ ਤੁਰੰਤ ਬੰਦ ਕਰਨ, ਵਰਨਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਸ ਵਿਰੁੱਧ ਵੱਡੀ ਲਹਿਰ ਖੜ੍ਹੀ ਕਰਨ ਲਈ ਮਜਬੂਰ ਹੋਵੇਗੀ । ਜਿਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨ ਜ਼ਿੰਮੇਵਾਰ ਹੋਣਗੇ ।
ਸ. ਮਾਨ ਨੇ ਸਬੰਧਤ ਯੂਪੀ ਦੇ ਪੀੜ੍ਹਤ ਪਰਿਵਾਰਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਆਪਣੇ-ਆਪ ਨੂੰ ਬਿਲਕੁਲ ਵੀ ਇਕੱਲਾ ਮਹਿਸੂਸ ਨਾ ਕਰਨ ਕਿਉਂਕਿ ਹਰ ਖ਼ਾਲਿਸਤਾਨੀ ਅਤੇ ਹਰ ਸਿੱਖ ਉਨ੍ਹਾਂ ਦੇ ਦਰਦ ਵਿਚ ਉਨ੍ਹਾਂ ਦੇ ਨਾਲ ਹਿੱਕ ਡਾਹਕੇ ਖੜ੍ਹਾ ਹੈ । ਜਦੋਂ ਉਹ ਆਵਾਜ਼ ਮਾਰਨਗੇ, ਸਮੁੱਚਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਪੀ ਵੱਲ ਕੂਚ ਕਰ ਦੇਵੇਗਾ ਅਤੇ ਉਨ੍ਹਾਂ ਨਾਲ ਇਸ ਤਰ੍ਹਾਂ ਕੋਈ ਵੀ ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਅਮਲ ਨਹੀਂ ਹੋਣ ਦਿੱਤਾ ਜਾਵੇਗਾ । ਸ. ਮਾਨ ਨੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆ ਉਤੇ ਖਟਾਸ ਕਰਦੇ ਹੋਏ ਕਿਹਾ ਕਿ ਸਿੱਖਾਂ ਦੇ ਖੈਰ-ਗਵਾਹ ਬਣੇ ਇਹ ਬਾਦਲ ਪਰਿਵਾਰ ਇਸ ਅਤਿ ਗੰਭੀਰ ਮਾਮਲੇ ਤੇ ਆਪਣੀ ਭਾਈਵਾਲ ਬੀਜੇਪੀ-ਆਰ.ਐਸ.ਐਸ. ਨੂੰ ਸਖਤੀ ਨਾਲ ਤਾੜਨਾ ਕਰਨ ਦੀ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਹੇ ਹਨ ? ਸਿੱਖ ਕੌਮ ਇਸਦਾ ਜੁਆਬ ਮੰਗਦੀ ਹੈ ।
ਸ. ਮਾਨ ਨੇ ਇਹ ਵੀ ਕਿਹਾ ਕਿ ਜਦੋਂ ਸਿੱਖ ਕੌਮ ਬਿਨ੍ਹਾਂ ਕਿਸੇ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਸਮਾਜਿਕ ਵਖਰੇਵੇ ਤੋਂ ਦੂਰ ਰਹਿੰਦੇ ਹੋਏ ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਹੈ ਅਤੇ ਹਰ ਦੀਨ-ਦੁੱਖੀ, ਲੋੜਵੰਦ ਦੀ ਮਦਦ ਕਰਨਾ ਆਪਣਾ ਪਰਮ-ਧਰਮ ਫਰਜ ਸਮਝਦੀ ਹੈ, ਤਾਂ ਰਵਨੀਤ ਸਿੰਘ ਬਿੱਟੂ ਵਰਗੇ ਕਾਂਗਰਸੀ ਅਤੇ ਫਿਰਕੂ ਲੋਕ ਪੰਜਾਬ ਦੇ ਹਿੰਦੂਆਂ ਦੀ ਗੱਲ ਨੂੰ ਗੈਰ-ਦਲੀਲ ਢੰਗ ਨਾਲ ਉਭਾਰਕੇ ਸਿੱਖਾਂ-ਹਿੰਦੂਆਂ ਵਿਚ ਪਾੜਾ ਖੜ੍ਹਾ ਕਰਨ ਅਤੇ ਉਨ੍ਹਾਂ ਵਿਚ ਨਫ਼ਰਤ ਪੈਦਾ ਕਰਨ ਦੇ ਅਮਲ ਕਿਸ ਸਾਜ਼ਿਸ ਅਧੀਨ ਕੀਤੇ ਜਾ ਰਹੇ ਹਨ ? ਜਦੋਂਕਿ ਇਨ੍ਹਾਂ ਦੀ ਮਰਹੂਮ ਸਿੱਖ ਕੌਮ ਦੀ ਕਾਤਲ ਇੰਦਰਾ ਗਾਂਧੀ ਅਤੇ ਰਵਨੀਤ ਸਿੰਘ ਬਿੱਟੂ ਦੇ ਦਾਦਾ ਬੇਅੰਤ ਸਿੰਘ ਸਿੱਖ ਕੌਮ ਦੇ ਖੂਨ ਨਾਲ ਹੋਲੀ ਖੇਡਦੇ ਰਹੇ ਹਨ । ਪੰਜਾਬ-ਪੰਜਾਬੀਆਂ ਅਤੇ ਸਿੱਖ ਕੌਮ ਉਤੇ ਜੁਬਰ-ਜੁਲਮ ਕਰਦੇ ਰਹੇ ਹਨ । ਇਹ ਕਾਂਗਰਸੀ ਹੁਣ ਹਿੰਦੂ-ਸਿੱਖਾਂ ਦਾ ਵਿਵਾਦ ਖੜ੍ਹਾ ਕਰਕੇ ਕੇਵਲ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨਾ ਲੋੜਦੇ ਹਨ । ਇਨ੍ਹਾਂ ਨੂੰ ਇਨਸਾਨੀ ਕਦਰਾ-ਕੀਮਤਾ ਦੇ ਘਾਣ ਕਰਨ ਅਤੇ ਫਿਰ ਤੋਂ ਪੰਜਾਬ ਵਿਚ ਮਨੁੱਖਤਾ ਵਿਰੋਧੀ ਖੇਡ-ਖੇਡਣ ਦੀ ਅਸੀਂ ਬਿਲਕੁਲ ਇਜਾਜਤ ਨਹੀਂ ਦੇਵਾਂਗੇ ਅਤੇ ਨਾ ਹੀ ਇਨ੍ਹਾਂ ਦੀਆਂ ਸਾਜ਼ਿਸਾਂ ਨੂੰ ਕਾਮਯਾਬ ਹੋਣ ਦੇਵਾਂਗੇ ।